ਬਿਹਾਰ ਦੇ ਇੱਕ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

TeamGlobalPunjab
2 Min Read

ਪਟਨਾ : ਬਿਹਾਰ ਦੇ ਪਿਛੜਾ ਅਤੇ ਅਤਿ ਕਲਿਆਣ ਮੰਤਰੀ ਵਿਨੋਦ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨੂੰ ਕਿ ਕਟਿਹਾਰ ਵਿਖੇ ਕੁਆਰੰਟਾਈਨ ਕੀਤਾ ਗਿਆ ਹੈ। 2 ਦਿਨ ਪਹਿਲਾ ਹੀ ਉਕਤ ਮੰਤਰੀ ਨੇ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ ਸੀ। ਕਟਿਹਾਰ ਦੇ ਜ਼ਿਲ੍ਹਾ ਅਧਿਕਾਰੀ ਕੰਵਲ ਤਨੁਜ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਅੱਜ (ਐਤਵਾਰ) ਨੂੰ ਦੱਸਿਆ ਕਿ ਮੰਤਰੀ ਵਿਨੋਦ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਨੂੰ ਨਿੱਜੀ ਹੋਟਲ ‘ਚ ਅਲੱਗ ਤੋਂ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

ਸਿਹਤ ਵਿਭਾਗ ਵੱਲੋਂ ਮੰਤਰੀ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਵਿਨੋਟ ਕੁਮਾਰ ਸਿੰਘ ਨਿਤੀਸ਼ ਕੁਮਾਰ ਮੰਤਰੀ ਮੰਡਲ ਦੇ ਪਹਿਲੇ ਮੰਤਰੀ ਹਨ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਭਾਜਪਾ ਦੇ ਵਿਧਾਇਕ ਜਿਬੇਸ਼ ਕੁਮਾਰ ਮਿਸ਼ਰਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਇਲਾਵਾ ਰਾਜਦ ਪਾਰਟੀ ਦੇ ਸਾਬਕਾ ਰਾਸ਼ਟਰੀ ਉਪ-ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ‘ਚ ਵੀ ਕੋਰੋਨਾ ਦੇ ਲੱਛਣ ਮਿਲੇ ਸਨ।

ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਸੂਬੇ ‘ਚ ਕੋਰੋਨਾ ਦੇ ਹੁਣ ਤੱਕ 8,900 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 60 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦ ਕਿ 6 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਦੇਸ਼ ਪੱਧਰ ‘ਤੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5 ਲੱਖ 29 ਹਜ਼ਾਰ ਤੱਕ ਪਹੁੰਚ ਗਈ ਹੈ ਅਤੇ 16 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

Share this Article
Leave a comment