ਨਵੇਂ ਫੇਰਬਦਲ ਤੋਂ ਪਹਿਲਾਂ 6 ਮੰਤਰੀਆਂ ਦਾ ਅਸਤੀਫ਼ਾ
ਨਵੀਂ ਦਿੱਲੀ : ਮੋਦੀ ਸਰਕਾਰ ਦੀ ਦੂਜੀ ਪਾਰੀ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਨਰਿੰਦਰ ਮੋਦੀ ਮੰਤਰੀ ਮੰਡਲ ਦੇ ਨਵੇਂ ਮੰਤਰੀ ਅੱਜ ਸ਼ਾਮ 6 ਵਜੇ ਸਹੁੰ ਚੁੱਕਣਗੇ। ਬਹੁਤ ਸਾਰੇ ਨੌਜਵਾਨ ਚਿਹਰੇ ਨਵੀਂ ਕੈਬਨਿਟ ਵਿਚ ਮੌਕਾ ਲੈ ਸਕਦੇ ਹਨ, ਨਾਲ ਹੀ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਨੂੰ ਕੈਬਨਿਟ ਵਿਸਥਾਰ ਵਿੱਚ ਜ਼ਿਆਦਾ ਮਹੱਤਵ ਮਿਲ ਸਕਦਾ ਹੈ।
ਮੰਤਰੀ ਮੰਡਲ ਵਿਸਥਾਰ ਵਿੱਚ 43 ਨਵੇਂ ਕੇਂਦਰੀ ਮੰਤਰੀ ਸਹੁੰ ਚੁੱਕਣਗੇ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ 35 ਮੰਤਰੀ ਸ਼ਾਮਲ ਕੀਤੇ ਜਾਣਗੇ ਪਰ ਹੁਣ ਇਹ ਗਿਣਤੀ ਵਧ ਚੁੱਕੀ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿਸਥਾਰ ਦੀ ਖ਼ਾਸ ਗੱਲ ਇਹ ਕਿ ਇਸ ਵਿੱਚ 13 ਇੰਜੀਨੀਅਰ, 5 ਡਾਕਟਰਾਂ ਨੂੰ ਮੰਤਰੀ ਬਣਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ 11 ਔਰਤਾਂ ਨੂੰ ਮੋਦੀ ਦੀ ਨਵੀਂ ਟੀਮ ਵਿਚ ਮੌਕਾ ਮਿਲ ਸਕਦਾ ਹੈ। ਮੰਤਰੀ ਮੰਡਲ ਵਿਚ ਚਾਰ ਸਾਬਕਾ ਮੁੱਖ ਮੰਤਰੀ ਸ਼ਾਮਲ ਹੋਣਗੇ।
ਫੇਰਬਦਲ ਤੋਂ ਪਹਿਲਾਂ 6 ਮੰਤਰੀਆਂ ਦਾ ਅਸਤੀਫਾ
ਕੈਬਨਿਟ ਵਿਸਥਾਰ ਦੀਆਂ ਖ਼ਬਰਾਂ ਵਿਚਕਾਰ ਹੁਣ 6 ਮੌਜੂਦਾ ਮੰਤਰੀਆਂ ਦੇ ਅਸਤੀਫ਼ਿਆਂ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ, ਮਹਿਲਾ ਬਾਲ ਵਿਕਾਸ ਮੰਤਰੀ ਦੇਬਾਸ਼੍ਰੀ ਚੌਧਰੀ, ਖਾਦ ਤੇ ਰਸਾਇਨ ਮੰਤਰੀ ਸਦਾਨੰਦ ਗੌੜਾ ਵੱਲੋਂ ਵੀ ਅਸਤੀਫ਼ਾ ਦੇਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਸ਼ੰਕ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਸਿੱਖਿਆ ਰਾਜ ਮੰਤਰੀ ਸੰਜੇ ਧੋਤਰਾ ਦਾ ਅਸਤੀਫਾ ਲਿਆ ਗਿਆ ਹੈ। ਹਰਿਆਣਾ ਦੇ ਅੰਬਾਲਾ ਤੋਂ ਚੌਥੀ ਵਾਰ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਤੋਂ ਵੀ ਅਸਤੀਫਾ ਲਿਆ ਗਿਆ ਹੈ।
ਕਾਂਗਰਸ ਦਾ ਇਲਜ਼ਾਮ-ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਹੋ ਰਿਹਾ ਹੈ ਕੈਬਨਿਟ ਦਾ ਵਿਸਥਾਰ
ਮੰਤਰੀ ਮੰਡਲ ਵਿੱਚ ਇਸ ਫੇਰਬਦਲ ‘ਤੇ ਕਾਂਗਰਸ ਨੇ ਇਤਰਾਜ਼ ਜਤਾਇਆ ਹੈ। ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੇ ਮੋਦੀ ਦੇ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਕਿਹਾ ਕਿ ਉਹ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਭ ਕੁਝ ਕਰ ਰਹੇ ਹਨ। ਇਹ ਵੀ ਵੇਖਣਾ ਹੋਵੇਗਾ ਕਿ ਉਹ ਦੱਬੇ ਕੁਚਲੇ ਲੋਕਾਂ, ਦੱਬੇ-ਕੁਚਲੇ ਵਰਗਾਂ, ਅਛੂਤਾਂ ਅਤੇ ਪੱਛੜੇ ਲੋਕਾਂ ਨੂੰ ਕੀ ਚੰਗਾ ਪੋਰਟਫੋਲੀਓ ਦੇਣ ਜਾ ਰਹੇ ਹਨ। ਕਈ ਵਾਰ ਉਹ ਲੋਕਾਂ ਨੂੰ ਦਿਖਾਉਣ ਲਈ ਅਜਿਹੀਆਂ ਚੀਜ਼ਾਂ ਕਰਦੇ ਹਨ। ਉਹ ਇਹ 2 ਸਾਲ ਪਹਿਲਾਂ ਵੀ ਕਰ ਸਕਦੇ ਸੀ ।