ਕਿਸਾਨਾਂ ਦੀ ਇਫਕੋ ਤੇ ਸਰਕਾਰ ਨੂੰ ਚਿਤਾਵਨੀ, ਉਤਪਾਦਾਂ ਦੀਆਂ ਕੀਮਤਾਂ ਘੱਟ ਨਾਂ ਕੀਤੀਆਂ ਤਾਂ ਅੰਦੋਲਨ ਹੋਵੇਗਾ ਤੇਜ਼

TeamGlobalPunjab
3 Min Read

ਨਵੀਂ ਦਿੱਲੀ:  ਫਸਲਾਂ ਦੇ ਵਾਜਬ ਭਾਅ ਅਤੇ ਵਧ ਰਹੇ ਖਰਚਿਆਂ ਦੇ ਮੁੱਦਿਆਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।  ਦੇਸ਼ ਭਰ ਦੇ ਕਿਸਾਨਾਂ ਦੀ ਫਸਲ ਐਮਐਸਪੀ ‘ਤੇ ਨਹੀਂ ਖਰੀਦੀ ਜਾ ਰਹੀ, ਦੂਜਾ ਖੇਤੀ ਦੀ ਲਾਗਤ ਲਗਾਤਾਰ ਵਧ ਰਹੀ ਹੈ, ਜਿਸ ਕਰਕੇ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਇਫਕੋ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਡੀਏਪੀ ਖ਼ਾਦ ਦੀ ਬੋਰੀ ਹੁਣ 1200 ਦੀ ਥਾਂ 1990 ਰੁਪਏ ‘ਚ ਉਪਲਬਧ ਹੋਵੇਗੀ। ਇਸੇ ਤਰ੍ਹਾਂ ਨਰਮੇ ਦੇ ਬੀਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਕੇਂਦਰ-ਸਰਕਾਰ ਵੱਲੋਂ ਕਿਸਾਨੀ ਪ੍ਰਤੀ ਅਖ਼ਤਿਆਰ ਕੀਤਾ ਰੁਖ਼ ਨਿੰਦਣਯੋਗ ਹੈ।

ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਇਸ ਕਦਮ ਦੀ ਸਖਤ ਨਿੰਦਾ ਅਤੇ ਵਿਰੋਧ ਕਰਦਾ ਹੈ। ਆਉਣ ਵਾਲੇ ਸਮੇਂ ਵਿਚ ਕਿਸਾਨ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਦੀ ਮੰਗ ਕਰਨ ਦੇ ਨਾਲ ਨਾਲ ਇਹਨਾਂ ਹੋਰਨਾਂ ਮੰਗਾਂ’ ਤੇ ਵੀ ਸੰਘਰਸ਼ ਤੇਜ਼ ਕਰਨਗੇ।
ਸੰਯੁਕਤ ਕਿਸਾਨ ਮੋਰਚਾ ਨੇ ਇਫਕੋ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਾਰੇ ਉਤਪਾਦਾਂ ਦੀਆਂ ਕੀਮਤਾਂ ਜਲਦੀ ਤੋਂ ਜਲਦੀ ਨਾ ਘੱਟ ਕੀਤੀਆਂ ਗਈਆਂ ਤਾਂ ਅੰਦੋਲਨ ਤੇਜ਼ ਹੋ ਜਾਵੇਗਾ।

ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ-ਹਰਿਆਣਾ ਦੇ ਸੱਦੇ ‘ਤੇ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਏਆਈਕੇਕੇਐਮਐਸ ਅਤੇ ਆਲ ਇੰਡੀਆ ਡੈਮੋਕਰੇਟਿਕ ਯੂਥ ਆਰਗੇਨਾਈਜੇਸ਼ਨ ਦੇ ਕਾਰਕੁੰਨਾਂ ਨੇ ਸਥਾਨਕ ਰੇਵਾੜੀ ਬਾਈਪਾਸ’ ਤੇ ਅਤੇ ਮਟਾਨਾਹਾਲ, ਦੁਜਾਨਾ ਅਤੇ ਅੱਚਜ ‘ਚ ਹਰਿਆਣਾ ਸਰਕਾਰ ਦੇ ਪ੍ਰਦਰਸ਼ਨਾਂ ਸਬੰਧੀ ਲੋਕ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ।
ਕਿਸਾਨਾਂ ਨੇ ਕਿਹਾ ਕਿ ਇਹ ਕਾਨੂੰਨ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਦੇਸ਼ ਦਾ ਕੋਈ ਵੀ ਵਿਅਕਤੀ ਸਰਕਾਰ ਵਿਰੁੱਧ ਆਵਾਜ਼ ਨਾ ਉਠਾਏ, ਇਹ ਲੋਕਤੰਤਰ ਦੀ ਹੱਤਿਆ ਦੀ ਕੋਸ਼ਿਸ਼ ਹੈ, ਜੋ ਸਫਲ ਨਹੀਂ ਹੋਵੇਗੀ।

ਹਰਿਆਣਾ ਦੇ ਨੌਜਵਾਨ ਕਿਸਾਨ ਆਗੂ ਰਵੀ ਆਜ਼ਾਦ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਹਰਿਆਣਾ ਸਰਕਾਰ ਦਾ ਇਹ ਰੁਖ਼ ਬਣ ਗਿਆ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਅਧਿਕਾਰਾਂ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰ ਲੋਕਾਂ ਰੋਹ ਤੋਂ ਬਾਅਦ ਉਨ੍ਹਾਂ ਨੂੰ ਛੱਡਣਾ ਪਿਆ। ਮੋਰਚੇ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਤੁਰੰਤ ਬੰਦ ਕੀਤਾ ਜਾਵੇਗਾ ਨਹੀਂ ਤਾਂ ਕਿਸਾਨਾਂ ਦਾ ਅੰਦੋਲਨ ਹੋਰ ਵਿਸ਼ਾਲ ਹੋ ਜਾਵੇਗਾ।

- Advertisement -

10 ਅਪ੍ਰੈਲ ਨੂੰ ਕੇਐਮਪੀ ਹਾਈਵੇ 24 ਘੰਟੇ ਲਈ ਬੰਦ ਰਹੇਗਾ, ਇਸ ਦੇ ਸੰਬੰਧ ਵਿਚ ਸਾਰੇ ਕਿਸਾਨ ਮੋਰਚਿਆਂ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਕਦੇ ਵੀ ਨਾਗਰਿਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ, ਪਰ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਤੋਂ ਭਰੋਸਾ ਦਿਵਾਉਂਦੇ ਹਾਂ ਕਿ ਕੇਐਮਪੀ ਬੰਦ ਦੌਰਾਨ ਆਮ ਨਾਗਰਿਕਾਂ ਨਾਲ ਚੰਗਾ ਵਰਤਾਓ ਕੀਤਾ ਜਾਵੇਗਾ ਅਤੇ ਇਹ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ। ਇਸ ਦੇ ਨਾਲ ਹੀ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਨਦਾਤਾ ਦੇ ਸਨਮਾਨ ਵਿੱਚ ਇਸ ਪ੍ਰੋਗਰਾਮ ਵਿੱਚ ਸਹਿਯੋਗ ਕਰਨ।

Share this Article
Leave a comment