ਨਿਊਜ਼ ਡੈਸਕ: ਸੋਮਵਾਰ ਨੂੰ ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਤੋਂ 233 ਕਿਲੋਮੀਟਰ ਉੱਤਰ ਵਿੱਚ ਸੀ। ਦਿੱਲੀ ਦੇ ਨਾਲ-ਨਾਲ ਨੋਇਡਾ ਅਤੇ ਗਾਜ਼ੀਆਬਾਦ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ‘ਚ ਹੈ ਅਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.6 ਮਾਪੀ ਗਈ ਹੈ।
ਐਨਸੀਐਸ ਮੁਤਾਬਕ ਭੂਚਾਲ ਦਾ ਕੇਂਦਰ ਨੇਪਾਲ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ ਅਤੇ ਇਹ ਭਾਰਤੀ ਸਮੇਂ ਅਨੁਸਾਰ ਸ਼ਾਮ 4.16 ਵਜੇ ਆਇਆ। ਤਿੰਨ ਦਿਨਾਂ ਵਿੱਚ ਇਹ ਤੀਜੀ ਵਾਰ ਹੈ ਅਤੇ ਪਿਛਲੇ ਇੱਕ ਮਹੀਨੇ ਵਿੱਚ ਪੰਜਵੀਂ ਵਾਰ ਹੈ, ਜਦੋਂ ਨੇਪਾਲ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੇ ਫਰਨੀਚਰ ਦੇ ਜ਼ੋਰਦਾਰ ਹਿੱਲਣ ਦੀ ਰਿਪੋਰਟ ਕੀਤੀ। ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਆਪਣੇ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਦੇ ਵਿਜ਼ੂਅਲ ਸਾਂਝੇ ਕੀਤੇ।
ਨੇਪਾਲ ‘ਚ 3 ਨਵੰਬਰ ਦੀ ਰਾਤ ਨੂੰ ਆਏ 6.4 ਤੀਬਰਤਾ ਵਾਲੇ ਭੂਚਾਲ ‘ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 165 ਤੋਂ ਵੱਧ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਭੂਚਾਲ ਨੇ ਨੇਪਾਲ ਦੇ ਜਾਜਰਕੋਟ ਅਤੇ ਰੁਕਮ ਪੱਛਮੀ ਜ਼ਿਲਿਆਂ ‘ਚ ਭਾਰੀ ਤਬਾਹੀ ਮਚਾਈ ਹੈ ਅਤੇ ਕਰੀਬ ਅੱਠ ਹਜ਼ਾਰ ਘਰ ਨੁਕਸਾਨੇ ਗਏ ਹਨ, ਜਿਨ੍ਹਾਂ ‘ਚ ਸਰਕਾਰੀ ਅਤੇ ਨਿੱਜੀ ਘਰ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।