ਨੇਪਾਲ: ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਕਾਰਨ ਪੈਦਾ ਹੋਏ ਬਾਲਣ ਸੰਕਟ ਦੇ ਵਿਚਕਾਰ ਨੇਪਾਲ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਨੇਪਾਲ ਵਿੱਚ ਦੋ ਦਿਨਾਂ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਕੂਲ, ਕਾਲਜ ਅਤੇ ਦਫ਼ਤਰ ਐਤਵਾਰ ਦੇ ਨਾਲ-ਨਾਲ ਸ਼ਨੀਵਾਰ ਨੂੰ ਵੀ ਬੰਦ ਰਹਿਣਗੇ। ਹਾਲ ਹੀ ਵਿੱਚ ਚੁਣੇ ਗਏ ਪ੍ਰਧਾਨ ਮੰਤਰੀ ਬਲੇਨ ਸ਼ਾਹ ਨੇ ਕੈਬਨਿਟ ਮੀਟਿੰਗ ਦੌਰਾਨ ਇਹ ਫੈਸਲਾ ਲਿਆ।
ਸਰਕਾਰੀ ਬੁਲਾਰੇ ਸਸਮਿਤ ਪੋਖਰੇਲ ਨੇ ਕਿਹਾ ਕਿ ਸਰਕਾਰੀ ਦਫ਼ਤਰ ਅਤੇ ਸਾਰੇ ਵਿਦਿਅਕ ਅਦਾਰੇ ਪੈਟਰੋਲੀਅਮ ਸਪਲਾਈ ਵਿੱਚ ਮਦਦ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇੱਕ ਨਵੇਂ ਵੀਕਐਂਡ ਸ਼ਡਿਊਲ ਦੀ ਪਾਲਣਾ ਕਰਨਗੇ। ਪੋਖਰੇਲ ਨੇ ਕਿਹਾ ਕਿ ਪੈਟਰੋਲੀਅਮ ਸਪਲਾਈ ਵਿੱਚ ਚੱਲ ਰਹੇ ਵਿਘਨ ਕਾਰਨ ਦਫ਼ਤਰਾਂ ਅਤੇ ਸਕੂਲਾਂ ਦੀ ਦੋ ਦਿਨਾਂ ਦੀ ਛੁਟੀ ਰਿਹਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਦਫ਼ਤਰ ਹੁਣ ਹਫ਼ਤੇ ਦੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।
ਨਾਲ ਹੀ ਮੰਤਰੀ ਮੰਡਲ ਨੇ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਦੀ ਸਹੂਲਤ ਲਈ ਜ਼ਰੂਰੀ ਕਾਨੂੰਨੀ ਢਾਂਚਾ ਬਣਾਉਣ ਦਾ ਵੀ ਫੈਸਲਾ ਕੀਤਾ। ਇੱਕ ਬੁਲਾਰੇ ਦੇ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਮੱਧ ਪੂਰਬ ਵਿੱਚ ਵਧਦੇ ਸੰਘਰਸ਼ ਕਾਰਨ ਬਾਲਣ ਦੀ ਸਪਲਾਈ ਲਗਾਤਾਰ ਅਨਿਸ਼ਚਿਤ ਹੁੰਦੀ ਜਾ ਰਹੀ ਹੈ । ਸਰਕਾਰ ਦਾ ਮੰਨਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਨੂੰ ਉਤਸ਼ਾਹਿਤ ਕਰਨ ਨਾਲ ਸੰਭਾਵੀ ਬਾਲਣ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਦੇਸ਼ ਦੇ ਹਰੀ ਆਵਾਜਾਈ ਵਿੱਚ ਤਬਦੀਲੀ ਦਾ ਸਮਰਥਨ ਵੀ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਟਕਰਾਅ ਨੇ ਵਿਸ਼ਵਵਿਆਪੀ ਪੈਟਰੋਲੀਅਮ ਸਪਲਾਈ ਵਿੱਚ ਵਿਘਨ ਪਾਇਆ ਹੈ, ਜਿਸ ਕਾਰਨ ਨੇਪਾਲ ਵਿੱਚ ਬਾਲਣ ਦੀ ਕਮੀ ਅਤੇ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਨੇਪਾਲ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਸਰਕਾਰੀ ਮਾਲਕੀ ਵਾਲੀ ਨੇਪਾਲ ਆਇਲ ਕਾਰਪੋਰੇਸ਼ਨ (ਐਨਓਸੀ) ਦੁਆਰਾ ਹਾਲ ਹੀ ਵਿੱਚ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕਾਠਮੰਡੂ ਘਾਟੀ ਵਿੱਚ ਪੈਟਰੋਲ ਦੀ ਕੀਮਤ 202 ਨੇਪਾਲੀ ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਡੀਜ਼ਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵੀ 182 ਨੇਪਾਲੀ ਰੁਪਏ ਪ੍ਰਤੀ ਲੀਟਰ ਤੱਕ ਵੱਧ ਗਈਆਂ ਹਨ।

