ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ NEET-UG 2026 ਇੱਕ ਵਾਰ ਫਿਰ ਵਿਵਾਦਾਂ ’ਚ ਆ ਗਈ ਹੈ। ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਇਸ ਮਾਮਲੇ ਵਿੱਚ Central Bureau of Investigation (CBI) ਨੇ ਐਸਾ ਖੁਲਾਸਾ ਕੀਤਾ ਹੈ ਜਿਸ ਨਾਲ ਪੂਰਾ ਸਿੱਖਿਆ ਤੰਤਰ ਹਿਲ ਗਿਆ ਹੈ। ਜਾਂਚ ਏਜੰਸੀ ਨੇ ਪੂਨੇ ਦੀ ਇੱਕ ਸੀਨੀਅਰ ਬੋਟਨੀ ਅਧਿਆਪਕਾ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੂੰ ਬਾਇਓਲੋਜੀ ਪ੍ਰਸ਼ਨ ਪੱਤਰ ਲੀਕ ਦਾ ਮੁੱਖ ਸਾਜ਼ਿਸ਼ਕਾਰ ਮੰਨਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਖੁਦ NTA ਵੱਲੋਂ ਨਿਯੁਕਤ ਐਕਸਪਰਟ ਸੀ ਅਤੇ ਉਸਦੇ ਕੋਲ ਪੇਪਰਾਂ ਤੱਕ ਸਿੱਧੀ ਪਹੁੰਚ ਸੀ।
‘ਸੀਕਰਟ ਕਲਾਸਾਂ’ ਰਾਹੀਂ ਲੀਕ ਹੋਏ ਸਵਾਲ
CBI ਦੇ ਅਨੁਸਾਰ, ਮਨੀਸ਼ਾ ਮੰਧਾਰੇ ਪ੍ਰੀਖਿਆ ਪ੍ਰਕਿਰਿਆ ਦਾ ਅਹਿਮ ਹਿੱਸਾ ਸੀ ਅਤੇ ਉਸਨੂੰ ਬੋਟਨੀ ਅਤੇ ਜੂਲੌਜੀ ਦੇ ਪ੍ਰਸ਼ਨ ਪੱਤਰਾਂ ਤੱਕ ਖਾਸ ਪਹੁੰਚ ਮਿਲੀ ਹੋਈ ਸੀ। ਦੋਸ਼ ਹੈ ਕਿ ਉਸਨੇ ਆਪਣੀ ਜ਼ਿੰਮੇਵਾਰੀ ਦਾ ਗਲਤ ਫਾਇਦਾ ਚੁੱਕਦਿਆਂ ਪ੍ਰੀਖਿਆ ਤੋਂ ਪਹਿਲਾਂ ਚੋਣਵੇਂ ਸਵਾਲ ਬਾਹਰ ਪਹੁੰਚਾਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸਨੇ ਇੱਕ ਨੈੱਟਵਰਕ ਬਣਾਇਆ ਹੋਇਆ ਸੀ, ਜਿਸ ਰਾਹੀਂ ਗੁਪਤ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾਂਦੀ ਸੀ। ਅਪ੍ਰੈਲ 2026 ਵਿੱਚ ਪੂਨੇ ਵਿੱਚ ਕੁਝ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਉਸਨੇ ਆਪਣੇ ਘਰ ’ਚ ਖਾਸ ਕਲਾਸਾਂ ਲਗਾਈਆਂ। ਇਨ੍ਹਾਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਮਹੱਤਵਪੂਰਨ ਸਵਾਲ ਸਮਝਾਏ ਗਏ, ਨੋਟ ਕਰਵਾਏ ਗਏ ਅਤੇ ਕਿਤਾਬਾਂ ਵਿੱਚ ਨਿਸ਼ਾਨ ਲਗਵਾਏ ਗਏ। ਬਾਅਦ ਵਿੱਚ ਇਹੀ ਸਵਾਲ 3 ਮਈ ਨੂੰ ਹੋਈ ਅਸਲ ਪ੍ਰੀਖਿਆ ਵਿੱਚ ਆ ਗਏ।
ਛਾਪੇਮਾਰੀ ’ਚ ਮਿਲੇ ਸਬੂਤ, ਕਈ ਗ੍ਰਿਫ਼ਤਾਰੀਆਂ
ਪਿਛਲੇ 24 ਘੰਟਿਆਂ ਦੌਰਾਨ CBI ਨੇ ਦੇਸ਼ ਦੇ 6 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਦੌਰਾਨ ਲੈਪਟਾਪ, ਮੋਬਾਈਲ ਫੋਨ, ਬੈਂਕ ਸਟੇਟਮੈਂਟ ਅਤੇ ਹੋਰ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਹੁਣ ਏਜੰਸੀ ਡਿਜ਼ਿਟਲ ਡਾਟਾ ਅਤੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਪੇਪਰ ਲੀਕ ਦੇ ਬਦਲੇ ਕਿੰਨੀ ਰਕਮ ਲਈ ਗਈ ਅਤੇ ਇਸ ਜਾਲ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।
ਇਸ ਮਾਮਲੇ ਵਿੱਚ ਹੁਣ ਤੱਕ ਦਿੱਲੀ, ਜੈਪੁਰ, ਗੁਰੁਗ੍ਰਾਮ, ਨਾਸਿਕ, ਪੂਨੇ ਅਤੇ ਅਹਲਿਆਨਗਰ ਤੋਂ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 5 ਨੂੰ ਅਦਾਲਤ ਨੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ, ਜਦਕਿ ਹੋਰਾਂ ਤੋਂ ਪੁੱਛਗਿੱਛ ਜਾਰੀ ਹੈ।

