ਨਵੀ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ NEET-UG 2026 ਨੂੰ ਲੈ ਕੇ ਕੇਂਦਰ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਦੀ ਚੂਕ ਨਹੀਂ ਚਾਹੁੰਦੀ। ਪੇਪਰ ਲੀਕ ਅਤੇ ਗੜਬੜੀਆਂ ਦੇ ਦੋਸ਼ਾਂ ਤੋਂ ਬਾਅਦ ਰੱਦ ਹੋਈ ਪ੍ਰੀਖਿਆ ਦੇ ਦੁਬਾਰਾ ਆਯੋਜਨ ਲਈ ਸਰਕਾਰ ਨੇ ਅਜਿਹਾ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ, ਜੋ ਪਹਿਲਾਂ ਕਦੇ ਕਿਸੇ ਰਾਸ਼ਟਰੀ ਪ੍ਰੀਖਿਆ ਵਿੱਚ ਨਹੀਂ ਦੇਖਿਆ ਗਿਆ। 21 ਜੂਨ ਨੂੰ ਹੋਣ ਵਾਲੀ ਰੀ-ਐਗਜ਼ਾਮ ਪ੍ਰਕਿਰਿਆ ਵਿੱਚ ਸੈਨਾ ਦੀ ਮਦਦ ਲੈਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਪੇਪਰ ਲੀਕ ਵਿਵਾਦ ਦੇ ਵਿਚਕਾਰ 21 ਜੂਨ ਨੂੰ ਹੋਣ ਵਾਲੇ ਰੀ-ਟੈਸਟ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ‘ਤੇ ਹਾਈ-ਲੈਵਲਬੈਠਕ ਹੋਈ। ਇਸ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ, ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਸ਼ਾਮਲ ਹੋਏ।
ਪ੍ਰਧਾਨ ਨੇ ਯੂਪੀਐਸਸੀ ਦੀ ਤਰਜ਼ ‘ਤੇ ਨੀਟ ਪੇਪਰ ਲਈ ਸੈਨਾ ਅਤੇ ਹਵਾਈ ਫ਼ੌਜ ਦੀ ਮਦਦ ਮੰਗੀ। ਇਸ ਦੇ ਲਈ ਰੱਖਿਆ ਮੰਤਰਾਲਾ ਰਾਜ਼ੀ ਹੋ ਗਿਆ ਹੈ। ਬੈਠਕ ਵਿੱਚ ਤੈਅ ਹੋਇਆ ਕਿ ਹੁਣ ਪੇਪਰ ਸੈੱਟ ਕਰਨ, ਪ੍ਰਿੰਟਿੰਗ, ਟ੍ਰਾਂਸਪੋਰਟੇਸ਼ਨ ਤੋਂ ਲੈ ਕੇ ਪ੍ਰੀਖਿਆ ਕੇਂਦਰਾਂ ਤੱਕ ਪੇਪਰ ਪਹੁੰਚਣ ਦਾ ਪੂਰਾ ਕੰਮ ਕਈ ਪੱਧਰਾਂ ਦੀ ਨਿਗਰਾਨੀ ਹੇਠ ਹੋਵੇਗਾ।
ਬੈਠਕ ਤੋਂ ਬਾਅਦ ਪ੍ਰਧਾਨ ਨੇ ਦੱਸਿਆ ਕਿ ਰੀ-ਐਗਜ਼ਾਮ ਦੇ ਪੇਪਰਾਂ ਨੂੰ ਪਹੁੰਚਾਉਣ ਵਿੱਚ ਹਵਾਈ ਸੈਨਾ ਮਦਦ ਕਰੇਗੀ। ਇਸ ਤੋਂ ਇਲਾਵਾ NTA ਨੇ ਫੀਸ ਰਿਫੰਡ ਲਈ ਬੈਂਕ ਖਾਤੇ ਦੇ ਵੇਰਵੇ ਦੇਣ ਦੀ ਆਖਰੀ ਮਿਤੀ ਵਧਾ ਕੇ 22 ਜੂਨ ਦੀ ਰਾਤ ਤੱਕ ਕਰ ਦਿੱਤੀ ਹੈ। ਪਹਿਲਾਂ ਇਹ ਆਖਰੀ ਮਿਤੀ 27 ਮਈ ਸੀ।
ਦੱਸ ਦਈਏ ਕਿ NEET-UG ਦੇਸ਼ ਦੀ ਸਭ ਤੋਂ ਵੱਡੀ ਔਫਲਾਈਨ ਪ੍ਰੀਖਿਆ ਮੰਨੀ ਜਾਂਦੀ ਹੈ, ਜਿਸ ਵਿੱਚ ਇਸ ਵਾਰ ਕਰੀਬ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸ਼ਾਮਲ ਹੋਣਾ ਹੈ। ਇੰਨੇ ਵੱਡੇ ਪੱਧਰ ‘ਤੇ ਪ੍ਰੀਖਿਆ ਦੁਬਾਰਾ ਆਯੋਜਿਤ ਕਰਨਾ ਸਰਕਾਰ ਅਤੇ NTA ਦੋਵਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

