ਪੰਜਾਬ ਦੇ ਵਿਨਾਸ਼ਕਾਰੀ ਹੜ੍ਹਾਂ ਦੀ ਕੇਸ ਸਟੱਡੀ NCERT ਦੀ ਕਿਤਾਬ ‘ਚ ਕੀਤੀ ਗਈ ਸ਼ਾਮਲ

Global Team
3 Min Read

ਚੰਡੀਗੜ੍ਹ: ਪੰਜਾਬ ਵਿੱਚ ਸਾਲ 2025 ਦੌਰਾਨ ਆਏ ਵਿਨਾਸ਼ਕਾਰੀ ਹੜ੍ਹਾਂ ਨੂੰ ਹੁਣ ਸਿੱਖਿਆ ਨਾਲ ਜੋੜਿਆ ਗਿਆ ਹੈ। ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ ਆਪਣੀ 9ਵੀਂ ਜਮਾਤ ਦੀ ਨਵੀਂ ਸੋਸ਼ਲ ਸਾਇੰਸ ਦੀ ਪਾਠ ਪੁਸਤਕ ਵਿੱਚ ਇਸ ਘਟਨਾ ਨੂੰ ਕੇਸ ਸਟੱਡੀ ਵਜੋਂ ਸ਼ਾਮਲ ਕੀਤਾ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਅਸਲ ਘਟਨਾਵਾਂ ਰਾਹੀਂ ਕੁਦਰਤੀ ਆਫ਼ਤਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਾ ਹੈ।

ਇਹ ਜਾਣਕਾਰੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਕਿਤਾਬ Understanding Society: India and Beyond Grade 9 Part 1 ਵਿੱਚ ਸ਼ਾਮਲ ਕੀਤੀ ਗਈ ਹੈ। ਕਿਤਾਬ ਵਿੱਚ ਆਫ਼ਤਾਂ ਨਾਲ ਸੰਬੰਧਤ ਵਿਸ਼ੇਸ਼ ਭਾਗ ਨੂੰ ਵਰਕਸ਼ੀਟ ਅਧਾਰਤ ਮਾਡਲ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਆਪਣੇ ਤਜ਼ਰਬਿਆਂ ਅਤੇ ਖੋਜ ਦੇ ਆਧਾਰ ‘ਤੇ ਜਾਣਕਾਰੀ ਇਕੱਠੀ ਕਰ ਸਕਣ ਅਤੇ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣ।

ਕਿਤਾਬ ਦੇ ਵੇਰਵੇ ਅਨੁਸਾਰ, 2025 ਦੇ ਮਾਨਸੂਨ ਮੌਸਮ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਸਮਰੱਥਾ ਤੋਂ ਵੱਧ ਭਰ ਜਾਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਸੀ। ਇਸ ਕੁਦਰਤੀ ਆਫ਼ਤ ਨੇ ਸੂਬੇ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਪਿੰਡਾਂ, ਖੇਤੀਬਾੜੀ ਜ਼ਮੀਨਾਂ, ਰਹਾਇਸ਼ੀ ਇਲਾਕਿਆਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ।

ਕੇਸ ਸਟੱਡੀ ਵਿੱਚ ਹੜ੍ਹਾਂ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਵੀ ਦਰਸਾਇਆ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਤੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਵੱਡੇ ਪੱਧਰ ‘ਤੇ ਖੇਤੀਬਾੜੀ ਜ਼ਮੀਨ ਪਾਣੀ ਹੇਠ ਆ ਗਈ, ਜਿਸ ਨਾਲ ਝੋਨੇ ਸਮੇਤ ਕਈ ਫਸਲਾਂ ਪ੍ਰਭਾਵਿਤ ਹੋਈਆਂ।

ਇਸ ਤੋਂ ਇਲਾਵਾ, ਪਸ਼ੂ ਪਾਲਣ ਅਤੇ ਡੇਅਰੀ ਖੇਤਰ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਿਆ। ਪੋਲਟਰੀ ਫਾਰਮ ਪ੍ਰਭਾਵਿਤ ਹੋਏ ਅਤੇ ਕਈ ਗਾਵਾਂ, ਮੱਝਾਂ ਅਤੇ ਮੁਰਗੀਆਂ ਦੀ ਮੌਤ ਜਾਂ ਬਿਮਾਰੀ ਦੇ ਮਾਮਲੇ ਸਾਹਮਣੇ ਆਏ। ਹੜ੍ਹਾਂ ਕਾਰਨ ਸੜਕਾਂ, ਪੁਲਾਂ, ਸਰਹੱਦੀ ਸੁਰੱਖਿਆ ਵਾੜਾਂ ਅਤੇ ਕਈ ਜਨਤਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਹ ਕੇਸ ਸਟੱਡੀ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਦੇ ਅਸਲ ਪ੍ਰਭਾਵ ਸਮਝਣ ਵਿੱਚ ਮਦਦ ਕਰੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment