ਚੰਡੀਗੜ੍ਹ : ਇੰਝ ਲਗਦਾ ਹੈ ਜਿਵੇਂ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਨਾ ਮਿਲਣ ‘ਤੇ ਭੜਕ ਉੱਠੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਜਾਜ਼ਤ ਲੈਣ ਲਈ ਅੱਜ ਸਿੱਧੂ ਵੱਲੋਂ ਤੀਜੀ ਚਿੱਠੀ ਲਿਖੀ ਗਈ ਹੈ।
ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਪਹਿਲੀਆਂ ਦੋ ਚਿੱਠੀਆਂ ਦਾ ਕੋਈ ਜਵਾਬ ਨਹੀਂ ਆਇਆ ਅਤੇ ਜੇਕਰ ਉਨ੍ਹਾਂ ਦੀ ਤੀਸਰੀ ਚਿੱਠੀ ਦਾ ਜਵਾਬ ਨਹੀਂ ਆਉਂਦਾ ਤਾਂ ਇਸ ਨਾਲ ਉੋਸ ਦੇ ਭਵਿੱਖ ਦੇ ਫੈਸਲਿਆਂ ‘ਤੇ ਅਸਰ ਪਵੇਗਾ ਅਤੇ ਜੇਕਰ ਸਰਕਾਰ ਨੂੰ ਉਨ੍ਹਾਂ (ਸਿੱਧੂ) ਦਾ ਪਾਕਿ ਜਾਣਾ ਮਨਜ਼ੂਰ ਨਹੀਂ ਹੈ ਤਾਂ ਉਹ ਨਹੀਂ ਜਾਣਗੇ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਵਿੱਚ ਇਹ ਵੀ ਲਿਖਿਆ ਕਿ ਜੇਕਰ ਸਰਕਾਰ ਵੱਲੋਂ ਇਸ ਚਿੱਠੀ ਦਾ ਵੀ ਜਵਾਬ ਨਹੀਂ ਆਇਆ ਤਾਂ ਉਹ ਦੂਸਰੇ ਸਿੱਖ ਸ਼ਰਧਾਲੂਆਂ ਵਾਂਗ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦਰਸ਼ਨਾਂ ਨੂੰ ਜਾਣਗੇ।