ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਦਿੱਲੀ ਫੇਰੀ ਨੇ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ । ਸਿੱਧੂ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਦੋਂ ਉਹ ਦਿੱਲੀ ਪੰਜਾਬ ਭਵਨ ਪਹੁੰਚੇ। ਪਰ ਖਾਸ ਗੱਲ ਇਹ ਰਹੀ ਕਿ ਪਹਿਲਾਂ ਵਾਂਗ ਇਸ ਵਾਰ ਵੀ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਭਵਨ ਦੇ ਪਿਛਲੇ ਦਰਵਾਜ਼ੇ ਵੱਲ ਸਿੱਧੂ ਆਪਣੀ ਗੱਡੀ ‘ਚ ਬੈਠੇ ਹੋਏ ਹਨ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਸਿੱਧੂ ਨੂੰ ਪਾਕਿਸਤਾਨ ਵਲੋਂ ਭੇਜੇ ਗਏ ਸੱਦੇ ’ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਸਮਾਗਮ ’ਚ ਜਾਣ ਬਾਰੇ ਸਵਾਲ ਪੁੱਛਿਆ ਤਾਂ ਸਿੱਧੂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਉਲਟਾ ਆਪਣੀ ਗੱਡੀ ਵੱਲ ਭੱਜਦੇ ਦਿਖਾਈ ਦਿੱਤੇ।
ਦੱਸ ਦਈਏ ਕਿ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਸਿੱਧੂ ਨੇ ਪੰਜਾਬ ‘ਚ ਕੈਬਨਿਟ ਵਜ਼ੀਰੀ ਛੱਡਣ ਤੋਂ ਬਾਅਦ ਲਗਾਤਾਰ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਸਿੱਧੂ ਦੀ ਇਹ ਚੁੱਪੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ ਕਿ ਆਖਰ ਸਿੱਧੂ ਦੀ ਕੀ ਰਣਨੀਤੀ ਹੋਵੇਗੀ। ਹਾਲਾਂਕਿ ਚਰਚਾ ਸਿੱਧੂ ਦੇ ਕਾਂਗਰਸ ਛੱਡ ਕੇ ਭਾਜਪਾ ‘ਚ ਮੁੜ ਤੋਂ ਸ਼ਾਮਲ ਹੋਣ ਦੀ ਵੀ ਹੋ ਰਹੀ ਹੈ ਪਰ ਨਵਜੋਤ ਸਿੱਧੂ ਨੇ ਹੁਣ ਤੱਕ ਆਪਣਾ ਪੱਤਾ ਨਹੀਂ ਖੋਲ੍ਹਿਆ। ਸਿੱਧੂ ਦੀ ਦਿੱਲੀ ਫੇਰੀ ਨੇ ਸਿਆਸਤ ਨੂੰ ਇਕ ਵਾਰ ਮੁੜ ਤੋਂ ਗਰਮਾ ਦਿੱਤਾ ਹੈ।