ਚੰਡੀਗੜ੍ਹ, 3 ਅਪ੍ਰੈਲ, 2021: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਜਨਮ ਭੂਮੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕੱਲ੍ਹ 4 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਸੱਦ ਲਈ ਹੈ ।
ਇਸ ਕਾਨਫਰੰਸ ਦੇ ਸੁਨੇਹੇ ਸਿਰਫ ਚੋਣਵੇਂ ਪੱਤਰਕਾਰਾਂ ਨੂੰ ਹੀ ਲਗਾਏ ਗਏ ਹਨ। ਪਟਿਆਲਾ ਦੇ ਇਕ ਦੋ ਪੱਤਰਕਾਰ ਤੇ ਬਾਕੀ ਚੋਣਵੇਂ ਚੰਡੀਗੜ੍ਹ ਦੇ ਪੱਤਰਕਾਰ ਪ੍ਰੈਸ ਕਾਨਫਰੰਸ ਵਿਚ ਸੱਦੇ ਜਾਣ ਦੀ ਸੂਚਨਾ ਹੈ।
ਇਸ ਪ੍ਰੈਸ ਕਾਨਫਰੰਸ ਨੁੰ ਲੈ ਕੇ ਅਟਕਾਲਾਂ ਦਾ ਬਜ਼ਾਰ ਗਰਮ ਹੋ ਗਿਆ ਹੈ।
ਕੁਝ ਹਲਕੇ ਇਸਨੂੰ ਸਿੱਧੂ ਵੱਲੋਂ ਨਵੇਂ ਐਲਾਨ ਨਾਲ ਵੀ ਜੋੜ ਕੇ ਵੇਖ ਰਹੇ ਹਨ ਕਿਉਂਕਿ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਭਾਵੇਂ ਕਈ ਗੇੜ ਦੀ ਮੀਟਿੰਗ ਹੋਈ ਪਰ ਇਸਦੇ ਬਾਵਜੂਦ ਸਿੱਧੂ ਨਾ ਤਾਂ ਮੁੜ ਮੰਤਰੀ ਬਣੇ ਤੇ ਨਾ ਹੀ ਕੋਈ ਅਹਿਮ ਜ਼ਿੰਮੇਵਾਰ ਹੀ ਮਿਲੀ।
ਉਪਰੋਂ ਮੁੱਖ ਮੰਤਰੀ ਨੇ ਵੀ ਬਿਆਨ ਦੇ ਦਿੱਤਾ ਕਿ ਸਿੱਧੂ ਹੋਰ ਸਮਾਂ ਚਾਹੁੰਦੇ ਹਨ। ਅਜਿਹੇ ਵਿਚ ਪ੍ਰੈਸ ਕਾਨਫਰੰਸ ਵਿਚ ਕੀ ਹੋਵੇਗਾ, ਇਸ ਨੂੰ ਲੈ ਕੇ ਤਰ੍ਹਾਂ – ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।