ਟਰੈਕਟਰ ਮਾਰਚ ਲਈ ਦਿੱਲੀ ਦੀਆਂ ਸਰਹੱਦਾਂ ਤੋਂ ਕਈ ਕਿਲੋਮੀਟਰ ਪਿੱਛੇ ਤੱਕ ਲੱਗੀਆਂ ਲੰਬੀਆਂ ਲਾਈਨਾਂ

TeamGlobalPunjab
2 Min Read

ਨਵੀਂ ਦਿੱਲੀ: ਖੇਤੀ ਕਾਨੂੰਨ ਖ਼ਿਲਾਫ਼ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੇ ਲਈ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਨ। ਦਿੱਲੀ ਪੁਲਿਸ ਵੱਲੋਂ ਰੂਟ ਵੀ ਜਾਰੀ ਕਰ ਦਿੱਤਾ ਗਿਆ। ਹੁਣ ਕਿਸਾਨਾਂ ਨੇ ਵੀ ਅਗਲੀ ਰਣਨੀਤੀ ਉਲੀਕ ਦਿੱਤੀ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਡਟੇ ਹੋਏ ਹਨ। ਟਿਕਰੀ ਬਾਰਡਰ ਤੋਂ ਕਰੀਬ 20 ਕਿਲੋਮੀਟਰ ਪਿੱਛੇ ਤੱਕ ਟਰੈਕਟਰਾਂ ਦੀ ਲੰਬੀ ਲਾਈਨ ਲੱਗ ਚੁੱਕੀ ਹੈ। ਦੂਜੇ ਪਾਸੇ ਸਿੰਘੂ ਬਾਰਡਰ ਤੋਂ ਕੁੰਡਲੀ ਵੱਲ ਵੀ ਕਈ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ।

ਵੱਡੀ ਤਾਦਾਦ ਵਿੱਚ ਪਹੁੰਚੇ ਟਰੈਕਟਰਾਂ ਦੀ ਗਿਣਤੀ ਕਰਨਾ ਮੁਸ਼ਕਿਲ ਹੈ, ਪਰ ਦਿੱਲੀ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਟਿਕਰੀ ਬਾਰਡਰ ‘ਤੇ 7 ਤੋਂ 8 ਹਜ਼ਾਰ ਦੇ ਕਰੀਬ ਟਰੈਕਟਰ ਖੜ੍ਹੇ ਹਨ। ਇਸ ਤੋਂ ਇਲਾਵਾ ਸਿੰਘੂ ਬਾਰਡਰ ‘ਤੇ 6 ਤੋਂ 7 ਹਜ਼ਾਰ ਟਰੈਕਟਰ ਮੌਜੂਦ ਹਨ। ਇਸੇ ਤਰ੍ਹਾਂ ਗਾਜ਼ੀਪੁਰ ਬਾਰਡਰ ‘ਤੇ 1000 ਤੋਂ ਵੱਧ ਟਰੈਕਟਰ ਪਹੁੰਚ ਗਏ ਹਨ। ਹਾਲਾਂਕਿ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਕੁੱਲ ਟਰੈਕਟਰਾਂ ਦੀ ਗਿਣਤੀ 1 ਲੱਖ ਤੋਂ 2 ਲੱਖ ਦੇ ਵਿਚਾਲੇ ਹੈ।

ਇਸ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਦੇ ਲਈ ਇੱਥੇ ਮੌਜੂਦ ਨੌਜਵਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਟਿਕਰੀ ਬਾਰਡਰ ‘ਤੇ ਤਾਇਨਾਤ ਇੰਜੀਨੀਅਰ ਜਿਨ੍ਹਾਂ ਨੇ ਕਿਸਾਨ ਅੰਦੋਲਨ ‘ਚ ਨਾ ਕੇਵਲ ਸਮਰਥਨ ਦਿੱਤਾ ਬਲਕਿ ਟਰੈਕਟਰ ਰੈਲੀ ਦੇ ਲਈ ਉਨ੍ਹਾਂ ਨੇ ਟਿਕਰੀ ਬਾਰਡਰ ‘ਤੇ ਕਿਸਾਨ ਸੋਸ਼ਲ ਆਰਮੀ ਦਾ ਗਠਨ ਵੀ ਕੀਤਾ। ਪਿਛਲੇ ਦਿਨਾਂ ਵਿੱਚ ਤਕਰੀਬਨ ਇੱਕ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਲੱਖਾਂ ਦੀ ਗਿਣਤੀ ਵਿਚ ਟਰੈਕਟਰਾਂ ਨੂੰ ਇੱਕ ਕਤਾਰ ‘ਚ ਕਿਵੇਂ ਲੈ ਕੇ ਚੱਲਣਾ ਹੈ। ਇਸਦੇ ਲਈ ਪੰਜਾਬ ਹਰਿਆਣਾ ਦੀਆਂ 25-25 ਟੀਮਾਂ ਬਣਾਈਆਂ ਗਈਆਂ ਹਨ। ਇੱਕ ਟੀਮ ਵਿੱਚ 20-20 ਮੈਂਬਰ ਮੌਜੂਦ ਹਨ।

Share this Article
Leave a comment