ਭੋਲਾ ਡਰੱਗ ਮਾਮਲੇ ਦੀ ਰਿਪੋਰਟ ਸਬੰਧੀ ਨਵਜੋਤ ਸਿੱਧੂ ਦਾ ਨਵਾਂ ਖੁਲਾਸਾ, ਮਜੀਠੀਆ ਨੂੰ ਵੀ ਘੇਰਿਆ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਨੌਜਵਾਨਾਂ ਅਤੇ ਡਰੱਗ ਮਾਫੀਆ ਦੁਆਰਾ ਸੂਬੇ ਵਿੱਚ ਫ਼ੈਲਾਏ ਨਸ਼ੇ ਦੇ ਜਾਲ ‘ਚ ਆਪਣੇ ਬੱਚੇ ਗੁਆਉਣ ਵਾਲੇ ਹਜ਼ਾਰਾਂ ਪੀੜਿਤ ਮਾਪਿਆਂ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬਹੁ-ਚਰਚਿਤ 6000 ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਵਿਚ ਸਪੈਸ਼ਲ ਟਾਸਕ ਫੋਰਸ ਦੀ ਇਹ ਰਿਪੋਰਟ ਮਾਣਯੋਗ ਉੱਚ ਅਦਾਲਤ ਦੇ ਡਿਵੀਜ਼ਨ ਬੈਂਚ ਦੁਆਰਾ 2 ਸਤੰਬਰ, 2021 ਨੂੰ ਖੋਲ੍ਹੀ ਜਾ ਸਕਦੀ ਹੈ, ਉਮੀਦ ਹੈ ਕਿ ਮੁੱਖ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਦਾਲਤ ਵੱਲੋਂ ਦਿੱਤੀ ਤਾਰੀਕ ਨੇੜੇ ਹੈ, ਸਭ ਦੀਆਂ ਨਜ਼ਰਾਂ ਉੱਚ ਅਦਾਲਤ ਉੱਤੇ ਟਿਕੀਆਂ ਹਨ, ਖਾਸ ਤੌਰ ‘ਤੇ ਨਸ਼ਾ ਮਾਫੀਆ ਦੇ ਹੱਥੋਂ ਆਪਣੇ ਮਾਸੂਮ ਬੱਚੇ ਗੁਆਉਣ ਵਾਲੇ ਮਾਪਿਆਂ ਨੂੰ ਬਹੁਤ ਉਮੀਦ ਹੈ ਕਿ ਅਦਾਲਤ ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਨੇ ਨਾਗਰਿਕਾਂ ਦੀ ਅਸਲ ਰੱਖਿਅਕ ਹੋਣ ਦਾ ਹਮੇਸ਼ਾਂ ਪ੍ਰਮਾਣ ਦਿੱਤਾ ਹੈ।

ਕੇਂਦਰ ਅਤੇ ਰਾਜ ਸਰਕਾਰ ਉੱਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ ਬਾਅਦ ਵੀ ਕੇਂਦਰ ਅਤੇ ਰਾਜ ਸਰਕਾਰ ਨੇ 13 ਨਸ਼ਾ ਤਸਕਰਾਂ ਜਿਨ੍ਹਾਂ ਨੇ ਸਾਬਕਾ ਮੰਤਰੀ ਮਜੀਠੀਆ ਦੁਆਰਾ ਦਿੱਤੀਆਂ ਵਿਸ਼ੇਸ਼ ਗੱਡੀਆਂ ਰਾਹੀਂ ਸਰਕਾਰੀ ਸੁਰੱਖਿਆ ਅਧੀਨ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਅਤੇ ਕੁੱਝ ਬਾਹਰਲੇ ਮੁਲਕਾਂ ‘ਚ ਵੀ ਨਸ਼ਾ ਭੇਜਿਆ ਦੀ ਹਵਾਲਗੀ ਲਈ ਕੁੱਝ ਨਹੀਂ ਕੀਤਾ।

ਸੂਬਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਆਮ ਨਾਗਰਿਕ ਵੀ ਇਹ ਗੱਲ ਸਮਝ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਛੂਹਿਆ ਗਿਆ। ਉਨ੍ਹਾਂ ਅੱਗੇ ਕਿਹਾ, “ਕਿਉਂਕਿ ਜੇ ਉਨ੍ਹਾਂ ਦੀ ਹਵਾਲਗੀ ਹੋ ਜਾਂਦੀ ਤਾਂ ਉਹ ਨਸ਼ਾ ਤਸਕਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੇ ਗੋਰਖਧੰਦੇ ਦਾ ਪਾਜ ਉਧੇੜ ਦਿੰਦੇ।”

- Advertisement -

ਸਿੱਧੂ ਨੇ ਕਿਹਾ ਕਿ ਇਹ ਦੋਸ਼ੀ ਮਜੀਠੀਏ ਦੁਆਰਾ ਮੁਹੱਈਆ ਕਰਵਾਈਆਂ ਸੁਰੱਖਿਆ ਪ੍ਰਾਪਤ ਵਿਸ਼ੇਸ਼ ਗੱਡੀਆਂ ਵਿਚ ਘੁੰਮੇ ਹੀ ਨਹੀਂ ਸਗੋਂ ਉਹ ਉਸਦੇ ਨਾਲ ਰਹਿੰਦੇ ਵੀ ਰਹੇ। ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਾਹਲ ਨਾਲ ਹੋਏ ਪੈਸੇ ਦੇ ਲੈਣ-ਦੇਣ, ਪਹਿਲਵਾਨੀ ਤੋਂ ਪੁਲਿਸ ਸੇਵਾ ਵਿਚ ਆਏ ਭੋਲਾ ਅਤੇ ਬਿਕਰਮ ਮਜੀਠੀਆ ਦੇ ਚੋਣ ਏਜੰਟ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ ਦੇ ਬਿਆਨ ਇਸ ਮਾਮਲੇ ਵਿਚ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਹੋਣ ਦੇ ਪੁਖਤਾ ਸਬੂਤ ਹਨ। ਅਸੀਂ ਕੀ ਛੁਪਾ ਰਹੇ ਹਾਂ ? ਕੋਈ ਕਾਰਵਾਈ ਕਿਉਂ ਨਹੀਂ ? ਪਾਰਦਰਸ਼ਤਾ ਕਿਉਂ ਨਹੀਂ ? ਇਹ ਦੇਰੀ ਕਿਉਂ ?

ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦਾ ਮਸਲਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਭ ਦੀਆਂ ਨਜ਼ਰਾਂ ਮਾਨਯੋਗ ਹਾਈਕੋਰਟ ਉੱਤੇ ਟਿਕੀਆਂ ਹਨ ਕਿਉਂਕਿ ਪੰਜਾਬ ਦੇ ਲੋਕ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਨੂੰ ਖੋਲ੍ਹੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Share this Article
Leave a comment