ਨਵਜੋਤ ਸਿੱਧੂ ਅਤੇ ਕੈਪਟਨ ਦੀ ਪਏਗੀ ਜੱਫੀ? ਰਾਜਸੀ ਹਲਕਿਆਂ ’ਚ ਮਚੀ ਹਲਚਲ

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ (ਐਡੀਟਰ);

ਪੰਜਾਬ ਕਾਂਗਰਸ ਦਾ ਵਿਵਾਦ ਫੈਸਲਾਕੁਨ ਦੌਰ ਵਿਚ ਪੁੱਜ ਗਿਆ ਹੈ। ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਜਿਹੜੀਆਂ ਲਗਾਤਾਰ ਮੀਟਿੰਗਾਂ ਕੀਤੀਆ ਹਨ, ਉਸ ਨਾਲ ਇਹ ਸੰਕੇਤ ਮਿਲਿਆਂ ਹੈ ਕਿ ਪਾਰਟੀ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਦਾ ਮਨ ਬਣਾ ਲਿਆ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬਿਆਨ ਦਿੱਤਾ ਹੈ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਚੰਗੀ ਖਬਰ ਮਿਲੇਗੀ। ਜੇਕਰ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਆਉਦੇਂ ਹਨ ਤਾਂ ਪੰਜਾਬ ਅੰਦਰ ਰਾਜਸੀ ਹਲਚਲ ਪੱਕੀ ਹੋਣੀ ਸੁਭਾਵਿਕ ਹੈ। ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੱਫੀ ਪਏਗੀ ਕਿਉਂਕਿ ਜੋ ਕੁਝ ਦਿਨ ਪਹਿਲਾਂ ਤੱਕ ਕਈ ਵੱਡੇ ਮੁੱਦਿਆਂ ਉਪਰ ਸਿੱਧੂ ਨੇ ਕੈਪਟਨ ਅਮਰਿੰਦਰ ਨਾਲ ਆਢਾ ਲਾਇਆ ਹੋਇਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਕਾਇਦਾ ਵੱਡੇ ਮੀਡੀਆ ਵਿਚ ਆ ਚੁੱਕੇ ਹਨ ਕਿ ਸਿੱਧੂ ਮੌਕਾਪ੍ਰਸਤੀ ਦੀ ਰਾਜਨੀਤੀ ਕਰਦਾ ਹੈ। ਇਹ ਵੀ ਕਿਹਾ ਗਿਆ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਜਾਣਾ ਚਾਹੁੰਦਾ ਹੈ। ਇਥੇ ਹੀ ਬਸ ਨਹੀਂ ਹੋਈ।ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਕਾਂਗਰਸ ਚੰਗੀ ਨਹੀਂ ਲਗਦੀ ਤਾਂ ਕਿਸੇ ਹੋਰ ਪਾਰਟੀ ਵਿਚ ਚਲਾ ਜਾਵੇ। ਕੀ ਜੇਕਰ ਕਾਂਗਰਸ ਦੀ ਕੌਮੀ ਲੀਡਰਸ਼ਿਪ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਕੈਪਟਨ ਅਮਰਿੰਦਰ ਇਸ ਨੂੰ ਪ੍ਰਵਾਨ ਕਰਨਗੇ? ਇਹ ਵੀ ਸਹੀ ਹੈ ਕਿ ਰਾਜਨੀਤੀ ਵਿਚ ਸਭ ਕੁਝ ਸੰਭਵ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਨਹੀਂ ਕਰ ਸਕਦੀ। ਬੇਸ਼ਕ ਸਿੱਧੂ ਕੁਝ ਸਮੇਂ ਤੋਂ ਸਰਕਾਰ ਜਾਂ ਕਾਂਗਰਸ ਅੰਦਰ ਕਿਸੇ ਜਿੰਮੇਵਾਰੀ ਵਾਲੇ ਅਹੁਦੇ ‘ਤੇ ਨਹੀਂ ਹਨ ਪਰ ਪੰਜਾਬੀਆਂ ਵਿਚ ਸਿੱਧੂ ਨੂੰ ਸਾਫ ਸੁਥਰੇ ਅਕਸ ਵਾਲੇ ਰਾਜਸੀ ਨੇਤਾ ਵਜੋਂ ਵੇਖਿਆ ਜਾਂਦਾ ਹੈ। ਇਸੇ ਕਾਰਨ ਹੀ ਆਮ ਆਦਮੀ ਪਾਰਟੀ ਦੀ ਨਵਜੋਤ ਸਿੱਧੂ ਨੂੰ ਆਪ ਵਿੱਚ ਆਉਣ ਦੀ ਪੇਸ਼ਕਸ਼ ਹੈ।

ਨਵਜੋਤ ਸਿੱਧੂ ਨੂੰ ਜੇਕਰ ਅਗਲੇ ਦਿਨਾਂ ਅੰਦਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਉਸ ਨੂੰ ਪੰਜਾਬੀਆਂ ਕੋਲ ਵੱਡੇ ਮੌਕਿਆਂ ਲਈ ਜਵਾਬਦੇਹ ਹੋਣਾ ਪਏਗਾ। ਮਿਸਾਲ ਵਜੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਦਾ ਮਾਮਲਾ ਹੈ। ਇਸ ਮੁੱਦੇ ਉੱਤੇ ਉਹ ਲਗਾਤਾਰ ਬਾਦਲਾਂ ਉਪਰ ਹਮਲੇ ਕਰਦੇ ਆ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਬਾਦਲਾਂ ਸਮੇਂ ਦੇ ਬਿਜਲੀ ਸਮਝੌਤੇ ਰੱਦ ਕਰਨ ਦਾ ਮਾਮਲਾ ਹੈ। ਮੁੱਦੇ ਤਾਂ ਨਸ਼ੇ ਅਤੇ ਬੇਰੋਜ਼ਗਾਰੀ ਸਮੇਤ ਹੋਰ ਵੀ ਹਨ। ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਸਿੱਧੂ ਕੇਵਲ ਬਿਆਨਬਾਜ਼ੀ ਕਰਕੇ ਲੌਕਾਂ ਦਾ ਮਨ ਨਹੀਂ ਜਿੱਤ ਸਕਦੇ। ਪੰਜਾਬ ਦੇ ਲੋਕ ਇਨ੍ਹਾਂ ਮੁੱਦਿਆਂ ਉੱਤੇ ਜਵਾਬ ਮੰਗਦੇ ਹਨ। ਪੰਜਾਬ ਦੀਆਂ ਵਿਰੌਧੀ ਧਿਰਾਂ ਸਿੱਧੂ ਦੇ ਸਾਫ ਅਕਸ ਬਾਰੇ ਤਾਂ ਸਹਿਮਤ ਹਨ ਪਰ ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਲੀ ਚੋਣ ਲਈ ਪਾਰਟੀ ਦਾ ਚੇਹਰਾ ਹੋਣਗੇ ਤਾਂ ਸਿੱਧੂ ਆਪਣੇ ਵਾਅਦਿਆਂ ਨੂੰ ਕਿਵੇਂ ਪੂਰਾ ਕਰ ਸਕੇਗਾ।

ਅਸਲ ਵਿਚ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਅੰਦਰ ਮੁੱਖ ਮੰਤਰੀ ਦੁਆਲੇ ਹੀ ਸਾਰਾ ਤੰਤਰ ਘੁੰਮਦਾ ਹੈ। ਇਸ ਸਥਿਤੀ ਵਿਚ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਕਾਂਗਰਸ ਦੀ ਸਰਕਾਰ ਬਨਣ ਦੀ ਸੂਰਤ ਵਿਚ ਕਿਵੇਂ ਵਾਅਦਿਆਂ ਨੂੰ ਅਮਲ ਵਿਚ ਲਿਆਉਣਗੇ। ਬਹੁਤ ਕੁਝ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਕਿਹੋ ਜਿਹੀ ਤਬਦੀਲੀ ਆਉਦੀ ਹੈ। ਜੇਕਰ ਮੰਤਰੀ ਮੰਡਲ ਵਿਚ ਫੇਰਬਦਲ ਹੁੰਦਾ ਹੈ ਤਾਂ ਕਿਹੋ ਜਿਹੇ ਚੇਹਰੇ ਨਵੇਂ ਆਉਂਦੇ ਹਨ। ਇਹ ਸਾਰੀਆਂ ਤਬਦੀਲੀਆਂ ਤੋਂ ਬਾਅਦ ਹੀ ਸ਼ਪਸ਼ਟ ਹੋਏਗਾ ਕਿ ਸਿੱਧੂ ਕਿੰਨੇ ਕੁ ਸ਼ਕਤੀਸ਼ਾਲੀ ਹੋ ਕੇ ਜ਼ਿੰਮੇਵਾਰੀ ਸੰਭਾਲਦੇ ਹਨ। ਅੱਜ ਵੀ ਦਿੱਲੀ ਵਿਚ ਹਰੀਸ਼ ਰਾਵਤ ਅਤੇ ਹੋਰ ਕੁਝ ਆਗੂਆਂ ਨੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਹੈ। ਬੇਸ਼ਕ ਕਿਹਾ ਗਿਆ ਹੈ ਕਿ ਇਹ ਮੀਟਿੰਗ ਪੰਜਾਬ ਬਾਰੇ ਨਹੀ ਸੀ ਪਰ ਇਹ ਸ਼ਪਸ਼ਟ ਹੈ ਕਿ ਪਾਰਟੀ ਹਾਈ ਕਮਾਂਡ ਪੰਜਾਬ ਦਾ ਫੈਸਲਾ ਲੈਣ ਦੇ ਅਤਿੰਮ ਦੌਰ ‘ਚ ਪਹੁੰਚ ਗਈ ਹੈ।

- Advertisement -

ਸੰਪਰਕ-9814002186

Share this Article
Leave a comment