ਰੂਸ ਦੇ ਰਾਸ਼ਟਰਪਤੀ ਦੇ ਸਖ਼ਤ ਆਲੋਚਕ ਨਵਲਨੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ

TeamGlobalPunjab
2 Min Read

ਵਰਲਡ ਡੈਸਕ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸ ਨਵਲਨੀ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਵਲਨੀ ਉੱਤੇ ਪਿਛਲੇ ਅਪਰਾਧਿਕ ਕੇਸ ‘ਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਪੈਰੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਪੈਰੋਲ ਦੇ ਹਾਲਾਤਾਂ ਅਨੁਸਾਰ ਨਵਲਨੀ ਨੂੰ ਨਿਯਮਤ ਤੌਰ ‘ਤੇ ਪੁਲਿਸ ਨੂੰ ਰਿਪੋਰਟ ਕਰਨ ਦੀ ਜ਼ਰੂਰਤ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ। ਨਵਲਨੀ ਨੂੰ ਵੀ ਧੋਖਾਧੜੀ ਦੇ ਇੱਕ ਕੇਸ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਨਵਲਨੀ ਦਾ ਕਹਿਣਾ ਹੈ ਕਿ ਉਸ ‘ਤੇ ਸਾਰੇ ਮਾਮਲੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹਨ। ਨਵਲਨੀ ਨੂੰ ਪੰਜ ਮਹੀਨੇ ਪਹਿਲਾਂ ਰੂਸ ‘ਚ ਜ਼ਹਿਰ ਦੇ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਜਾਇਆ ਗਿਆ ਸੀ। 17 ਜਨਵਰੀ ਨੂੰ ਉਹ ਆਪਣੇ ਦੇਸ਼ ਪਰਤੇ ਸਨ। ਉਨ੍ਹਾਂ ਪਰਤਦੇ ਹੀ ਪੁਤਿਨ ਸਰਕਾਰ ਨੇ ਗਿ੍ਫ਼ਤਾਰ ਕਰ ਲਿਆ।

ਨਵਲਨੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ, ਉਸਦੇ ਸਮਰਥਕਾਂ ਨੇ ਇਸ ਦੇ ਵਿਰੋਧ ‘ਚ ਇੱਕ ਰੈਲੀ ਬੁਲਾਈ। ਇਸ ਸਮੇਂ ਦੌਰਾਨ ਪੁਲਿਸ ਨੇ ਲਗਭਗ 300 ਸਮਰਥਕਾਂ ਨੂੰ ਹਿਰਾਸਤ ‘ਚ ਲਿਆ ਹੈ। ਦੂਜੇ ਪਾਸੇ, ਨਵਲਨੀ ਦੇ ਵਕੀਲ ਨੇ ਕਿਹਾ ਹੈ ਕਿ ਅਸੀਂ ਇਸ ਫੈਸਲੇ ਵਿਰੁੱਧ ਅਪੀਲ ਕਰਾਂਗੇ। ਨਵਲਨੀ ਦੀ ਸਜ਼ਾ ਤੋਂ ਬਾਅਦ ਕਈ ਦੇਸ਼ਾਂ, ਖ਼ਾਸਕਰ ਪੱਛਮੀ ਦੇਸ਼ਾਂ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ।

ਦੱਸ ਦਈਏ ਕਿ ਨਵਲਨੀ ਦੀ ਪਛਾਣ ਰੂਸ ‘ਚ ਰਾਸ਼ਟਰਪਤੀ ਪੁਤਿਨ ਦੇ ਕੱਟੜ ਵਿਰੋਧੀ ਵਜੋਂ ਹੋਈ ਹੈ। 2008 ‘ਚ, ਨਵਲਾਨੀ ਪਹਿਲੀ ਵਾਰ ਸੁਰਖੀਆਂ ‘ਚ ਆਏ ਜਦੋਂ ਨਵਲਨੀ ਨੇ ਆਪਣੇ ਇੱਕ ਬਲਾੱਗ ਰਾਹੀਂ ਸਰਕਾਰੀ ਕੰਪਨੀਆਂ ‘ਚ ਹੋਏ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ। ਇਸ ਰਿਪੋਰਟ ਤੋਂ ਬਾਅਦ, ਰੂਸ ਦੀ ਸਰਕਾਰ ‘ਚ ਸ਼ਾਮਲ ਕਈ ਅਧਿਕਾਰੀਆਂ ਨੂੰ ਅਸਤੀਫਾ ਦੇਣਾ ਪਿਆ। ਨਵਲਨੀ ਨੂੰ ਸਾਲ 2011 ‘ਚ ਸਰਕਾਰ ਖ਼ਿਲਾਫ਼ ਇੱਕ ਬਲਾੱਗ ਲਿਖਣ ਤੇ ਰੂਸ ਦੀ ਸੰਸਦ ਡੂਮਾ ਦੇ ਬਾਹਰ ਸਰਕਾਰ ਵਿਰੋਧੀ ਰੈਲੀ ਕਰਨ ਲਈ ਜੇਲ੍ਹ ਭੇਜਿਆ ਗਿਆ ਸੀ। ਪਹਿਲੀ ਵਾਰ ਉਸ ਨੂੰ 15 ਦਿਨਾਂ ਲਈ ਜੇਲ੍ਹ ਜਾਣਾ ਪਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸਨੇ ਰੂਸੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।

TAGGED: , ,
Share this Article
Leave a comment