ਦਿੱਲੀ ਮੋਰਚੇ ਵਿੱਚ ਕਿਸਾਨਾਂ ਲਈ 20 ਕੁਇੰਟਲ ਕਿਥੋਂ ਪਹੁੰਚੇ ਬਦਾਮ? ਹਰਿਆਣਾ ਤੇ ਦਿੱਲੀ ਦੇ ਲੋਕ ਹੋ ਰਹੇ ਨੇ ਹੈਰਾਨ !

TeamGlobalPunjab
3 Min Read

-ਅਵਤਾਰ ਸਿੰਘ

ਕੜਾਕੇ ਦੀ ਠੰਢ ਵਿੱਚ ਆਪਣੇ ਹੱਕਾਂ ਖਾਤਰ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਰਿਵਾਰ ਡਟੇ ਹੋਏ ਹਨ। ਪਰ ਇਹ ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮ ਪਿਛੇ ਹਟਣ ਲਈ ਤਿਆਰ ਨਹੀਂ ਹੈ। ਉਹ ਇਨ੍ਹਾਂ ਉਪਰ ਜ਼ੁਲਮ ਢਾਹੁਣ ਤੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਅੰਨਦਾਤਾ ਦੇ ਸੰਘਰਸ਼ ਨੂੰ ਹਰ ਪਾਸਿਓਂ ਹਮਦਰਦੀ ਮਿਲ ਰਹੀ ਹੈ। ਇਸ ਸਮੇਂ ਜਿਸ ਦੀ ਵੀ ਜ਼ਮੀਰ ਜਾਗਦੀ ਉਹ ਉਹ ਉਨ੍ਹਾਂ ਦੇ ਇਸ ਜੱਗ ਵਿਚ ਆਪਣਾ ਹਿੱਸਾ ਪਾ ਰਿਹਾ ਹੈ। ਖਿਡਾਰੀ, ਲੇਖਕ, ਪੱਤਰਕਾਰ, ਰਾਜਨੀਤਕ ਤੇ ਹੋਰ ਵਰਗ ਦੀਆਂ ਸਖਸ਼ੀਅਤਾਂ ਭਾਰਤ ਸਰਕਾਰ ਵਲੋਂ ਮਿਲੇ ਸਨਮਾਨ ਮੋੜ ਰਹੀਆਂ ਹਨ।

ਦਿੱਲੀ ਦੀਆਂ ਸਾਰੀਆਂ ਸਰਹੱਦਾਂ ਉਪਰ ਸੰਘਰਸ਼ ਵਿੱਚ ਡਟੇ ਕਿਸਾਨਾਂ ਨੂੰ ਭਾਵੇਂ ਖਾਣ ਪੀਣ ਤੇ ਹੋਰ ਸਹੂਲਤਾਂ ਦੀ ਘਾਟ ਨਹੀਂ ਆ ਰਹੀ ਪਰ ਰੁਲ ਤਾਂ ਉਹ ਸੜਕਾਂ ਉਪਰ ਹੀ ਰਹੇ ਹਨ। ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਜ਼ੀਰ ਆਪਣੇ ਮਖਮਲੀ ਗੱਦਿਆਂ ਉਪਰ ਆਪਣੇ ਪਰਿਵਾਰਾਂ ਨਾਲ ਘੂਕ ਸੁੱਤੇ ਪਏ ਹਨ। ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।

ਵਿਦੇਸ਼ੀਂ ਬੈਠੇ ਪ੍ਰਵਾਸੀ ਭਾਰਤੀ ਵੀ ਕਿਸਾਨ ਦੇ ਇਸ ਸੰਘਰਸ਼ ਵਿਚ ਹਾਅ ਨਾਅਰਾ ਮਾਰ ਰਹੇ ਹਨ। ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। ਪਰ ਇਕ ਮਿਸਾਲ ਜੋ
ਪ੍ਰਵਾਸੀ ਪੰਜਾਬੀ ਟੁੱਟ ਭਰਾਵਾਂ ਨੇ ਕਾਇਮ ਕੀਤੀ ਉਹ ਕਾਬਲ – ਏ – ਤਰੀਫ ਹੈ। ਉਸ ਦੀ ਪਾਸਿਓਂ ਸ਼ਲਾਘਾ ਹੋ ਰਹੀ ਹੈ। ਰਿਪੋਰਟਾਂ ਅਨੁਸਾਰ ਅੱਜ ਕੱਲ੍ਹ ਪੰਜਾਬ ਆਏ ਰਣਵੀਰ ਸਿੰਘ ਟੁੱਟ ਦਾ ਕਹਿਣਾ ਹੈ ਕਿ ਦਿੱਲੀ ਮੋਰਚੇ ’ਚ ਉਹ ਵੀ ਆਪਣਾ ਯੋਗਦਾਨ ਪਾ ਕੇ ਸੰਤੁਸ਼ਟ ਹਨ। ਉਨ੍ਹਾਂ ਨੇ 20 ਕੁਇੰਟਲ ਬਦਾਮ ਦਿੱਲੀ ਮੋਰਚੇ ’ਤੇ ਡਟੇ ਕਿਸਾਨਾਂ ਲਈ ਭੇਜੇ ਹਨ। ਅਮਰੀਕਾ ਵਿੱਚ ਉਹ 10 ਹਜ਼ਾਰ ਏਕੜ ’ਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ। ਕਿਸਾਨ ਮੋਰਚੇ ਲਈ ਬਦਾਮ ਭੇਜਣਾ ਉਨ੍ਹਾਂ ਲਈ ਇਕ ਫਖ਼ਰ ਅਤੇ ਸੇਵਾ ਹੈ। ਟੁੱਟ ਦਾ ਕਹਿਣਾ ਹੈ ਕਿ ਅਮਰੀਕਾ ਦੇ ਪਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਦਿੱਲੀ ਅੰਦੋਲਨ ’ਤੇ ਹਨ। ਅਮਰੀਕਾ ਦੇ ਲੋਕ ਵੀ ਇਸ ਅੰਦੋਲਨ ਨੂੰ ਧਿਆਨ ਨਾਲ ਦੇਖ ਰਹੇ ਹਨ।

- Advertisement -

ਰਿਪੋਰਟਾਂ ਮੁਤਾਬਿਕ ਹੁਸ਼ਿਆਰਪੁਰ ਤੋਂ ਉਨ੍ਹਾਂ ਦਾ ਇਕ ਰਿਸ਼ਤੇਦਾਰ ਦਿੱਲੀ ਮੋਰਚੇ ਲਈ ਬਦਾਮ ਲੈ ਕੇ ਗਿਆ ਸੀ ਤੇ ਜਲੰਧਰ ਤੋਂ ਵੀ ਦਿੱਲੀ ਗਏ ਜਥੇ ਰਾਹੀਂ ਬਦਾਮ ਭੇਜੇ ਸਨ। ਇਸੇ ਤਰ੍ਹਾਂ ਟਾਂਡੇ ਤੋਂ ਵੀ ਕੁਝ ਵਿਅਕਤੀ ਪੰਜ ਕੁਇੰਟਲ ਬਦਾਮ ਦਿੱਲੀ ਲੈ ਕੇ ਗਏ ਸਨ। ਦਿੱਲੀ ਕਿਸਾਨ ਮੋਰਚੇ ’ਚ ਦੂਜੀ ਵਾਰ ਸਿੰਘੂ ਬਾਰਡਰ ’ਤੇ ਪਹੁੰਚੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਬਦਾਮਾਂ ਦੇ ਲੱਗੇ ਲੰਗਰ ਵਿੱਚ ਵੀ ਲੋਕਾਂ ਨੂੰ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਹਰਿਆਣੇ ਅਤੇ ਦਿੱਲੀ ਦੇ ਲੋਕ ਪੰਜਾਬੀਆਂ ਵੱਲੋਂ ਦਿਖਾਈ ਜਾ ਰਹੀ ਦਲੇਰੀ ਤੋਂ ਖੁਸ਼ ਤੇ ਹੈਰਾਨ ਹਨ।

Share this Article
Leave a comment