Home / ਓਪੀਨੀਅਨ / ਕੌਮੀ ਡਾਕਟਰ ਦਿਵਸ

ਕੌਮੀ ਡਾਕਟਰ ਦਿਵਸ

-ਅਵਤਾਰ ਸਿੰਘ

ਭਾਰਤ ਰਤਨ ਪੁਰਸਕਾਰ ਜੇਤੂ ਡਾਕਟਰ ਬਿਦਾਨ ਚੰਦਰ ਰਾਏ ਦਾ ਜਨਮ ਬਾਂਕੀਪੁਰ ਬਿਹਾਰ ਵਿੱਚ 1 ਜੁਲਾਈ, 1882 ਨੂੰ ਹੋਇਆ। ਉਨਾਂ ਦਾ ਦੇਹਾਂਤ ਵੀ ਅੱਜ ਦੇ ਦਿਨ 1-7-1962 ਨੂੰ ਹੋਇਆ।ਉਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਉਨ੍ਹਾ਼ ਦੀ ਯਾਦ ਵਿੱਚ ਜਨਮ ਤੇ ਦੇਹਾਂਤ ਦੀ ਇਕੋ ਮਿਤੀ ਪਹਿਲੀ ਜੁਲਾਈ ਨੂੰ ਹਰ ਸਾਲ ਕੌਮੀ ਡਾਕਟਰ ਦਿਵਸ ਭਾਰਤ ਵਿੱਚ 1991 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ।

ਉਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ।ਸੰਸਾਰ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਦਿਨ ਹਨ। ਵਿਸ਼ਵ ਪਰਿਵਾਰ ਡਾਕਟਰ ਦਿਵਸ 19 ਮਈ ਨੂੰ ਮਨਾਇਆ ਜਾਂਦਾ।ਅਮਰੀਕਾ ‘ਚ ਇਸ ਦੀ ਸ਼ੁਰੂਆਤ 30-3-1933 ਨੂੰ ਵਾਈਂਡਰ (ਜਾਰਜੀਆ) ਵਿੱਚ ਡਾਕਟਰ ਚਾਰਲਸ ਬੀ ਅਲਮੰਡ ਦੀ ਪਤਨੀ ਇਡੌਰਾ ਬਰਾਊਨ ਨੇ ਇਹ ਦਿਵਸ ਮਨਾ ਕੇ ਕੀਤੀ ਸੀ।

ਇਸ ਦਿਨ ‘ਤੇ ਉਸਨੇ ਡਾਕਟਰਾਂ ਨੂੰ ਸਨਮਾਨ ਦੇਣ ਲਈ ਗੁਲਦਸਤੇ ਆਦਿ ਦੇਣ ਲਈ ਕਿਹਾ।ਅਮਰੀਕਾ ਵਿੱਚ ਪਬਲਿਕ ਕਾਨੂੰਨ ਤਹਿਤ ਹਰ ਸਾਲ 30 ਮਾਰਚ ਨੂੰ ‘ਡਾਕਟਰ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ।

ਭਾਰਤ ਵਿੱਚ ਡਾਕਟਰ ਜਿਨ੍ਹਾਂ ਨੂੰ ‘ਰੱਬ’ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਇਨ੍ਹਾ਼ ਵਿਚ ਵਧੇ ਲਾਲਚ ਨੇ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਘਟਾ ਦਿੱਤਾ ਹੈ।ਬਹੁਗਿਣਤੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਵਾਈਆਂ, ਲੈਬਾਰਟਰੀ ਤੇ ਸਕੈਨਿੰਗ ਆਦਿ ਟੈਸਟਾਂ ਤੇ ਸਾਜੋ ਸਮਾਨ ਵਿੱਚੋਂ ਕਮਿਸ਼ਨ, ਸੈਂਪਲ ਤੇ ਮਹਿੰਗੇ ਤੋਹਫੇ ਲੈਣੇ ਸ਼ੁਰੂ ਕਰ ਦਿੱਤੇ ਹਨ।

ਮਰੀਜ਼ਾਂ ਨੂੰ ਅੰਗਰੇਜ਼ੀ ਵਿੱਚ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦਸ ਕੇ ਡਰਾਇਆ ਜਾਂਦਾ ਹੈ।ਉਨ੍ਹਾਂ ਨੂੰ ਬੇਲੋੜੇ ਟੈਸਟ ਤੇ ਅਪ੍ਰੇਸ਼ਨ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ।

ਪਿਛਲੇ ਦਹਾਕੇ ਵਿਚ 70% ਸੀਜੇਰੀਅਨ ਦੇ ਕੇਸਾਂ ਵਿੱਚ ਵਾਧਾ ਹੋਇਆ।ਮਰੀਜਾਂ ਨੂੰ ‘ਕੋਡ ਵਰਡਾਂ’ ਵਿੱਚ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਜੋ ਖਾਸ ਮੈਡੀਕਲ ਸਟੋਰਾਂ ਤੋਂ ਹੀ ਮਿਲਦੀਆਂ ਹਨ।

ਮੋਟੇ ਮੋਟੇ ਕਮਿਸ਼ਨ ਕਰਕੇ ਬਿਨਾਂ ਲੋੜ ਦੇ ਅੰਗ ਬਦਲੀ, ਸਟੰਟ ਪਾਉਣੇ, ਬੱਚੇਦਾਨੀ ਕੱਢਣੀ, ਆਮ ਵਰਤਾਰਾ ਹੈ।ਪਿਛਲੇ ਸਮੇਂ ਵਿੱਚ ਅੰਮਿ੍ਤਸਰ, ਜਲੰਧਰ ਤੇ ਗੁੜਗਾਂਉ ਵਿੱਚ ਡਾਕਟਰਾਂ ਵਲੋਂ ਗੁਰਦਾ ਕੱਢਣ ਦੇ ਸਕੈਂਡਲ ਸਾਹਮਣੇ ਆਏ ਸਨ।ਮਰੀਜ਼ ਲੈ ਕੇ ਆਉਣ ਜਾਂ ਭੇਜਣ ਵਾਲੇ ਦਲਾਲਾਂ ਨੂੰ ਡਾਕਟਰ ਵਿਸ਼ੇਸ ਕਮਿਸ਼ਨ ਦਿੰਦੇ ਹਨ।

ਦੇਸ਼ ਅੰਦਰ ਛੇ ਕਰੋੜ ਤੋਂ ਵੱਧ ਲੋਕ ਸਿਹਤ ਖਰਾਬ ਹੋਣ ਕਰਕੇ ਕਰਜ਼ਾਈ ਹਨ।ਵਿਸ਼ਵ ਸਿਹਤ ਸੰਗਠਨ ਅਨੁਸਾਰ ਇਕ ਹਜ਼ਾਰ ਜਨਸੰਖਿਆ ਪਿੱਛੇ ਇਕ ਡਾਕਟਰ ਹੋਣਾ ਚਾਹੀਦਾ ਹੈ ਜਦ ਕਿ ਭਾਰਤ ਵਿਚ 12000 ਆਬਾਦੀ ਪਿੱਛੇ ਇਕ ਡਾਕਟਰ ਹੈ।ਇਸ ਭੱਜ ਦੌੜ ਤੇ ਟੈਨਸ਼ਨ ਕਾਰਨ ਆਮ ਆਦਮੀ ਦੀ ਔਸਤ ਉਮਰ ਨਾਲੋਂ ਡਾਕਟਰਾਂ ਦੀ ਉਮਰ 10-15 ਸਾਲ ਘੱਟ ਹੋਣ ਬਾਰੇ ਖਬਰਾਂ ਛਪੀਆਂ ਹਨ।

ਅਸਲ ਵਿੱਚ ਇਸ ਦੀ ਜੜ੍ਹ ਤਿੰਨ ਤਿੰਨ ਕਰੋੜ ਵਿਚ MBBS ਦੀਆਂ ਸੀਟਾਂ ਤੇ 50 ਲੱਖ ਤੋਂ ਵੱਧ ਫੀਸ ਤੇ ਐਨ ਆਰ ਆਈ ਕੋਟੇ ਵਿੱਚ 75 ਲੱਖ ਤੋਂ ਵੱਧ ਦੀਆਂ ਫੀਸਾਂ ਹਨ।

ਡਾਕਟਰਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਮੈਡੀਕਲ ਕੌਂਸਲ ਆਫ ਇੰਡੀਆ ਤੇ ਡਾਕਟਰ ਯੂਨੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਡਾਕਟਰਾਂ ਦਾ ਪੁਰਾਣਾ ਇੱਜ਼ਤ ਮਾਣ ਬਹਾਲ ਹੋ ਸਕੇ।

ਡਾਕਟਰ ਦੀ ਅਜਿਹੀ ਸ਼ਖਸੀਅਤ ਹੋਣੀ ਚਾਹੀਦੀ ਹੈ ਕਿ ਉਸ ਦੀ ਬੋਲੀ ਵਿੱਚ ਨਿਮਰਤਾ ਤੇ ਮਿਠਾਸ ਹੋਵੇ, ਜੇ ਡਾਕਟਰ ਮਰੀਜ ਨੂੰ ਕੁਝ ਸਮਾਂ ਦੇ ਕੇ ਉਸਦੀ ਪੂਰੀ ਗੱਲ ਸੁਣ ਲਵੇ ਤਾਂ ਮਰੀਜ ਅੱਧਾ ਤਾਂ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ।ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਾਰਨ ਵੀ ਮਰੀਜਾਂ ਨੂੰ ਸਮਾਂ ਘੱਟ ਲਗਦਾ ਹੈ ਤੇ ਉਹ ਮਾਨਸਿਕ ਤੌਰ ‘ਤੇ ਸੋਚਣ ਲਗ ਪੈਂਦੇ ਹਨ ਕਿ ਡਾਕਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ।ਫਿਰ ਵੀ ਕੁਝ ਗਿਣਤੀ ਅਜਿਹੇ ਜਾਗਦੀ ਜ਼ਮੀਰਾਂ ਵਾਲੇ ਡਾਕਟਰਾਂ ਦੀ ਹੈ ਜੋ ਡਾਕਟਰੀ ਕਿੱਤੇ ਨੂੰ ਇਨਸਾਨੀਅਤ ਧਰਮ ਸਮਝ ਕੇ ਜਿਥੇ ਚੰਗੀਆ, ਸਸਤੀਆਂ ਸੇਵਾਵਾਂ ਦੇ ਰਹੇ ਹਨ ਉਥੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਕਰਨ ਰਹੇ ਹਨ।ਉਹ ਲੋੜਵੰਦ ਤੇ ਗਰੀਬਾਂ ਮਰੀਜ਼ਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕੇ ਦਵਾਈਆਂ ਵੀ ਲੈ ਕੇ ਦਿੰਦੇ ਹਨ। ਡਾਕਟਰਾਂ ਨੂੰ ਇਸ ਪਵਿੱਤਰ ਕਿੱਤੇ ਨੂੰ ਪੈਸੇ ਦੇ ਲਾਲਚ ਤੋਂ ਦੂਰ ਰੱਖ ਕੇ ਇਸ ਨੂੰ ਬੇਦਾਗ਼ ਰੱਖਣਾ ਚਾਹੀਦਾ ਹੈ।

Check Also

ਖੇਤੀ ਆਰਡੀਨੈਂਸ: ਕਿਸਾਨਾਂ ਦਾ ਰੋਹ; ਹਰਸਿਮਰਤ ਕੌਰ ਬਾਦਲ ਦਾ ਅਸਤੀਫਾ – ਪੜ੍ਹੋ ਪ੍ਰਤੀਕਰਮ

-ਅਵਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ …

Leave a Reply

Your email address will not be published. Required fields are marked *