ਕਿਸਾਨਾਂ ਲਈ ਕੀਮਤੀ ਜਾਣਕਾਰੀ – ਜੂਨ ਮਹੀਨੇ ਦੇ ਖੇਤੀ ਰੁਝੇਵੇਂ

TeamGlobalPunjab
30 Min Read

ਕਮਾਦ : ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਆ ਦੀ ਦੂਸਰੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਆਗ ਦੇ ਗੜੂੰਏਂ ਦੇ ਹਮਲੇ ਦੀ ਰੋਕਥਾਮ ਲਈ ਜੂਨ ਦੇ ਅਖਰੀਲੇ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਜੇਕਰ ਹਮਲਾ 5% ਤੋ ਵੱਧ ਹੋਵੇ ਤਾਂ 10 ਕਿਲੋ ਫਰਟੇਰਾ 0.4 ਜੀ ਆਰ ਜਾਂ 12 ਕਿਲੋ ਕਾਰਬੋਫਿਊਰਾਨ 3 ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਖਾ ਦੇ ਮੁੱਢਾਂ ਨੇੜੇ ਪਾਉ ਅਤੇ ਹਲਕੀ ਮਿੱਟੀ ਚਾੜ ਕੇ ਖੇਤ ਨੂੰ ਪਾਣੀ ਲਾ ਦਿਉ। ਇਸ ਮਹੀਨੇ ਕਈ ਵਾਰ ਕਾਲੇ ਖਟਮਲ ਦਾ ਹਮਲਾ ਖ਼ਾਸ ਕਰਕੇ ਮੁੱਢੇ ਕਮਾਦ ਤੇ ਕਾਫ਼ੀ ਖ਼ਤਰਨਾਕ ਹੁੰਦਾ ਹੈ। ਇਸ ਦੀ ਰੋਕਥਾਮ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਈ ਸੀ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਛਿੜਕਾਅ ਦਾ ਰੁਖ਼ ਸਿੱਧੇ ਪੱਤਿਆਂ ਦੀ ਗੋਭ ਵੱਲ ਕਰੋ। ਜ਼ਿਆਦਾ ਖੁਸ਼ਕ ਮੌਸਮ ਕਰਕੇ ਗੰਨੇ ਦੀ ਫ਼ਸਲ ਤੇ ਜੂੰ ਦਾ ਹਮਲਾ ਹੋ ਸਕਦਾ ਹੈ। ਕਮਾਦ ਦੀ ਫ਼ਸਲ ਲਾਗਿਉਂ ਬਰੂ ਦੇ ਬੂਟੇ ਪੁੱਟ ਦਿਉ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫਸਲ ਤੇ ਫੈਲਦੀ ਹੈ।

ਕਪਾਹ : ਜੇਕਰ ਇਟਸਿਟ ਪਹਿਲੇ ਪਾਣੀ ਨਾਲ ਜਾਂ ਬਾਰਸ਼ਾਂ ਦੇ ਨਾਲ ਫ਼ਸਲ ਵਿੱਚ ੳੱੁਗ ਪਵੇ ਤਾਂ ਇੱਕ ਲਿਟਰ ਸਟੌਂਪ 30 ਈ ਸੀ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਕਪਾਹ ਨੂੰ ਪਾਣੀ ਲਾਉਣ ਤੋਂ ਪਿੱਛੋਂ ਵਰਤੋ। ਸਟੌਂਪ ਨਦੀਨ ਨਾਸ਼ਕ ੳੱੁਗੇ ਹੋਏ ਨਦੀਨਾਂ ਨੂੰ ਨਹੀਂ ਮਾਰਦੀ।ਇਸ ਲਈ ਨਦੀਨ ਨਾਸ਼ਕ ਦੀ ਵਰਤੋਂ ਤੋਂ ਪਹਿਲਾਂ ਉੱਗੇ ਨਦੀਨਾਂ ਦੀ ਗੋਡੀ ਕਰ ਦਿਓ।ਇਸ ਦੇ ਬਦਲ ਵਿੱਚ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲਿਟਰ ਪ੍ਰਤੀ ਏਕੜ ਹਿਟਵੀਡ ਮੈਕਸ 10 ਪ੍ਰਤੀਸ਼ਤ (ਪਾਇਰੀਥਾਇਉਬੈਕ ਸੋਡੀਅਮ 6% + ਕੁਇਜ਼ਾਲੋਫਾਪ ਇਥਾਇਲ 4%) ਦਾ ਛਿੜਕਾਅ ਕਰਨ ਤੇ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਨਦੀਨਨਾਸ਼ਕ ਲਪੇਟਾ ਵੇਲ (ਗੁਆਰਾ ਵੇਲ) ਦੀ ਵੀ 2 ਤੋਂ 5 ਪੱਤਿਆ ਦੀ ਅਵਸਥਾ ਤੇ ਚੰਗਾ ਰੋਕਥਾਮ ਕਰਦੀ ਹੈ। ਨਰਮੇ ਦੀ ਫ਼ਸਲ ਨੂੰ ਵਿਰਲਾ ਕਰਨ ਤੋਂ ਬਾਅਦ ਬੀ.ਟੀ. ਰਹਿਤ ਕਿਸਮਾਂ ਲਈ 33 ਕਿਲੋ ਯੂਰੀਆ ਅਤੇ ਬੀ ਟੀ/ਗੈਰ ਬੀ ਟੀ ਹਾਈਬਰਿੱਡ ਲਈ 45 ਕਿਲੋ ਯੂਰੀਆ ਪ੍ਰਤੀ ਏਕੜ ਪਾਉ।ਬੀ ਟੀ ਨਰਮੇ ਵਿੱਚ ਲੋੜ ਅਨੁਸਾਰ ਯੂਰੀਆ ਵਰਤਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਬੂਟਿਆਂ ਦੀ ਗਿਣਤੀ ਘੱਟ ਹੋਵੇ ਤਾਂ ਲਿਫਾਫਿਆਂ ਵਿੱਚ ਅਗਾਊਂ ਬੀਜੇ ਤਿੰਨ ਹਫ਼ਤੇ ਦੇ ਨਰਮੇ ਦੇ ਬੂਟੇ ਖੇਤ ਵਿੱਚ ਲਗਾ ਕੇ ਗਿਣਤੀ ਪੂਰੀ ਕਰ ਸਕਦੇ ਹੋ।

ਗਰੈਮਕਸੋਨ (ਪੈਰਾਕੁਏਟ) 0.5 ਲਿਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਰਤ ਕੇ ਨਰਮੇ ਦੀ ਬਿਜਾਈ ਤੋਂ 6-8 ਹਫਤੇ ਬਾਅਦ ਨਰਮੇ ਦੀਆਂ ਕਤਾਰਾਂ ਵਿਚਕਾਰ ਸਿੱਧਾ ਛਿੜਕਾਅ ਕਰਕੇ ਨਦੀਨਾਂ ਤੇ ਚੰਗਾ ਕਾਬੂ ਪਾਇਆ ਜਾ ਸਕਦਾ ਹੈ। ਨਰਮੇ ਦੇ ਬੂਟਿਆਂ ਦੇ ਪੱਤਿਆਂ ਤੇ ਛਿੜਕਾਅ ਨਹੀ ਪੈਣਾ ਚਾਹੀਦਾ। ਨਰਮੇ ਦੀ ਬਿਜਾਈ ਤੋਂ 6-8 ਹਫ਼ਤਿਆਂ ਬਾਅਦ ਗੋਡੀ ਕਰਕੇ ਵੀ ਨਦੀਨ ਕੱਢੇ ਜਾ ਸਕਦੇ ਹਨ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾ ਜਿਵੇਂ ਕਿ ਬੈਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ ਤੇ ਵੀ ਪਾਇਆ ਜਾਦਾਂ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ। ਇਸ ਮਹੀਨੇ ਨਰਮੇ ਦੀ ਫਸਲ ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਹਰੇ ਤੇਲੇ ਦੀ ਰੋਕਥਾਮ ਲਈ 300 ਮਿਲੀਲਿਟਰ ਕੀਫਨ 15 ਈ ਸੀ (ਟੋਲਫੈਨਪਾਇਰੈਡ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 60 ਗਾ੍ਰਮ ਓਸ਼ੀਨ 20 ਐਸ ਸੀ ਜਾਂ 40 ਮਿਲੀਲਿਟਰ ਇਮੀਡਾਸੈੱਲ ਮਾਰਕਡੋਲ/ਇਸੋਰਾਸ਼ੀ 17.8 ਐਸ ਐਲ ਜਾਂ ਕਾਨਫੀਡੈਂਸ-555 ਜਾਂ 300 ਮਿਲੀਲਿਟਰ ਨਿਓਨ 5 ਈ ਸੀ (ਫੈਨਪਾਇਰੋਕਸੀਮੇਟ) ਜਾਂ 40 ਗ੍ਰਾਮ ਐਕਟਾਰਾ/ਦੋਤਾਰਾ/ਥੌਮਸਨ 25 ਡਬਲਯੂ ਜੀ (ਥਾਇਆਮੀਥਾਕਸਮ) ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਖੇਤਾਂ ਵਿੱਚੋਂ ਸ਼ੁਰੂ ਤੋਂ ਹੀ ਲੀਫ਼ ਕਰਲ ਵਾਲੇ ਬੂਟੇ ਸਮੇਂ-ਸਮੇਂ ਸਿਰ ਪੁੱਟ ਕੇ ਦਬਾਉਂਦੇ ਰਹੋ। ਸਿਫ਼ਾਰਸ਼ ਕੀਤੇ ਕੀਟਨਾਸ਼ਕ ਵਰਤ ਕੇ ਚਿੱਟੀ ਮੱਖੀ ਦੀ ਰੋਕਥਾਮ ਕਰੋ। ਖੇਤਾਂ ਦੇ ਆਲੇ ਦੁਆਲੇ ਨਦੀਨਾਂ ਦੀ ਰੋਕਥਾਮ ਕਰੋ ਤਾਂ ਜੋ ਮਿਲੀਬੱਗ ਇਨ੍ਹਾਂ ਨਦੀਨਾਂ ਤੇ ਆਪਣਾ ਵਾਧਾ ਨਾ ਕਰ ਸਕੇ ਅਤੇ ਫ਼ਸਲ ਇਸ ਦੇ ਹਮਲੇ ਤੋਂ ਬਚੀ ਰਹੇ। ਪੈਰਾ ਵਿਲਟ ਕਾਰਨ ਨਰਮੇ ਦੇ ਬੂਟੇ ਪਾਣੀ ਲੱਗਣ ਤੋਂ ਬਾਅਦ ਮੁਰਝਾਅ ਜਾਂਦੇ ਹਨ। ਇਸ ਦੀ ਰੋਕਥਾਮ ਲਈ ਕੋਬਾਲਟ ਕਲੋਰਾਈਡ 10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਕਰੋ। ਇਹ ਛਿੜਕਾਅ ਉਸ ਵੇਲੇ ਕਰਨਾ ਹੈ ਜਦੋਂ ਬੂਟਾ ਮੁਰਝਾਉਣਾ ਸ਼ੁਰੂ ਹੋਵੇ।

- Advertisement -

ਝੋਨਾ: ਅੱਧ ਮਈ ਵਿੱਚ ਬੀਜੀ ਗਈ ਝੋਨੇ ਦੀ ਪਨੀਰੀ ਨੂੰ ਯੂਰੀਆ ਦੀ ਦੂਸਰੀ ਖੁਰਾਕ (26 ਕਿਲੋ/ਏਕੜ) ਪਾਉ ਤਾਂ ਜੋ ਖੇਤ ਵਿੱਚ ਲਗਾਉਣ ਲਈ ਪਨੀਰੀ ਸਮੇਂ ਸਿਰ ਤਿਆਰ ਹੋ ਜਾਵੇ। ਝੋਨੇ ਦੀਆਂ ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 124, ਪੀ ਆਰ 123, ਪੀ ਆਰ 121, ਪੀ ਆਰ 122, ਪੀ ਆਰ 114 ਅਤੇ ਪੀ ਆਰ 113 ਕਿਸਮਾਂ ਨੂੰ 20 ਜੂਨ ਤੋਂ ਅਤੇ ਪੀ ਆਰ 126 ਨੂੰ 25 ਜੂਨ ਤੋਂ ਖੇਤਾਂ ਵਿੱਚ ਲਗਾਉਣੀਆਂ ਸ਼ੁਰੂ ਕਰ ਦਿਉ। ਝੋਨੇ ਦੀ ਪੀ ਆਰ 126 ਕਿਸਮ ਜਲਦੀ ਖੇਤ ਖ਼ਾਲੀ ਕਰ ਦਿੰਦੀ ਹੈ ਅਤੇ ਆਲੂ, ਮਟਰ ਅਤੇ ਬਰਸੀਮ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ। ਖੇਤ ਵਿੱਚ ਲਾਉਣ ਸਮੇਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30-35 ਦਿਨਾਂ ਦੀ ਜਦਕਿ ਥੌੜਾ ਸਮਾਂ ਲੈਣ ਵਾਲੀਆਂ ਕਿਸਮਾਂ ( ਪੀ ਆਰ 126 ਅਤੇ ਪੀ ਆਰ 124) ਲਈ 25 ਤੋਂ 30 ਦਿਨ੍ਹਾਂ ਦੀ ਪਨੀਰੀ ਵਰਤੋਂ ।ਆਮ ਕਰਕੇ ਹਲਕੀਆਂ ਜ਼ਮੀਨਾਂ ਤੇ ਝੋਨੇ ਦੀ ਪਨੀਰੀ ਪੀਲੀ ਜਾਂ ਚਿੱਟੀ ਜਿਹੀ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ 0.5 ਤੋਂ 1 ਕਿਲੋ ਫੈਰਸ ਸਲਫੇਟ, 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਹਫ਼ਤੇ-ਹਫਤੇ ਦੇ ਵਕਫੇ ਤੇ ਇਹ ਛਿੜਕਾਅ 2-3 ਵਾਰੀ ਦੁਹਰਾਉ। ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਸਮੇਂ ਦਰਮਿਆਨੀਆਂ ਜ਼ਮੀਨਾਂ ਵਿੱਚ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਪਰ ਜੇਕਰ ਯੁਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਨੀ ਹੋਵੇ ਤਾਂ ਬਿਜਾਈ ਵੇਲੇ 25 ਕਿਲੋ ਯੂਰੀਆ/ਏਕੜ ਪਾਉ। ਜਿੱਥੇ ਕਣਕ ਤੋਂ ਬਾਅਦ ਝੋਨਾ ਬੀਜਣਾ ਹੋਵੇ ਅਤੇ ਸਿਫ਼ਾਰਸ਼ ਕੀਤੀ ਗਈ ਫਾਸਫੋਰਸ ਕਣਕ ਨੂੰ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖਾਦ ਨਾ ਪਾਉ। ਮਿੱਟੀ ਪਰਖ ਦੇ ਆਧਾਰ ਤੇ ਜਿਨ੍ਹਾਂ ਖੇਤਾਂ ਫਾਸਫੋਰਸ ਘੱਟ ਹੈ, ਉੱਥੇ 75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਖਾਦਾਂ ਦੀ ਸਹੀ ਅਤੇ ਸੰਤੁਲਿਤ ਵਰਤੋਂ ਕਰੋ। ਝੋਨੇ ਵਿੱਚ ਜ਼ਿੰਕ ਦੀ ਘਾਟ ਦੂਰ ਕਰਨ ਲਈ ਜੇ ਲੋੜ ਹੋਵੇ ਤਾਂ ਕੱਦੂ ਕਰਨ ਸਮੇਂ ਹੀ 25 ਕਿਲੋ ਜ਼ਿੰਕ ਸਲਫੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇਕਰ ਹਰੀ ਖਾਦ ਲਈ ਢੈਂਚਾ ਬੀਜਿਆ ਹੈ ਤਾਂ ਇਸ ਨੂੰ ਕੱਦੂ ਕਰਨ ਸਮੇਂ ਖੇਤ ਵਿੱਚ ਵਾਹ ਦਿਉ। ਜੇਕਰ ਹਰੀ ਖਾਦ ਕਰਨੀ ਹੋਵੇ ਤਾਂ ਪਨੀਰੀ ਲਗਾੳਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫਸਲ ਖੇਤ ਵਿੱਚ ਦਬਾ ਦਿਉ। ਨਦੀਨਾਂ ਦੀ ਰੋਕਥਾਮ ਲਈ 45 ਗ੍ਰਾਮ ਟੋਪਸਟਾਰ 80 ਤਾਕਤ ਜਾਂ 60 ਗ੍ਰਾਮ ਸਾਥੀ (ਪਾਈਰੋਜ਼ੋਸਲਫੂਰਾਨ ਈਥਾਈਲ) 10 ਤਾਕਤ ਜਾਂ 1200 ਮਿਲੀਲਿਟਰ ਕੋਈ ਵੀ ਸਿਫ਼ਾਰਸ਼ ਕੀਤੀ ਨਦੀਨਨਾਸ਼ਕ ਬੂਟਾਕਲੋਰ 50 ਤਾਕਤ ਜਾਂ 500 ਮਿਲੀਲਿਟਰ ਅਨੀਲੋਫਾਸ 30 ਤਾਕਤ ਜਾਂ ਪਰੀਟੀਲਾਕਲੋਰ 50 ਤਾਕਤ 600 ਮਿਲੀਲਿਟਰ ਜਾਂ ਪਰੀਟੀਲਾਕਲੋਰ 37 ਈ ਡਬਲਯੂ 750 ਮਿਲੀਲਿਟਰ ਜਾਂ ਸਟੌਂਪ 30 ਤਾਕਤ 1000-1200 ਮਿਲੀਲਿਟਰ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਦੋ-ਤਿੰਨ ਦਿਨਾਂ ਦੇ ਵਿੱਚ ਖੜ੍ਹੇ ਪਾਣੀ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਨਦੀਨਨਾਸ਼ਕ ਦਾ ਇੱਕਸਾਰ ਛੱਟਾ ਦਿਉ।

ਪੰਜਾਬ ਬਾਸਮਤੀ-7, ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-4, ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ 2, ਪੂਸਾ 1121, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਬਾਸਮਤੀ 386, ਬਾਸਮਤੀ 370, ਸੀ ਐਸ ਆਰ 30, ਪੂਸਾ ਬਾਸਮਤੀ-1509 ਅਤੇ ਪੂਸਾ ਬਾਸਮਤੀ 1637 ਕਿਸਮਾਂ ਪ੍ਰਕਾਸ਼ ਸੰਵੇਦਨਸ਼ੀਲ ਹਨ ਜੋ ਠੰਢੇ ਤਾਪਮਾਨ ਵਿੱਚ ਪੱਕਦੀਆਂ ਹਨ। ਇਸ ਲਈ ਇਨ੍ਹਾਂ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿੱਚ ਹੀ ਬੀਜੋ।ਬਾਸਮਤੀ ਕਿਸਮਾਂ ਨੂੰ ਪੈਰ ਗਲਣ ਦੇ ਰੋਗ ਤੋਂ ਬਚਾਉਣ ਲਈ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਨੂੰ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ ਨਾਲ ਸਿਫਾਰਸ ਮੁਤਾਬਿਕ ਸੋਧ ਲਓ।

ਮੱਕੀ : ਨੀਮ ਪਹਾੜੀ ਇਲਾਕਿਆਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮੱਕੀ ਦੀ ਬਿਜਾਈ ਸ਼ੁਰੂ ਕਰ ਦਿਉ। ਜੇਕਰ ਨਦੀਨ ਨਾ ਹੋਣ ਤਾਂ ਵਹਾਈ ਤੋਂ ਬਗੈਰ ਵੀ ਬਿਜਾਈ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਘੁਲਣਸ਼ੀਲ (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਨੂੰ ਭਾਰੀਆਂ ਜ਼ਮੀਨਾਂ ਲਈ ਅਤੇ 500 ਗ੍ਰਾਮ ਨੂੰ ਹਲਕੀਆਂ ਜ਼ਮੀਨਾਂ ਲਈ ਬਿਜਾਈ ਦੇ ਦੱੱਸ ਦਿਨ ਅੰਦਰ ਵਰਤੋ।ਮੱਕੀ ਨੂੰ ਖਾਲੀਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਇਸ ਨਾਲ ਸਿੰਜਾਈ ਵਾਲਾ ਪਾਣੀ ਵੀ ਬਚੇਗਾ ਅਤੇ ਫ਼ਸਲ ਵੀ ਨਹੀਂ ਡਿੱਗੇਗੀ। ਜੇਕਰ ਮੱਕੀ, ਕਣਕ ਤੋਂ ਬਾਅਦ ਬੀਜਣੀ ਹੋਵੇ ਜਿਸਨੂੰ ਫਾਸਫੋਰਸ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਪਾਈ ਹੋਵੇ ਤਾਂ ਮੱਕੀ ਨੂੰ ਇਹ ਖਾਦ ਪਾਉਣ ਦੀ ਲੋੜ ਨਹੀ।ਪੀ ਐਮ ਐਚ 11, ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਲਈ 37 ਕਿਲੋ ਯੂਰੀਆ/ਏਕੜ ਅਤੇ ਪੀ ਐਮ ਐਚ 2, ਕੇਸਰੀ ਅਤੇ ਪਰਲ ਪੋਪਕਰੋਨ ਕਿਸਮਾਂ ਲਈ 25 ਕਿਲੋ ਯੂਰੀਆ/ਏਕੜ ਬਿਜਾਈ ਵੇਲੇ ਪਾਉ। ਜੇਕਰ ਦੇਸੀ ਰੂੜੀ 6 ਟਨ ਪ੍ਰਤੀ ਏਕੜ ਦੇ ਹਿਸਾਬ ਹਰ ਸਾਲ ਪਾਈ ਹੈ ਤਾਂ ਬਿਜਾਈ ਸਮੇਂ ਹੋਰ ਕੋਈ ਪਾਉਣ ਦੀ ਲੋੜ ਨਹੀਂ। ਹਰੀ ਖਾਦ ਅਤੇ ਦੇਸੀ ਰੂੜੀ ਮੱਕੀ ਦੀ ਫ਼ਸਲ ਲਈ ਬਹੁਤ ਵਧੀਆ ਰਹਿੰਦੀ ਹੈ।ਮੱਕੀ ਵਿੱਚ ਲੋੜ ਅਨੁਸਾਰ ਯੂਰੀਆ ਵਰਤਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੱਕੀ ਦਾ ਗੜੂੰਆਂ ਬੂਟੇ ਦੇ ਗੋਭ ਵਿਚਲੇ ਵਧਣ ਵਾਲੇ ਹਿੱਸੇ ਨੂੰ ਖਾ ਜਾਂਦਾ ਹੈ ਅਤੇ ਬੂਟਾ ਮਰ ਜਾਂਦਾ ਹੈ। ਇਸ ਦੀ ਰੋਕਥਾਮ ਲਈ 30 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਜਦੋਂ ਫ਼ਸਲ 2-3 ਹਫ਼ਤੇ ਦੀ ਹੋ ਜਾਵੇ ਤਾਂ ਛਿੜਕਾਅ ਸ਼ੁਰੂ ਕਰ ਦਿਉ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜਾ ਟਰਾਈਕੋਗ੍ਰਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।

ਫਾਲ ਅਰਮੀਵਰਮ ਦੀਆਂ ਛੋਟੀਆਂ ਸੰੁਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਛਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘ੈ’ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਇਸ ਕੀੜੇ ਦੇ ਵਾਧੇ ਅਤੇ ਫਲਾਅ ਨੂੰ ਸੀਮਿਤ ਕਰਨ ਲਈ ਮੱਕੀ ਦੀ ਬਿਜਾਈ ਨਾਲ ਲਗਦੇ ਖੇਤਾਂ ਵਿੱੱਚ ਥੋੜ੍ਹੇ ਥੋੜ੍ਹੇ ਵਕਫ਼ੇ ਤੇ ਨਾ ਕਰੋ । ਇਸ ਕੀੜੇ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ। ਜੇ ਹਮਲਾ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ ਡੈਲੀਗੇਟ 11.7 ਐਸ ਸੀ ਜਾਂ ਮਿਜ਼ਾਈਲ 5 ਐਸ ਜੀ ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ।

ਮੂੰਗਫ਼ਲੀ : ਬਰਾਨੀ ਹਾਲਤਾਂ ਵਿੱਚ ਮੂੰਗਫ਼ਲੀ ਦੀ ਬਿਜਾਈ ਜੂਨ ਦੇ ਅਖਰੀਲੇ ਹਫਤੇ ਤੋਂ ਬਾਰਸ਼ ਪੈਣ ਤੇ ਕਰੋ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਦਿਉ। ਵਧੀਆ ਝਾੜ ਲੈਣ ਲਈ ਮੋਟਾ ਬੀਜ ਵਰਤੋ। ਗਿੱਚੀ ਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 2 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ 18.5%+ਹੈਕਸਾਕੋਨਾਜੋਲ 1.5%) ਜਾਂ 1.5 ਗ੍ਰਾਮ ਸੀਡੈਕਸ ਜਾਂ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਸੋਧ ਲਉ।ਨਿਉਨਿਕਸ ਨਾਲ ਬੀਜ ਦੀ ਸੋਧ ਕਰਨ ਤੇ ਚਿੱਟੇ ਸੁੰਡ ਅਤੇ ਸਿਉਂਕ ਦੀ ਰੋਕਥਾਮ ਵੀ ਹੋ ਜਾਂਦੀ ਹੈ । 38 ਕਿਲੋ ਗਿਰੀਆਂ ਐਮ-522 ਅਤੇ ਐਸ ਜੀ 84 ਲਈ ਅਤੇ 40 ਕਿਲੋ ਐਸ ਜੀ 99 ਲਈ ਵਰਤੋ।

- Advertisement -

ਬੀਜਾਈ ਸਮੇਂ 50 ਕਿਲੋ ਸਿੰਗਲ ਸੁਪਰਫਾਸਫੇਟ, 50 ਕਿਲੋ ਜਿਪਸਮ ਅਤੇ 13 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਉ।
ਸਾਉਣੀ ਦੀਆਂ ਦਾਲਾਂ: ਮਾਂਹ ਦੀ ਬਿਜਾਈ ਜੂਨ ਦੇ ਅਖ਼ੀਰਲੇ ਹਫ਼ਤੇ ਖਾਸ ਕਰਕੇ ਹਲਕੀਆਂ ਜ਼ਮੀਨਾਂ ਤੇ ਕਰਨੀ ਚਾਹੀਦੀ ਹੈ।ਮਾਂਹ ਨੂੰ 11 ਕਿਲੋ ਯੂਰੀਆ, 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉ।

ਸੋਇਆਬੀਨ : ਸੋਇਆਬੀਨ ਦੀ ਐੱਸ ਐੱਲ 958, ਐਸ ਐਲ 744 ਜਾਂ ਐੱਸ ਐੱਲ 525 ਕਿਸਮ ਵਰਤੋ ਕਿਉਂਕਿ ਇਹ ਪੀਲੇ ਵਿਸ਼ਾਣੂ ਰੋਗ ਨੂੰ ਸਹਾਰਨ ਦੀ ਸਮਰਥਾ ਰੱਖਦੀ ਹੈ। 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਵਰਤੋ। ਜੇਕਰ ਸੋਇਆਬੀਨ ਪਹਿਲੀ ਵਾਰ ਬੀਜ ਰਹੇ ਹੋ ਤਾਂ ਬੀਜ ਨੂੰ ਬੀਜਣ ਤੋਂ ਪਹਿਲਾਂ (ਰਾਈਜੋਬੀਅਮ) ਜੀਵਾਣੂੰ ਦਾ ਟੀਕਾ ਲਾ ਕੇ ਸੋਧ ਲਵੋ। ਇਹ ਜੀਵਾਣੂੰ ਦਾ ਟੀਕਾ ਫ਼ਸਲ ਦੀ ਨਾਈਟਰੋਜਨ ਤੱਤ ਦੀ ਘਾਟ ਨੂੰ ਪੂਰਾ ਕਰਦਾ ਹੈ।ਫ਼ਸਲ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਫ਼ਸਲ 3-4 ਸੈਂਟੀਮੀਟਰ ਡੂੰਘੀ ਅਤੇ ਕਤਾਰਾਂ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਬੀਜੋ। ਇਸ ਫ਼ਸਲ ਦੀ ਬਿਜਾਈ ਬੈੱਡਾਂ ਤੇ ਵੀ ਕਰ ਸਕਦੇ ਹੋ। ਬੈੱਡਾਂ ਤੇ ਬੀਜੀ ਫ਼ਸਲ ਨੂੰ ਬਾਰਸ਼ਾਂ ਦਾ ਖੜ੍ਹਾ ਪਾਣੀ ਨੁਕਸਾਨ ਨਹੀਂ ਕਰਦਾ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਦੇ ਦੋ ਦਿਨਾਂ ਅੰਦਰ ਸਟੌਂਪ 30 ਤਾਕਤ 600 ਮਿਲੀਲਿਟਰ ਪ੍ਰਤੀ ਏਕੜ ਦਾ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।ਇਸ ਦੇ ਬਦਲ ਵੱਜੋ 300 ਮਿਲੀਟਿਲਰ ਪ੍ਰਤੀ ਏਕੜ ਪਰੀਮੇਜ਼ 10 ਐਸ ਐਲ ਨੂੰ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰੋ। ਵੱਧ ਝਾੜ ਲੈਣ ਲਈ 4 ਟਨ ਦੇਸੀ ਰੂੜੀ ਪ੍ਰਤੀ ਏਕੜ ਪਾਉ। ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜਿੱਥੇ ਸੋਇਆਬੀਨ ਕਣਕ ਤੋਂ ਬਾਅਦ ਬੀਜੀ ਗਈ ਹੈ ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ, ਉੱਥੇ ਸੋਇਆਬੀਨ ਨੂੰ 150 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਹੀ ਪਾਉ।

ਹਰੇ ਚਾਰੇ ਦੀ ਕਾਸ਼ਤ : ਬੀਜ ਲਈ ਬਰਸੀਮ ਦੀ ਫ਼ਸਲ ਨੂੰ ਕੱਟ ਕੇ ਸੁਕਾ ਲਵੋ ਅਤੇ ਛੱਟ ਕੇ ਬਾਰਸ਼ਾਂ ਤੋਂ ਪਹਿਲਾਂ ਸੰਭਾਲ ਲਵੋ। ਚਾਰੇ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ ਅਤੇ ਸੋਕਾ ਨਾ ਲੱਗਣ ਦੇਵੋ। ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਲਈ ਚਾਰੇ ਵਾਲੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰਦੇ ਰਹੋ। ਚਾਰੇ ਵਾਲੀ ਫ਼ਸਲ ਦੀ ਕਟਾਈ ਢੁਕਵੇਂ ਸਮੇਂ ਤੇ ਕਰੋ ਜਾਂ ਜਦੋਂ ਫ਼ਸਲ ਕਟਾਈ ਦੀ ਅਵਸਥਾ ਵਿੱਚ ਹੋਵੇ। ਇਸ ਤਰ੍ਹਾਂ ਪਸ਼ੂਆਂ ਨੂੰ ਸਸਤਾ ਤੇ ਵਧੀਆ ਚਾਰਾ ਮਿਲ ਸਕੇਗਾ ਅਤੇ ਦੁੱਧ ਪੈਦਾ ਕਰਨ ਲਈ ਖ਼ਰਚਾ ਵੀ ਘਟੇਗਾ।

ਸਬਜ਼ੀਆਂ : ਭਿੰਡੀ ਦੀਆਂ ਪੰਜਾਬ ਸੁਹਾਵਣੀ ਜਾਂ ਪੰਜਾਬ 8 ਕਿਸਮਾਂ ਬੀਜਣੀਆਂ ਸ਼ੁਰੂ ਕਰ ਦਿਉ ਕਿਉਂਕਿ ਇਹ ਕਿਸਮਾਂ ਪੀਲੇ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। 15-20 ਟਨ ਗਲੀ ਸੜੀ ਰੂੜੀ ਤੋਂ ਇਲਾਵਾ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ।ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ਪਰ ਹਲਕੀਆਂ ਜ਼ਮੀਨਾਂ ਵਿੱਚ ਇਹ ਵਕਫ਼ਾ ਚਾਰ ਤੋਂ ਪੰਜ ਦਿਨਾਂ ਬਾਅਦ ਕਰ ਦਿਉ।

ਪਨੀਰੀ ਤਿਆਰ ਕਰਨਾ: 20-25 ਟੋਕਰੀਆਂ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿੱਚ ਰਲਾ ਦਿਉ ਅਤੇ ਪਾਣੀ ਦੇ ਦਿਉ। ਜਦੋਂ ਜ਼ਮੀਨ ਵੱਤਰ ਤੇ ਆ ਜਾਵੇ ਤਾਂ ਨਰਸਰੀ ਬੈੱਡ ਬਣਾਉ। ਗੋਭੀ ਦੀਆਂ ਅਗੇਤੀਆਂ ਕਿਸਮਾਂ ਦਾ 500 ਗ੍ਰਾਮ ਬੀਜ ਅਤੇ ਬੈਂਗਣ ਦੀਆਂ ਪੀ ਬੀ ਐਚ ਆਰ -41, ਪੀ ਬੀ ਐਚ ਆਰ-42, ਪੀ ਬੀ ਐਚ 3, ਪੰਜਾਬ ਬਰਸਾਤੀ, ਪੀ ਬੀ ਐਚ ਐਲ-5, ਪੰਜਾਬ ਰੌਣਕ ਅਤੇ ਪੰਜਾਬ ਭਰਪੂਰ ਕਿਸਮਾਂ ਦਾ 300 ਗ੍ਰਾਮ ਬੀਜ ਇੱਕ ਏਕੜ ਦੀ ਨਰਸਰੀ ਤਿਆਰ ਕਰਨ ਲਈ ਇੱਕ ਮਰਲੇ ਵਿੱਚ ਬਿਜਾਈ ਕਰੋ। ਸਾਉਣੀ ਦੇ ਗੰਢਿਆਂ ਦੀ ਐਗਰੀਫਾਊਂਡ ਡਾਰਕ ਰੈੱਡ ਕਿਸਮ ਦਾ 5 ਕਿਲੋ ਬੀਜ 8 ਮਰਲੇ ਜਗ੍ਹਾ ਵਿੱਚ ਬੀਜ ਕੇ ਇੱਕ ਏਕੜ ਦੀ ਪਨੀਰੀ ਤਿਆਰ ਕਰੋ ।

ਅਗਸਤ ਵਿੱਚ ਸਾਉਣੀ ਰੁੱਤ ਦੇ ਪਿਆਜ਼ ਬੀਜਣ ਲਈ ਤਿਆਰ ਕੀਤੀਆਂ ਗੰਢੀਆਂ ਨੂੰ ਪੁੱਟ ਲਓ ਅਤੇ ਉਨ੍ਹਾਂ ਨੂੰ ਬਿਜਾਈ ਕਰਨ ਲਈ ਟੋਕਰੀਆਂ ਵਿੱਚ ਪਾ ਕੇ ਠੰਢੀ ਜਗ੍ਹਾ ‘ਤੇ ਸੰਭਾਲ ਕੇ ਰੱਖ ਲਓ।

ਬਾਗਬਾਨੀ:
• ਬਹੁਤ ਸਾਰੇ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ, ਅੰਬ, ਨਾਸ਼ਪਾਤੀ, ਲੀਚੀ ਆਦਿ ਤੇ ਫ਼ਲਾਂ ਨਾਲ ਲੱਦੇ ਹੁੰਦੇ ਹਨ ਇਸ ਲਈ ਇਨ੍ਹਾਂ ਨੂੰ ਪਾਣੀ ਸਹੀ ਵਕਫ਼ੇ ਤੇ ਦਿੰਦੇ ਰਹੋ। ਲੀਚੀ ਦੇ ਦਰਖ਼ਤਾਂ ਨੂੰ ਹਫ਼ਤੇੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਘੱਟ ਫਟਦਾ ਹੈ ਅਤੇ ਫ਼ਲ ਦਾ ਆਕਾਰ ਵੀ ਵਧੀਆ ਹੁੰਦਾ ਹੈ। ਨਵੇਂ ਨਰਮ ਪੌਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਅਤੇ ਹਲਕੀਆਂ ਸਿੰਚਾਈਆਂ ਕਰਦੇ ਰਹੋ, ਤਣਿਆਂ ਤੇ ਚੂਨੇ ਦਾ ਘੋਲ ਲਗਾਉ ਜਾਂ ਕਿਸੇ ਬੋਰੀ ਜਾਂ ਕੱਪੜੇ ਨਾਲ ਢੱਕ ਦਿੳ।
• ਜੂਨ ਦੇ ਪਹਿਲੇ ਹਫਤੇ ਤੱਕ ਬੇਰਾਂ ਦੀ ਕਾਂਟ-ਛਾਂਟ ਪੂਰੀ ਕਰ ਲਵੋ ਅਤੇ ਬੇਰਾਂ ਨੂੰ ਛੰਗਾਈ ਤੋਂ ਬਾਅਦ ਦੇਸੀ ਰੂੜੀ ਪਾ ਦਿਉ।
• ਇਸ ਮਹੀਨੇ ਅਮਰੂਦਾਂ ਦੇ ਬੂਟਿਆਂ ਨੂੰ ਜੁਲਾਈ-ਅਗਸਤ ਅਉਣ ਵਾਲੇ ਫ਼ੁਟਾਰੇ ਦੇ ਚੰਗੇ ਵਾਧੇ ਲਈ ਰਸਾਇਣਿਕ ਖਾਦਾਂ ਪਾ
ਦਿਉ ਤਾਂ ਜੋ ਅਗਸਤ-ਸਤੰਬਰ ਵਿੱਚ ਵੱਧ ਤੋਂ ਵੱਧ ਫੁੱਲ ਪੈਣ।ਅਮਰੂਦਾਂ ਦੇ ਬਾਗਾ ਨੂੰ ਜੂਨ ਮਹੀਨੇ ਵਾਹ ਦਿਉ ਤਾਂ ਕਿ ਬਾਗ
• ਨਦੀਨ ਮੁਕਤ ਹੋ ਸਕਣ ਅਤੇ ਫੱਲ ਦੀ ਮੱਖੀ ਦੇ ਕੋਏ ਘੱਟ ਸਕਣ।
• ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਨੂੰ ਜੂਨ ਦੇ
ਅਖੀਰ ਵਿੱਚ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਢਕਿਆ ਜਾ ਸਕਦਾ ਹੈ ।
• ਅੰਬਾਂ ਦੇ ਬੂਟਿਆਂ ਦੇ ਫ਼ਲ ਹੋਣ ਕਰਕੇ ਇਸ ਮਹੀਨੇ ਇੱਕ ਕਿਲੋ ਹੋਰ ਕਿਸਾਨ ਖਾਦ ਪਾਉਣੀ ਚਾਹੀਦੀ ਹੈ।
• ਨਿੰਬੂ ਜਾਤੀ ਦੇ ਬੂਟਿਆਂ ਤੋ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3% (3 ਗ੍ਰਾਮ ਪਰਤੀ ਲਿਟਰ ਪਾਣੀ) ਜ਼ਿੰਕ ਸਲਫੇਟ ਦੇ
ਘੋਲ ਦਾ ਛਿੜਕਾਅ ਕਰੋ।
• ਨਿੰਬੂ ਜਾਤੀ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾਂ 160
ਗ੍ਰਾਮ ਐਕਟਾਰਾ/ਦੋਤਾਰਾ ਨੂੰ 25 ਡਬਲਯੂ ਜੀ 500 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਆੜੂ
ਦੀ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਹਮਲੇ ਵਾਲੇ ਫ਼ਲ ਤੋੜ ਕੇ ਘੱਟੋ-ਘੱਟ 60 ਸੈਂ.ਮੀ. ਡੂੰਘੇ ਦਬਾ ਦਿਉ।
• ਸੰਤਰੇ ਅਤੇ ਮਾਲਟਿਆਂ ਨੂੰ ਕੋਹੜ (ਸਕੈਬ) ਰੋਗ ਤੋਂ ਬਚਾਉਣ ਲਈ ਬੋਰਡੋ ਮਿਸ਼ਰਣ (2:2:250) ਜਾਂ 0.3 % ਕੌਪ
ਔਕਸਕਲੋਰਾਈਡ (3 ਗ੍ਰਾਮ ਪਰਤੀ ਲਿਟਰ ਪਾਣੀ) ਇਸੇ ਤਰ੍ਹਾਂ ਅੰਬਾਂ ਅਤੇ ਨਾਖ਼ਾਂ ਦੇ ਬੂਟਿਆਂ ਨੂੰ ਉੱਲੀ ਦੇ ਰੋਗਾਂ ਤੋ
ਬਚਾਉਣ ਲਈ ਵੀ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।
• ਅੰਗੂਰਾਂ ਦੇ ਗੁੱਛਿਆਂ ਨੂੰ ਗਲਣ ਤੋਂ ਬਚਾਉਣ ਲਈ 0.2 ਪ੍ਰਤੀਸ਼ਤ (2 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ੀਰਮ ਦਾ ਛਿੜਕਾਅ ਕਰੋ। ਇਹ ਛਿੜਕਾਅ ਤੁੜਾਈ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।
• ਇਸ ਤੋਂ ਇਲਾਵਾ ਜੁਲਾਈ-ਅਗਸਤ ਮਹੀਨੇ ਫਲਾਂ ਦੇ ਨਵੇਂ ਬਾਗ ਲਗਾਉਣ ਲਈ ਅੱੱਧ ਜੂਨ ਤੋਂ ਬਾਅਦ ਵਿਉਂਤਬੰਦੀ, ਟੋਏ ਪੁੱੱਟਣ ਅਤੇ ਭਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
ਵਣ ਖੇਤੀ

ਪਾਪਲਰ :
• ਫਾਪਲਰ ਦੇ ਸਹੀ ਵਾਧੇ ਅਤੇ ਗਰਮੀ ਤੋਂ ਬਚਾਉਣ ਲਈ ਬੂਟਿਆਂ ਨੂੰ ਦਸ ਦਿਨ ਦੇ ਵਕਫੇ ਤੇ ਸਿੰਚਾਈ ਦਿੰਦੇ ਰਹੋ।ਜਿੰਕ ਦੀ ਘਾਟ ਵਾਲੀਆਂ ਜਮੀਨਾਂ ਵਿੱਚ 100, 200 ਅਤੇ 300 ਗਰਾਮ ਜਿੰਕ ਸਲਫੇਟ (21 % ਜਿੰਕ) ਪ੍ਰਤੀ ਬੂਟੇ ਦੇ ਹਿਸਾਬ ਨਾਲ ਕ੍ਰਮਵਾਰ ਇੱਕ, ਤਿੰਨ ਅਤੇ ਪੰਜ ਸਾਲ ਦੀ ਉਮਰ ਦੀਆਂ ਪਲਾਂਟੇਸ਼ਨਾਂ ਨੂੰ ਪਾਓ। ਖਾਦ ਨੂੰ ਮਿੱਟੀ ਵਿੱਚ ਰਲਾ ਕੇ ਪਾ ਦਿਓ।
• ਪਾਪਲਰ ਦੇ ਪੱਤੇ ਝਾੜਨ ਵਾਲੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਪਲਾਂਟੇਸ਼ਨਾਂ ਵਿੱਚ ਜਿੰਨ੍ਹਾਂ ਪੱਤਿਆਂ ਉੱਤੇ ਇਨ੍ਹਾਂ ਸੁੰਡੀਆਂ ਦੇ ਆਂਡੇ ਹੋਣ ਉਹਨਾਂ ਨੂੰ ਤੋੜ ਕੇ ਇਕੱਠਾ ਕਰਕੇ ਨਸ਼ਟ ਕਰ ਦਿਉ। ਝੋਨੇ ਤੋਂ ਇਲਾਵਾ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਪਾਪਲਰ ਪਲਾਂਟੇਸ਼ਨਾਂ ਵਿੱਚ ਤਿੰਨ ਸਾਲ ਦੀ ਉਮਰ ਤੱਕ ਉਗਾਈਆਂ ਜਾ ਸਕਦੀਆਂ ਹਨ।

ਸਜਾਵਟੀ ਬੂਟੇ

ਗੁਲਦਾਉਦੀ : ਇਸ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਗੁਲਦਾਉਦੀ ਦੀਆਂ ਕਲਮਾਂ ਲਾ ਦਿਉ। ਕਲਮਾਂ ਬਣਾਉਣ ਲਈ ਗੁਲਦਾਉਦੀ ਦੇ ਬੂਟਿਆਂ ਦੇ 5-7 ਸੈ.ਮੀ. ਲੰਮੇ ਟੂਸੇ ਤੋੜ ਕੇ ਹੇਠਲੇ ਦੋ ਤਿਹਾਈ ਹਿੱਸੇ ਤੋਂ ਪੱਤੇ ਤੋੜ ਦਿਉ ਅਤੇ ਰੇਤ ਵਿਚ ਲਾ ਦਿਉ ।ਰੇਤੇ ਨੂੰ ਗਿੱਲਾ ਰੱਖੋ ਅਤੇ ਕਲਮਾਂ ਨੂੰ ਛਾਂ ਕਰ ਦਿਉ ।
ਮੌਸਮੀ ਫੁੱਲ: ਗਰਮੀ ਦੇ ਮੌਸਮੀ ਫੁੱਲਾਂ ਨੂੰ ਹਫ਼ਤੇ ਵਿੱਚ 2-3 ਵਾਰੀ ਪਾਣੀ ਦਿਉ। ਬਰਸਾਤ ਰੁੱਤ ਦੇ ਮੌਸਮੀ ਫੁੱਲ ਜਿਵੇਂ ਕਿ ਬਾਲਸਮ, ਗੈਲਾਰਡੀਆ, ਕੌਸਮੋਸ, ਕੁੱਕੜ ਕਲਗਾ ਆਦਿ ਦੀ ਪਨੀਰੀ ਤਿਆਰ ਕਰਨੀ ਸ਼ੁਰੂ ਕਰ ਦਿਉ। ਬਾਲਸਮ ਨੂੰ ਕਿਆਰੀਆਂ ਵਿੱਚ ਸਿੱਧਾ ਵੀ ਬੀਜਿਆ ਜਾ ਸਕਦਾ ਹੈ।
ਗੁਲਾਬ: ਗਰਮੀ ਦਾ ਮੌਸਮ ਸ਼ੁਰੂ ਹੋਣ ਕਰਕੇ ਗੁਲਾਬ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਫਿਰ ਵੀ ਬੂਟਿਆਂ ਨੂੰ ਫ਼ਾਲਤੂ ਪਾਣੀ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੜੂੰਏ, ਬੀਮਾਰ ਟਾਹਣੀਆਂ ਅਤੇ ਸੁੱਕੀਆਂ ਟਾਹਣੀਆਂ ਨੂੰ ਕੱਟਦੇ ਰਹੋ।
ਲਾਅਨ : ਇਸ ਮਹੀਨੇ ਲਾਅਨ ਨੂੰ ਹਫਤੇ ਵਿੱਚ ਦੋ ਵਾਰੀ ਪਾਣੀ ਜ਼ਰੂਰ ਦਿਉ।

ਪੱਕੇ ਬੂਟੇ : ਨਵੇਂ ਲੱਗੇ ਬੂਟਿਆਂ ਨੂੰ ਧੁੱਪ ਅਤੇ ਲੂ ਤੋਂ ਬਚਾਉਣ ਲਈ ਸਰਕੰਡੇ ਦੀ ਛਾਂ ਕਰੋ। ਬੋਗਨ-ਵਿਲੀਆ ਦੀਆਂ ਕਿਸਮਾਂ ਜਿੰਨ੍ਹਾਂ ਦੇ ਫੁੱਲ ਖ਼ਤਮ ਹੋ ਚੁੱਕੇ ਹਨ, ਉਨ੍ਹਾਂ ਦੀ ਕਾਂਟ-ਛਾਂਟ ਕਰ ਦਿਉ। ਪੱਕੇ ਬੂਟਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਜ਼ਰੂਰ ਦਿਉ।
ਗਮਲਿਆਂ ਵਾਲੇ ਬੂਟੇ : ਗਮਲਿਆਂ ਦੇ ਬੂਟਿਆਂ ਨੂੰ ਹਫਤੇ ਵਿੱਚ 2-3 ਵਾਰੀ ਪਾਣੀ ਜ਼ਰੂਰ ਦਿਉ। ਬਹੁਤਾ ਪਾਣੀ ਦੇਣ ਤੋ ਗੁਰੇਜ਼ ਕਰੋ। ਅੰਦਰ ਰੱਖੇ ਬੂਟਿਆਂ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਬਾਹਰ ਛਾਂ ਵਿੱਚ ਜ਼ਰੂਰ ਰੱਖੋ। ਗਮਲਿਆਂ ਵਾਲੇ ਪੌਦਿਆਂ ਨੂੰ ਇਕੱਠੇ ਕਰਕੇ ਗਰੁੱਪ ਬਣ ਕੇ ਰੱਖੋ।
ਡੇਅਰੀ ਫਾਰਮਿੰਗ

ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਹੇਹੇ ਵਿੱਚ ਆਉਣ ਦੇ 10-12 ਘੰਟੇ ਬਾਅਦ ਗਰਭਦਾਨ ਕਰਵਾਓ। ਜੇ ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਨਾ ਲਗਵਾਏ ਹੋਣ ਤਾਂ ਇਹ ਬਿਮਾਰੀਆਂ ਵੱਡਾ ਨੁਕਸਾਨ ਕਰ ਸਕਦੀਆਂ ਹਨ। ਸੋ ਜੇ ਟੀਕੇ ਪਹਿਲਾਂ ਨਹੀ ਲਵਾਏ ਤਾਂ ਲਵਾ ਲੈਣੇ ਚਾਹੀਦੇ ਹਨ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ, ਮੱਖੀਆਂ ਅਤੇ ਮਲੱਪਾਂ ਤੋਂ ਬਚਾਉਣਾ ਚਾਹੀਦਾ ਹੈ। ਸੋ, ਇਨ੍ਹਾਂ ਦੇ ਖਾਤਮੇ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈਡ ਅੰਦਰ ਰੱਖੋ।ਉਨ੍ਹਾਂ ਨੂੰ ਠੰਡਾ ਅਤੇ ਤਾਜ਼ਾ ਪਾਣੀ ਦਿਉ।ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜੇ ਲੋੜ ਹੋਵੇ ਤਾਂ ਸ਼ੈਡ ਅੰਦਰ ਕੂਲਰ ਅਤੇ ਛੱਤ ਵਾਲੇ ਪੱਖੇ ਮੁਹੱਈਆ ਕਰਨੇ ਚਾਹੀਦੇ ਹਨ ਅਤੇ ਪਾਣੀ ਦੇ ਛਿੜਕਾਅ ਲਈ ਫੁਹਾਰੇ ਲਗਾਓ,ਤਾਂ ਜੋ ਲੋੜੀਂਦਾ ਤਾਪਮਾਨ ਬਰਕਰਾਰ ਰੱਖਿਆ ਜਾ ਸਕੇ। ਜੇ ਗਰਮੀ ਨਾਲ ਪਸ਼ੂ ਦੀ ਨਕਸੀਰ ਫੁੱਟ ਜਾਵੇ ਤਾਂ ਉਸ ਦਾ ਸਿਰ ਉਪਰ ਚੁੱਕ ਕੇ ਬਰਫ ਵਾਲਾ ਠੰਡਾ ਪਾਣੀ ਸਿਰ ਉਪਰ ਪਾਉਣਾ ਚਾਹੀਦਾ ਹੈ। ਜੇ ਪਸ਼ੂਆਂ ਦਾ ਤਾਪ ਵੱਧਦਾ ਹੋਵੇ ਤਾਂ ਨੇੜੇ ਦੀ ਲੈਬਾਰਟਰੀ ਤੋਂ ਖੁਨ ਟੈਸਟ ਕਰਵਾਉਣਾ ਚਾਹੀਦਾ ਹੈ । ਪਸ਼ੂਆਂ ਨੂੰ ਖੁਰਾਕ ਠੰਡੇ ਵੇਲੇ, ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ।

ਮੁਰਗੀ ਪਾਲਣ: ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ। ਸ਼ੈਡ ਵਿੱਚ ਫੁਹਾਰੇ ਲਗਾਓ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ।ਖੁਰਾਕ ਵਿੱਚ ਪ੍ਰੋਟੀਨ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਦੇ ਤੱਤ ਮਿਲ ਸਕਣ। ਵੱਧ ਰਹੀਆਂ ਪੱਠਾਂ (6-10 ਹਫਤੇ) ਨੂੰ ਦਿਨ ਦੀ ਰੌਸ਼ਨੀ ਹੀ ਦੇਣੀ ਚਾਹੀਦੀ ਹੈ ਪਰ ਅੰਡੇ ਦੇ ਰਹੀਆ ਮੁਰਗੀਆਂ ਨੂੰ ਤੜਕੇ ਸਵੇਰੇ ਅਤੇ ਰਾਤ ਨੂੰ ਬਲਬਾਂ ਦੀ ਰੌਸ਼ਨੀ ਦੇ ਕੇ 16 ਘੰਟੇ ਰੌਸ਼ਨੀ ਪੂਰੀ ਕਰ ਦੇਣੀ ਚਾਹੀਦੀ ਹੇੈ। ਛੱਤ ਉੱਪਰ ਸਰਕੰਡੇ ਦੀ 2 ਇੰਚ ਮੋਟੀ ਤਹਿ ਵਿਛਾਉ ਤਾਂ ਜੋ ਸ਼ੈਡ ਅੰਦਰਲੇ ਤਾਪਮਾਨ ਨੂੰ ਘਟਾਇਆ ਜਾ ਸਕੇ। 6-8 ਹਫਤੇ ਦੀ ਉਮਰ ਤੇ ਪੱਠਾਂ ਨੂੰ ਰਾਣੀ ਖੇਤ ਦੇ ਆਰ-2 ਬੀ ਟੀਕੇ ਲਗਾਉਣੇ ਚਾਹੀਦੇ ਹਨ। ਇਹ ਦੁਵਾਈ ਪਾਣੀ ਜਾਂ ਲੱਸੀ ਵਿੱਚ ਨਹੀ ਪਿਲਾਉਣੀ ਚਾਹੀਦੀ। ਟੀਕੇ ਲੱਗੀਆਂ ਮੁਰਗੀਆਂ ਨੂੰ ਵਿਟਾਮਿਨ ਪਾਣੀ ਵਿੱਚ ਦੇਣੇ ਚਾਹੀਦੇ ਹਨ ਤਾਂ ਜੋ ਟੀਕਿਆਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ। ਜੇ ਆਂਡਿਆਂ ਦੀ ਪੈਦਾਵਾਰ ਵਿੱਚ ਅਚਾਨਕ ਗਿਰਾਵਟ ਆ ਜਾਵੇ ਤਾਂ ਮੁਰਗੀਆਂ ਦੇ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੁੱਕ ਵਿਧੀ ਸਿਸਟਮ ਵਿੱਚ ਮੁਰਗੀਆਂ ਨੂੰ ਸਮੇਂ ਸਿਰ ਮਲ੍ਹੱਪ ਰਹਿਤ ਕਰੋ। ਮੁਰਗੀਆਂ ਨੂੰ ਖੁਰਾਕ ਠੰਡੇ ਸਮੇ ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ ਅਤੇ ਫੀਡ ਵਿੱਚ ਤੇਲ ਦੀ ਮਾਤਰਾ 1-2% ਤੱਕ ਵਧਾ ਦਿਓ ਤਾਂ ਜੋ ਗਰਮੀਆਂ ਵਿੱਚ ਊਰਜਾ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਛੱਤ ਉਪੱਰ ਪਾਣੀ ਦੀ ਟੰਕੀ ਪੂਰੀ ਨਾ ਭਰੋ। ਪਾਣੀ ਵਿੱਚ 250 ਮਿਲੀ ਲਿਟਰ ਸਿਰਕਾ ਅਤੇ 120 ਮਿਲੀਲਿਟਰ ਸੈਨੀਟਾਈਜ਼ਰ 100 ਲਿਟਰ ਪਾਣੀ ਵਿੱਚ ਪਾਓ ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂਆਂ ਦਾ ਖਾਤਮਾ ਕੀਤਾ ਜਾ ਸਕੇ ਅਤੇ 10 ਗ੍ਰਾਮ ਨਸ਼ਾਦਰ 100 ਲਿਟਰ ਪਾਣੀ ਵਿੱਚ ਪਾਓ ਤਾਂ ਜੋ ਪਾਣੀ ਵਿੱਚ ਠੰਡਕ ਪੈਦਾ ਕੀਤੀ ਜਾ ਸਕੇ।
ਸ਼ਹਿਦ ਦੀਆਂ ਮੱਖੀਆਂ ਪਾਲਣਾ : ਇਸ ਮੌਸਮ ਵਿੱਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਸੰਘਣੀ ਛਾਂ ਹੇਠ ਰੱਖਣ ਦਾ ਪ੍ਰਬੰਧ ਕਰੋ। ਪਾਣੀ ਦੀ ਵਧੀ ਹੋਈ ਜ਼ਰੂਰਤ ਨੂੰ ਪੂਰਾ ਕਰਨ ਲਈ ਟਿਊਬਵੈੱਲ ਦੇ ਪਾਣੀ ਵਾਲੇ ਟੈਂਕ ਵਿਚ ਦਰਖ਼ਤਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦਿਉ ਜਿਨ੍ਹਾਂ ਉੱਪਰ ਬੈਠ ਕੇ ਸ਼ਹਿਦ ਮੱਖੀਆਂ ਪਾਣੀ ਲੈ ਸਕਣ। ਪਾਣੀ ਦੀ ਜ਼ਰੂਰਤ ਕਟੁੰਬਾਂ ਹੇਠ ਰੱਖੇ ਸਟੈਂਡਾਂ ਦੇ ਪਾਵਿਆਂ ਹੇਠ ਪਾਣੀ ਦੇ ਠੂਹਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ ਜਿਸ ਦਾ ਇੱਕ ਹੋਰ ਫ਼ਾਇਦਾ ਕਟੁੰਬਾਂ ਨੂੰ ਕੀੜੀਆਂ ਤੋਂ ਬਚਾਉਣਾ ਵੀ ਹੈ। ਕਟੁੰਬਾਂ ਨੂੰ ਹਵਾਦਾਰ ਬਨਾਉਣ ਲਈ ਬੌਟਮ ਬੋਰਡ ਤੇ ਬਰੂਡ ਚੈਂਬਰ ਦੇ ਵਿਚਕਾਰ ਅਤੇ ਬਰੂਡ ਚੈਂਬਰ ਤੇ ਸੁਪਰ ਚੈਂਬਰ ਦੇ ਵਿਚਕਾਰ ਪਤਲੇ-ਪਤਲੇ ਡੱਕੇ ਰੱਖ ਕੇ ਝੀਥ ਬਣਾਈ ਜਾ ਸਕਦੀ ਹੈ ਜਿਸ ਵਿੱਚੋਂ ਹਵਾ ਤਾਂ ਨਿਕਲ ਸਕੇ ਪ੍ਰੰਤੂ ਸ਼ਹਿਦ ਮੱਖੀ ਨਾ ਲੰਘ ਸਕੇ। ਬਰੂਡ ਚੈਂਬਰ ਨੂੰ ਬੌਟਮ ਬੋਰਡ ਤੋਂ ਥੋੜਾ ਹਿਲਾ ਕੇ ਅਤੇ ਇਸੇ ਤਰ੍ਹਾਂ ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਥੋੜ੍ਹਾ ਹਿਲਾ ਕੇ ਕਟੰੁਬਾਂ ਨੂੰ ਹਵਾਦਾਰ ਬਣਾਉਣ ਲਈ ਬਰੀਕ ਮੱਖੀ-ਟਾਈਟ ਝੀਥ ਬਣਾਈ ਜਾ ਸਕਦੀ ਹੈ। ਇਸ ਮੌਸਮ ਦੌਰਾਨ ਸੂਰਜਮੁਖੀ ਫ਼ਸਲ ਦਾ ਪੱਕਿਆ ਹੋਇਆ ਸ਼ਹਿਦ ਕਟੁੰਬਾਂ ਦੇ ਬਰੂਡ-ਰਹਿਤ ਛੱਤਿਆਂ ਵਿੱਚੋਂ ਤਰਜ਼ੀਹ ਦੇ ਤੌਰ ਤੇ ਸੁਪਰ ਚੈਂਬਰ ਵਿੱਚੋਂ ਕੱਢ ਲੈਣਾ ਚਾਹੀਦਾ ਹੈ। ਨੈਕਟਰ ਦੀ ਆਮਦ ਦੌਰਾਨ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਲੇਟਵੀਂ ਰਾਣੀ ਨਿਖੇੜੂ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖ਼ੁਰਾਕ ਦੀ ਲੁੱਟ) ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਸਾਰੇ ਸਬੰਧਤ ਲੋੜੀਂਦੇ ਇਹਤਿਆਤ ਅਤੇ ਢੰਗ ਜਰੂਰ ਵਰਤਣੇ ਚਾਹੀਦੇ ਹਨ।
ਖੁੰਬਾਂ ਦੀ ਕਾਸ਼ਤ:

ਬਟਨ ਖੁੰਬ ਦੀ ਕਾਸ਼ਤ (ਸਤੰਬਰ-ਮਾਰਚ) ਲਈ ਅਪ੍ਰੈਲ ਮਹੀਨੇ ਦੌਰਾਨ ਤਾਜ਼ੀ ਤੂੜੀ ਨੂੰ ਜਮਾਂ ਕਰੋ । ਕੇਸਿੰਗ ਮਿਟੀ ਬਣਾਉਣ ਲਈ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਖਾਦ ਨੂੰ ਸੁੱਕੀ ਥਾਂ ਤੇ ਜਮਾਂ ਕਰਕੇ ਰੱਖੋ ।ਪਰਾਲੀ ਦੇ ਪੂਲਿਆਂ ((1.5 ਕਿਲੋ) ਦੀ ਵਰਤੋਂ ਕਰਕੇ ਜੂਨ ਮਹੀਨੇ ਵਿੱਚ ਪਰਾਲੀ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ।ਪਰਾਲੀ ਦੇ ਬੈੱਡਾਂ ਤੇ ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਇਸ ਤਰਾਂ੍ਹ ਫ਼ਸਲ ਦੀ ਤੁੜਾਈ ਇੱਕ ਮਹੀਨੇ ਤੱਕ ਜਾਰੀ ਰਹਿੰਦੀ ਹੈ ।ਮਿਲਕੀ ਖੁੰਬ ਦੇ ਲਿਫਾਫੇ ਜਿੰਨ੍ਹਾਂ ਵਿਚ ਰੇਸ਼ਾ ਪੂਰੀ ਤਰਾਂ੍ਹ ਫੈਲਿਆ ਹੋਵੇ, 1 ਇੰਚ ਮੋਟੀ ਕੇਸਿੰਗ ਮਿਟੀ (ਕੀਟਾਣੂ ਰਹਿਤ ਰੂੜੀ ਖਾਦ ਅਤੇ ਰੇਤਲੀ ਮਿਟੀ 4:1) ਦੀ ਪਰਤ ਵਿਛਾ ਦਿੳ । ਕੇਸਿੰਗ ਕੀਤੇ ਲਿਫਾਫਿਆਂ ਵਿਚ 15-17 ਦਿਨਾਂ ਬਾਅਦ ਮਿਲਕੀ ਖੁੰਬ ਦੇ ਕਿਣਕੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ।

ਸੰਯੋਜਕ: ਅਮਰਜੀਤ ਸਿੰਘ, (ਸੰਗ੍ਰਹਿ ਕਰਤਾ: ਪ੍ਰਦੀਪ ਕੁਮਾਰ ਛੁਨੇਜਾ, ਰਾਜੀਵ ਕੁਮਾਰ ਗੁਪਤਾ, ਕਮਲਜੀਤ ਸਿੰਘ ਸੂਰੀ, ਆਮਿਤ ਕੌਲ, ਜਸਵਿੰਦਰ ਸਿੰਘ ਬਰਾੜ, ਗੁਰਵਿੰਦਰਪਾਲ ਸਿੰਘ ਢਿੱਲੋਂ, ਰਣਜੀਤ ਸਿੰਘ, ਰੂਮਾਂ ਦੇਵੀ , ਤੇਜਵੀਰ ਸਿੰਘ ਅਤੇ ਸਿਵਾਨੀ ਸ਼ਰਮਾ।)

Share this Article
Leave a comment