ਨਾਸਾ ਦੀ ਗਣਿਤ ਸ਼ਾਸਤਰੀ ਕੈਥਰੀਨ ਜੌਹਨਸਨ ਦਾ 101 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
2 Min Read

ਨਿਊਯਾਰਕ : ਅਮਰੀਕੀ ਪੁਲਾੜ ਏਜੰਸੀ ਦੀ ਪ੍ਰਸਿੱਧ ਗਣਿਤ ਸ਼ਾਸਤਰੀ ਕੈਥਰੀਨ ਜੌਹਨਸਨ ਦਾ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਨਾਸਾ ਨੇ ਸੋਮਵਾਰ ਨੂੰ ਦਿੱਤੀ। ਪੁਲਾੜ ਯਾਤਰਾ ਨਾਲ ਸਬੰਧਤ ਉਸ ਦੀਆਂ ਗਿਣਤੀਆਂ-ਮਿਣਤੀਆਂ ਨੇ ਮਨੁੱਖ ਨੂੰ ਪੁਲਾੜ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਕੈਥਰੀਨ ਦੀਆਂ ਗਣਨਾ ਸਦਕਾ ਹੀ ਮਨੁੱਖ ਨੂੰ ਸੁਰੱਖਿਅਤ ਰੂਪ ‘ਚ ਪੁਲਾੜ ਤੱਕ ਪਹੁੰਚਾਉਣ ‘ਚ ਸਫਲਤਾ ਮਿਲੀ ਸੀ।

ਕੈਥਰੀਨ ਜੌਹਨਸਨ ਨਾਸਾ ਦੇ ਕੰਪਿਊਟਰ ਪੂਲ ਦਾ ਹਿੱਸਾ ਰਹੇ ਸਨ। ਇਹ ਪੂਲ ਗਣਿਤ ਵਿਗਿਆਨੀਆਂ ਦਾ ਸਮੂਹ ਸੀ। ਇਸ ਸਮੂਹ ਦੁਆਰਾ ਬਣਾਏ ਗਏ ਅੰਕੜਿਆਂ ਦੀ ਸਹਾਇਤਾ ਨਾਲ ਹੀ ਨਾਸਾ ਨੇ ਆਪਣੇ ਪਹਿਲੇ ਪੁਲਾੜ ਮਿਸ਼ਨ ‘ਚ ਸਫਲਤਾ ਹਾਸਲ ਕੀਤੀ ਸੀ।

ਕੈਥਰੀਨ ਦਾ ਜਨਮ 26 ਅਗਸਤ 1918 ਨੂੰ ਅਮਰੀਕਾ ਦੇ ਵੈਸਟ ਵਰਜੀਨੀਆ ਦੇ ਵ੍ਹਾਈਟ ਸਲਫਰ ਸਪਰਿੰਗਜ਼ ‘ਚ ਹੋਇਆ ਸੀ। ਕੈਥਰੀਨ ਨੇ 1986 ‘ਚ ਨਾਸਾ ਤੋਂ ਸੰਨਿਆਸ ਲੈ ਲਿਆ ਸੀ। ਸਾਲ 2016 ‘ਚ ਕੈਥਰੀਨ ਦੇ ਜੀਵਨ ‘ਤੇ ਆਧਾਰਿਤ ਇੱਕ ਹਾਲੀਵੁੱਡ ਫਿਲਮ “ਹਿਟੇਨ ਫਿਗਰਸ” ਬਣਾਈ ਗਈ ਸੀ। ਫਿਲਮ ਨੂੰ ਜਨਵਰੀ 2017 ‘ਚ ਸਕ੍ਰੀਨ ਐਕਟਰਜ਼ ਗਿਲਡ ਅਵਾਰਡ ਮਿਲਿਆ ਸੀ। ਫਿਲਮ ‘ਚ ਕੈਥਰੀਨ ਦਾ ਕਿਰਦਾਰ ਟਾਰਾਜੀ ਪੀ ਹੇਨਸਨ ਨੇ ਨਿਭਾਇਆ ਸੀ।

ਕੈਥਰੀਨ ਜੌਹਨਸਨ ਨੂੰ ਸਾਲ 2015 ‘ਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ‘ਰਾਸ਼ਟਰਪਤੀ ਮੈਡਲ ਆਫ ਫਰੀਡਮ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਾਲ 2017 ‘ਚ ਨਾਸਾ ਨੇ ਕੈਥਰੀਨ ਦੇ ਸਨਮਾਨ ‘ਚ ਇੱਕ ਇਮਾਰਤ ਨੂੰ “ਕੈਥਰੀਨ ਜੀ ਜਾਨਸਨ ਕੰਪਿਊਟੇਸ਼ਨਲ ਰਿਸਰਚ ਫੈਸਿਲਿਟੀ” ਦਾ ਨਾਮ ਦਿੱਤਾ ਸੀ।

- Advertisement -

Share this Article
Leave a comment