ਸਰੀ: ਸਰੀ ਸ਼ਹਿਰ ਵਿੱਚ ਹੋਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਹ ਨਗਰ ਕੀਰਤਨ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਤੋਂ 22 ਅਪ੍ਰੈਲ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ । ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਸਮਾਗਮ ਪ੍ਰਬੰਧਕਾਂ ਨੇ ਕਿਹਾ ਕਿ 12885 85 ਐਵੇਨਿਊ ਵਿਖੇ, ਵਿਸਾਖੀ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ‘ਚ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੱਕ ਪਹੁੰਚਣ ਦੀ ਉਮੀਦ ਹੈ । ਗੁਰਦੁਆਰੇ ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰ ਕਿਸੇ ਵੀ ਦੇਸ਼ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ , ਜਿਸ ਵਿੱਚ ਲੱਖਾਂ ਸ਼ਰਧਾਲੂ ਸ਼ਾਮਿਲ ਹੁੰਦੇ ਹਨ । ਗੁਰਦੁਆਰੇ ਦੇ ਪ੍ਰਧਾਨ ਗੁਰਦੀਪ ਸਿੰਘ ਸਮਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਨਾਲ ਲਗਦੇ ਪ੍ਰੋਵਿੰਸਜ਼ ਤੋਂ ਇਲਾਵਾ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਤੋਂ ਵੀ ਸਿੱਖ ਭਾਈਚਾਰੇ ਦੇ ਲੋਕ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਹਨ। ਦੱਸਣਯੋਗ ਹੈ ਕਿ ਸਰੀ ਦਾ ਵਿਸਾਖੀ ਨਗਰ ਕੀਰਤਨ ਭਾਰਤ ਤੋਂ ਬਾਹਰ ਕਿਸੇ ਵੀ ਦੇਸ਼ ਵਿਚ ਕੱਢਿਆ ਜਾਣ ਵਾਲਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ।
ਸ਼ਹਿਰ ਦੀ 128 ਸਟ੍ਰੀਟ ਅਤੇ ਇਸਦੇ ਨਾਲ ਲਗਦੀਆਂ ਸੜਕਾਂ ਨੂੰ ਬੰਦ ਕੀਤਾ ਜਾਵੇਗਾ । 72 ਤੋਂ 88 ਐਵੇਨਿਊ ਅਤੇ ਸਕੌਟ ਰੋਡ ਤੋਂ ਕਿੰਗ ਜੌਰਜ ਦਰਮਿਆਨ ਟ੍ਰੈਫ਼ਿਕ ਹੋਣ ਦੀ ਸੰਭਾਵਨਾ ਹੈ ।
ਸਰੀ ਆਰਸੀਐਮਪੀ ਵੱਲੋਂ ਜਨਤਾ ਨੂੰ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਦੀਆ ਤਾਜ਼ਾ ਤਸਵੀਰਾਂ ਕੋਲ ਰੱਖਣ ਨੂੰ ਕਿਹਾ ਗਿਆ ਹੈ ਤਾਂ ਜੋ ਗੁੰਮਸ਼ੁਦਗੀ ਵਰਗੀ ਕੋਈ ਘਟਨਾ ਵਾਪਰਨ ‘ਤੇ ਪੁਲਿਸ ਨੂੰ ਤਾਜ਼ਾ ਤਸਵੀਰ ਦਿੱਤੀ ਜਾ ਸਕੇ । RCMP ਵੱਲੋਂ ਨਗਰ ਕੀਰਤਨ ਵਿੱਚ ਹਿੱਸਾ ਲੈਣ ਵਾਲੇ ਵਿਕਅਤੀਆਂ ਨੂੰ ਸ਼ਹਿਰ ਦੇ ਉਕਤ ਇਲਾਕੇ ਤੋਂ ਜਾਣੂ ਹੋਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ।
ਸਿਟੀ ਆਫ਼ ਸਰੀ ਦਾ ਕਹਿਣਾ ਹੈ ਕਿ ਨਗਰ ਕੀਰਤਨ ਦੇ ਚਲਦਿਆਂ ਕੁਝ ਇਲਾਕੇ ਬੰਦ ਹੋਣ ਦੀ ਸੂਰਤ ਵਿੱਚ ਉਸ ਇਲਾਕੇ ਵਿੱਚ ਰਹਿੰਦੇ ਵਿਅਕਤੀਆਂ ਨੂੰ ਲੰਘਣ ਲਈ ਆਪਣੇ ਡਰਾਈਵਿੰਗ ਲਾਇਸੈਂਸ ਲੈਣ ਦੀ ਲੋੜ ਪਵੇਗੀ । ਸਿਟੀ ਆਫ਼ ਸਰੀ ਵੱਲੋਂ ਆਪਣਾ ਪਤਾ ਹਾਲ ਵਿੱਚ ਹੀ ਬਦਲੇ ਹੋਣ ਦੀ ਸੂਰਤ ਵਿੱਚ ਡਰਾਈਵਿੰਗ ਲਾਇਸੈਂਸ ਅਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.