ਵਿਵਾਦਾਂ ‘ਚ ਰਹਿਣ ਵਾਲੇ ਹਰਨੇਕ ਨੇਕੀ ‘ਤੇ ਹਮਲਾ, ਹਾਲਤ ਗੰਭੀਰ

TeamGlobalPunjab
2 Min Read

ਔਕਲੈਂਡ: ਸਿੱਖ ਧਰਮ ਅਤੇ ਗੁਰੂ ਸਾਹਿਬਾਨ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਦੇ ਮਾਲਕ ਹਰਨੇਕ ਸਿੰਘ ਨੇਕੀ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨੇਕੀ ਨੇ ਕਿਸਾਨ ਅੰਦੋਲਨ ਸਬੰਧੀ ਵੀ ਗਲਤ ਸ਼ਬਦਾਵਲੀ ਵਰਤੀ ਸੀ ਜਿਸ ਤੋਂ ਬਾਅਦ ਇਹ ਹਮਲਾ ਹੋਇਆ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਵਾਰਦਾਤ ਬੁੱਧਵਾਰ ਰਾਤ 10.20 ਵਜੇ ਔਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਦੀ ਗਲੈਨਰੌਸ ਡਰਾਈਵ ‘ਤੇ ਵਾਪਰੀ ਅਤੇ ਹਰਨੇਕ ਸਿੰਘ ਨੇਕੀ ਨੂੰ ਮਿਡਲਮੋਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਔਕਲੈਂਡ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਦੱਸਿਆ ਕਿ ਕਈ ਨੌਜਵਾਨਾਂ ਨੇ ਇਕੱਠੇ ਹੋ ਕੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਿਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹਮਲੇ ਦਾ ਮਕਸਦ ਪਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਜ਼ਖ਼ਮੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਇਹ ਹਰਨੇਕ ਸਿੰਘ ਨੇਕੀ ਹੈ ਜਿਸ ਦੀ ਐਮਰਜੰਸੀ ਸਰਜਰੀ ਵੀ ਕੀਤੀ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੱਸਣਯੋਗ ਹੈ ਕਿ ਹਰਨੇਕ ਸਿੰਘ ਨੇਕੀ ਅਕਸਰ ਹੀ ਸਿੱਖ ਇਤਿਹਾਸ ਬਾਰੇ ਗ਼ਲਤ ਬਿਆਨੀ ਕਰਦਾ ਜਿਸ ਕਾਰਨ ਸਿੱਖ ਭਾਈਚਾਰੇ ਵਿਚ ਬਹੁਤ ਰੋਸ ਸੀ। ਹਰਨੇਕ ਨੇਕੀ ਨੂੰ ਜੂਨ 2018 ਵਿਚ ਪੰਥ ਵਿਚੋਂ ਛੇਕ ਦਿਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਰਨੇਕ ਨੇਕੀ ਬੁੱਧਵਾਰ ਸ਼ਾਮ ਸੱਤ ਵਜੇ ਘਰੋਂ ਨਿਕਲਿਆ ਅਤੇ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਦੇਰ ਸ਼ਾਮ ਉਹ ਘਰ ਪਰਤਿਆ ਤਾਂ ਪਿੱਛਾ ਕਰ ਰਹੇ ਨੌਜਵਾਨਾਂ ਨੇ ਉਸ ਨੂੰ ਬਾਹਰ ਹੀ ਘੇਰ ਲਿਆ ਅਤੇ ਹਮਲਾ ਕਰ ਦਿੱਤਾ।

- Advertisement -

Share this Article
Leave a comment