ਮਾਈ ਗੌਰਮਿੰਟ-ਗਵਰਨਰ 

Global Team
4 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

ਪੰਜਾਬ ਵਿਧਾਨ ਸਭਾ ਦਾ ਪਲੇਠਾ ਮੁਕੰਮਲ ਬਜਟ ਸੈਸ਼ਨ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਇਹ ਸੁਭਾਵਿਕ ਹੈ ਕਿ ਨਵੇਂ ਸਾਲ ਵਿਚ ਸ਼ੁਰੂ ਹੋਣ ਵਾਲਾ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ ਹੈ ਪਰ ਇਸ ਬਾਰ ਰਾਜਪਾਲ ਦੇ ਭਾਸ਼ਣ ਨੂੰ ਸਮੁਚੇ ਪੰਜਾਬੀਆਂ ਵੱਲੋਂ ਬੜੀ ਉਤਸੁਤਕਤਾ ਨਾਲ ਉਡੀਕਿਆ ਜਾ ਰਿਹਾ ਸੀ। ਇਸ ਦਾ ਕਾਰਨ ਵੀ ਕੋਈ ਬਾਹਰੋਂ ਨਹੀਂ ਸੀ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਹੀ ਇਸ ਮੁੱਦੇ ਦਾ ਵੱਡੇ ਕਾਰਨ ਬਣ ਗਏ। ਜਿਸ ਤਰੀਕੇ ਨਾਲ ਸੈਸ਼ਨ ਤੋਂ ਕੁੱਝ ਦਿਨ ਪਹਿਲਾਂ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਉਸ ਤੋਂ ਤਾਂ ਇਸ ਤਰ੍ਹਾਂ ਲਗਦਾ ਸੀ ਕਿ ਪੰਜਾਬ ਅੰਦਰ ਕੋਈ ਵੱਡਾ ਸੰਵਿਧਾਨਿਕ ਸੰਕਟ ਖੜਾ ਹੋਣ ਲੱਗਾ ਹੈ। ਇਹ ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਹੋ ਗਈ ਜਦੋਂ ਮੰਤਰੀ ਮੰਡਲ ਨੇ ਤਿੰਨ ਮਾਰਚ ਨੂੰ ਸੈਸ਼ਨ ਬਲਾਉਣ ਦਾ ਫੈਸਲਾ ਕਰਕੇ ਰਾਜਪਾਲ ਨੂੰ ਬੇਨਤੀ ਭੇਜ ਦਿੱਤੀ। ਰਾਜਪਾਲ ਨੇ ਵੀ ਬਗੈਰ ਕੋਈ ਸਮਾਂ ਗਵਾਇਆ ਨਾਲ ਦੀ ਨਾਲ ਹੀ ਜਵਾਬ ਭੇਜ ਦਿੱਤਾ ਕਿ ਮੁੱਖ ਮੰਤਰੀ ਜੀ ਪਹਿਲਾਂ ਮੇਰੇ ਬਾਰੇ ਕੀਤੇ ਗਏ ਟਵੀਟ ਦਾ ਜਵਾਬ ਦਿਉ ਅਤੇ ਉਸ ਤੋਂ ਬਾਅਦ ਸੈਸ਼ਨ ਬਾਰੇ ਗੱਲ ਕਰ ਲਵਾਂਗੇ। ਰਾਜਪਾਲ ਨੇ ਕਿਹਾ ਕਿ ਪਹਿਲਾਂ ਉਹ ਕਾਨੂੰਨੀ ਰਾਏ ਲੈਣਗੇ। ਅੱਜ ਜਦੋਂ ਰਾਜਪਾਲ ਪੰਜਾਬ ਵਿਧਾਨਸਭਾ ਵਿਚ ਆਏ ਤਾਂ ਉਹਨਾਂ ਵੱਲੋਂ ਆਪਣਾ ਭਾਸ਼ਣ ਪੜਨ ਮੌਕੇ ਬਾਰ ਬਾਰ MY GOVERNMENT ‘ਮੇਰੀ ਸਰਕਾਰ’-‘ਮੇਰੀ ਸਰਕਾਰ’ ਕਹਿੰਦਿਆਂ ਦਾ ਮੂੰਹ ਸੁੱਕ ਰਿਹਾ ਸੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਵਿਧਾਨਸਭਾ ਸੈਸ਼ਨ ਇਸ ਢੰਗ ਨਾਲ ਹੀ ਸ਼ੁਰੂ ਹੋਣਾ ਸੀ ਤਾਂ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ ਪਹਿਲਾਂ ਅਜਿਹੇ ਪੈਂਤੜੇ ਕਿਉਂ ਲਏ ਗਏ, ਜਿਸ ਨਾਲ ਪੰਜਾਬ ਅੰਦਰ ਇੱਕ ਬਾਰ ਅਸਥਿਰਤਾ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਸੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਅਹਿਮੀਅਤ ਵੀ ਇਸ ਮਾਮਲੇ ਵਿਚ ਸਮਝਣ ਦੀ ਜ਼ਰੂਰਤ ਹੈ। ਇਸ ਦੇਸ਼ ਅੰਦਰ ਰਾਜਸੀ ਧਿਰਾਂ ਦੇ ਆਗੂ ਤਾਂ ਆਪੋ-ਆਪਣੇ ਰਾਜਸੀ ਹਿੱਤਾਂ ਕਾਰਨ ਸੂਬੇ ਜਾਂ ਦੇਸ਼ ਨੂੰ ਢਾਹ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਨੇ ਅਜੇ ਵੀ ਬਹੁਤ ਕੁੱਝ ਸਾਂਭ ਕੇ ਰੱਖਿਆ ਹੋਇਆ ਹੈ। ਇਹ ਸੁਪਰੀਮ ਕੋਰਟ ਦਾ ਫੈਸਲਾ ਹੀ ਸੀ ਕਿ ਰਾਜਪਾਲ ਪੁਰੋਹਿਤ ਬਗੈਰ ਕਿਸੇ ਕਿੰਤੂ-ਪਰੰਤੂ ਦੇ ਸੈਸ਼ਨ ਵਿਚ ਆਏ ਅਤੇ ਸਰਕਾਰ ਵੱਲੋਂ ਲਿੱਖਿਆ ਭਾਸ਼ਣ ਪੜਕੇ ਸੁਣਾਇਆ ਗਿਆ। ਦੂਜੇ ਪਾਸੇ ਮੁੱਖ ਮਤੰਰੀ ਵੀ ਸੁਪਰੀਮ ਕੋਰਟ ਵੱਲੋਂ ਇਸ ਗੱਲ ਲਈ ਪਾਬੰਦ ਕੀਤੇ ਗਏ ਕਿ ਰਾਜਪਾਲ ਨੂੰ ਸਰਕਾਰ ਵੱਲੋਂ ਪੁੱਛੀ ਗਈ ਜਾਣਕਾਰੀ ਮੁੱਹਈਆ ਕਰਨੀ ਹੀ ਹੋਵੇਗੀ। ਰਾਜਸੀ ਮਾਹਰ ਇਸ ਸਥਿਤੀ ਨੂੰ ਬਹੁਤ ਦਿਲਚਸਪੀ ਨਾਲ ਦੇਖ ਰਹੇ ਸਨ ਜਦੋਂ ਸਦਨ ਅੰਦਰ ਵਿਰੋਧੀ ਧਿਰ ਵੱਲੋਂ ਰਾਜਪਾਲ ਨੂੰ ਭਾਸ਼ਣ ਦੇ ਦੌਰਾਨ ਹੀ ਟੋਕ ਕੇ ਪੁੱਛਿਆ ਗਿਆ ਕਿ ਪ੍ਰਿੰਸੀਪਲਾਂ ਦੀ ਬਾਹਰ ਭੇਜਣ ਦੀ ਚੋਣ ਕਰਨ ਬਾਰੇ ਸਰਕਾਰ ਨੇ ਰਾਜਪਾਲ ਨੂੰ ਜਾਣਕਾਰੀ ਦੇ ਦਿੱਤੀ ਹੈ? ਰਾਜਪਾਲ ਨੇ ਇੱਕ ਹੰਡੇ ਹੋਏ ਸਿਆਸਤਦਾਨ ਦੀ ਤਰ੍ਹਾਂ ਜਵਾਬ ਦਿੱਤਾ ਕਿ ਜਦੋਂ ਉਹ ਮੇਰੀ ਸਰਕਾਰ ਆਖ ਕੇ ਭਾਸ਼ਣ ਪੜ ਰਹੇ ਹਨ ਤਾਂ ਉਮੀਦ ਹੈ ਕਿ ਸਰਕਾਰ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇਵੇਗੀ। ਰਾਜਪਾਲ ਦੀ ਇਹ ਟਿੱਪਣੀ ਸਧਾਰਨ ਨਹੀਂ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਆਏ ਫੈਸਲੇ ਅਨੁਸਾਰ ਰਾਜਪਾਲ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਭਵਿੱਖ ਵਿਚ ਵੀ ਪਾੰਬਦ ਹੈ।

 

- Advertisement -

ਪੰਜਾਬ ਵਿਧਾਨਸਭਾ ਦਾ ਰਾਜਪਾਲ ਦੇ ਭਾਸ਼ਣ ਨਾਲ ਸੈਸ਼ਨ ਤਾਂ ਸ਼ੁਰੂ ਹੋ ਗਿਆ ਹੈ ਪਰ ਪੰਜਾਬੀ ਇਹ ਆਸ ਕਰਦੇ ਹਨ ਕਿ ਰਾਜਸੀ ਧਿਰਾਂ ਸਦਨ ਅੰਦਰ ਸਮਾਂ ਗਵਾਏ ਬਗੈਰ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਕਰਨਗੀਆਂ ਅਤੇ ਕੋਈ ਸਹਿਮਤੀ ਬਣਾਉਣਗੀਆਂ। ਬਿਲਕੁਲ ਇਸੇ ਤਰ੍ਹਾਂ ਰਾਜਪਾਲ ਨੇ ਭਾਸ਼ਣ ਖਤਮ ਹੋਣ ਤੋਂ ਬਾਅਦ ਸਦਨ ਦੀਆਂ ਸਮੁਚੀਆਂ ਰਾਜਸੀ ਧਿਰਾਂ ਨੂੰ ਕਿਹਾ ਕਿ ਆਪਣੀ ਭਾਸ਼ਾ ਸੰਜਮ ਨਾਲ ਵਰਤੀ ਜਾਵੇ ਅਤੇ ਇੱਕ ਦੂਜੇ ਦੀ ਬੇਲੋੜੀ ਟੋਕਾ-ਟਾਕੀ ਨਾ ਕੀਤੀ ਜਾਵੇ ਸਗੋਂ ਅਹਿਮ ਮੁੱਦਿਆਂ ਉਪਰ ਚਰਚਾ ਕੀਤੀ ਜਾਵੇ।

Share this Article
Leave a comment