ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ‘ਤੌਕਤੇ’ ਨਾਲ ਨਜਿੱਠਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

TeamGlobalPunjab
3 Min Read

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਦੱਖਣ-ਪੂਰਬ ਅਤੇ ਇਸ ਦੇ ਨਾਲ ਲੱਗਦੇ ਪੂਰਬੀ ਕੇਂਦਰੀ ਅਰਬ ਸਾਗਰ ‘ਤੇ ਦਬਾਅ ਦਾ ਖੇਤਰ ਹੁਣ ਚੱਕਰਵਾਤੀ ਤੂਫਾਨ ‘ਤੌਕਤੇ’ ਵਿੱਚ ਬਦਲ ਗਿਆ ਹੈ। ਵਿਭਾਗ ਨੇ ਕਿਹਾ ਕਿ ਤੌਕਤੇ 16 ਤੋਂ 18 ਮਈ ਵਿਚਾਲੇ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰਨ ਕਰੇਗਾ। ਕੇਰਲ, ਗੋਆ ਅਤੇ ਮੁੰਬਈ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਇਹ ਗੁਜਰਾਤ ਦੇ ਤੱਟ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ-ਨਗਰ ਹਵੇਲੀ ਤੱਟ ਵੱਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਕੀਤੀ ਅਤੇ ਤੂਫਾਨ ਨਾਲ ਨਜਿੱਠਣ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ । ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਜ਼ਰੂਰੀ ਹੈ । ਇਸ ਉੱਚ ਪੱਧਰੀ ਬੈਠਕ ਵਿੱਚ ਰਾਜਾਂ, ਕੇਂਦਰੀ ਮੰਤਰਾਲਿਆਂ ਅਤੇ ਸਬੰਧਤ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।

ਚੱਕਰਵਾਤ ਤੌਕਤੇ ਬਾਰੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਥਾਵਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਉਥੋਂ ਦੇ ਹਸਪਤਾਲਾਂ ਵਿੱਚ ਕੋਵਿਡ ਪ੍ਰਬੰਧਨ, ਟੀਕਾਕਰਨ, ਬਿਜਲੀ ਦੀ ਘਾਟ ਨਾ ਹੋਵੇ ਆਦਿ ਦੇ ਉਪਾਅ ਅਤੇ ਜ਼ਰੂਰੀ ਦਵਾਈਆਂ ਦੀ ਸਟੋਰੇਜ ਲਈ ਵਿਸ਼ੇਸ਼ ਦਵਾਈਆਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

ਦੱਸ ਦੇਈਏ ਕਿ ਪੱਛਮੀ ਤੱਟ ‘ਤੇ ਨਿਗਰਾਨੀ ਜਹਾਜ਼ ਅਤੇ ਹੈਲੀਕਾਪਟਰਾਂ ਲਗਾਤਾਰ ਨਿਗਰਾਨੀ ਕਰ ਰਹੇ ਹਨ। ਆਫ਼ਤ ਰਾਹਤ ਦਲ ਅਤੇ ਮੈਡੀਕਲ ਟੀਮਾਂ ਤ੍ਰਿਵੇਂਦਰਮ, ਕਨੂਰ ਪੱਛਮੀ ਤੱਟ ਦੇ ਨਾਲ ਹੋਰ ਥਾਵਾਂ ‘ਤੇ ਤਾਇਨਾਤ ਹਨ। ਪ੍ਰਧਾਨ ਮੰਤਰੀ ਨੇ ਕੰਟਰੋਲ ਰੂਮਾਂ ਨੂੰ 24 ਘੰਟੇ ਕੰਮ ਕਰਨ ਲਈ ਨਿਰਦੇਸ਼ ਦਿੱਤੇ ਹਨ। ਏਅਰਫੋਰਸ ਨੇ ਪ੍ਰਾਇਦੀਪ ਖੇਤਰਾਂ ‘ਚ ਸੰਚਾਲਨ ਲਈ 16 ਟ੍ਰਾਂਸਪੋਰਟ ਏਅਰਕ੍ਰਾਫਟ ਅਤੇ 18 ਹੈਲੀਕਾਪਟਰ ਤਿਆਰ ਰੱਖੇ ਹਨ। ਇਕ ਆਈਐਲ 76 76 ਜਹਾਜ਼ ਨੇ 127 ਜਵਾਨ ਅਤੇ 11 ਟਨ ਮਾਲ ਬਠਿੰਡਾ ਤੋਂ ਜਾਮਨਗਰ ਲਿਆਂਦਾ ਹੈ।

- Advertisement -

ਰਾਸ਼ਟਰੀ ਆਫ਼ਤ ਜਵਾਬ ਫੋਰਸ (ਐਨਡੀਆਰਐਫ) ਨੇ ਚੱਕਰਵਾਤ ‘ਤੌਕਤੇ’ ਦੇ ਮੱਦੇਨਜ਼ਰ ਰਾਹਤ ਬਚਾਅ ਕਾਰਜਾਂ ਲਈ ਆਪਣੀਆਂ ਟੀਮਾਂ ਦੀ ਗਿਣਤੀ 53 ਤੋਂ ਵਧਾ ਕੇ 100 ਕਰ ਦਿੱਤੀ ਹੈ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਐੱਸਐੱਨ ਪ੍ਰਧਾਨ ਨੇ ਕਿਹਾ ਕਿ ਇਹ ਟੀਮਾਂ ਕੇਰਲਾ, ਕਰਨਾਟਕ, ਤਾਮਿਲ ਨਾਡੂ, ਗੋਆ, ਗੁਜਰਾਤ ਤੇ ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ’ਚ ਕੂਚ ਲਈ ਤਿਆਰ ਹਨ। ਕੇਂਦਰੀ ਜਲ ਕਮਿਸ਼ਨ ਨੇ ਵੀ ਚੱਕਰਵਾਤ ਨੂੰ ਲੈ ਕੇ ਕੇਰਲਾ ਦੇ ਮੱਧ ਤੇ ਉੱਤਰੀ ਹਿੱਸਿਆਂ, ਨੇੜਲੇ ਦੱਖਣੀ ਤੱਟ ਤੇ ਕਰਨਾਟਕ ਦੇ ਦੱਖਣੀ ਤੱਟਵਰਤੀ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਹੈ। ਗੋਆ ਫਾਇਰ ਬ੍ਰਿਗੇਡ ਤੇ ਹੰਗਾਮੀ ਸੇਵਾਵਾਂ ਦੇ ਡਾਇਰੈਕਟਰ ਅਸ਼ੋਕ ਮੈਨਨ ਨੇ ਕਿਹਾ ਕਿ ਉਨ੍ਹਾਂ ਚੱਕਰਵਾਤ ਕਾਰਨ ਬਣਨ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਰਾਹਤ ਦਸਤੇ ਤਿਆਰ ਰੱਖੇ ਹਨ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਰਾਜ ’ਚ ਤੱਟੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Share this Article
Leave a comment