ਸਾਗਰ ਧਨਖੜ ਕਤਲ ਕੇਸ ’ਚ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਦੀ ਭਾਰਤੀ ਰੇਲਵੇ ਦੀ ਨੌਕਰੀ ਖ਼ਤਰੇ ’ਚ

TeamGlobalPunjab
3 Min Read

ਨਵੀਂ ਦਿੱਲੀ: ਸਾਗਰ ਧਨਖੜ ਕਤਲ ਕੇਸ ’ਚ ਗ੍ਰਿਫ਼ਤਾਰ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਰਤੀ ਰੇਲਵੇ ਦੀ ਨੌਕਰੀ ਖ਼ਤਰੇ ’ਚ ਪੈ ਗਈ ਹੈ। ਇਕ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਰੇਲਵੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮੁਅੱਤਲ ਕਰਨ ਲਈ ਤਿਆਰ ਹੈ।  ਉਸ ਨੂੰ 2013 ’ਚ ਉੱਤਰੀ ਰੇਲਵੇ ਦੀ ਖੇਡ ਐਸੋਸੀਏਸ਼ਨ ਦਾ ਪ੍ਰਬੰਧਕ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਨੂੰ 2012 ਵਿੱਚ ਕੁਸ਼ਤੀ ਅਕੈਡਮੀ ਦਾ ਓਐੱਸਡੀ ਵੀ ਲਾਇਆ ਗਿਆ ਸੀ।ਉੱਤਰੀ ਰੇਲਵੇ ਵਿੱਚ ਇੱਕ ਸੀਨੀਅਰ ਵਪਾਰਕ ਪ੍ਰਬੰਧਕ, ਓਲੰਪਿਕ ਤਗਮਾ ਜੇਤੂ ਕੁਮਾਰ 2015 ਤੋਂ ਹੀ ਦਿੱਲੀ ਸਰਕਾਰ ਨਾਲ ਡੈਪੂਟੇਸ਼ਨ ’ਤੇ ਰਿਹਾ ਸੀ ਅਤੇ ਸਕੂਲ ਪੱਧਰ’ ਤੇ ਖੇਡਾਂ ਦੇ ਵਿਕਾਸ ਲਈ ਛਤਰਸਾਲ ਸਟੇਡੀਅਮ ਵਿੱਚ ਵਿਸ਼ੇਸ਼ ਅਧਿਕਾਰੀ (ਓਐਸਡੀ) ਵਜੋਂ ਤਾਇਨਾਤ ਸੀ।

ਉੱਤਰੀ ਰੇਲਵੇ ਨੇ ਦੱਸਿਆ ਕਿ ਰੇਲਵੇ ਬੋਰਡ ਨੂੰ ਦਿੱਲੀ ਸਰਕਾਰ ਤੋਂ ਇੱਕ ਰਿਪੋਰਟ ਮਿਲੀ ਹੈ ਜਿਸ ਵਿੱਚ ਕਿਹਾ ਗਿਆ ਕਿ ਸੁਸ਼ੀਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉੱਤਰ ਰੇਲਵੇ ਦੇ ਸੂਚਨਾ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੂੰ ਅੱਜ-ਭਲਕ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਦਫ਼ਤਰੀ ਪੱਤਰ ਵੀ ਜਾਰੀ ਕਰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ 4 ਮਈ ਤੋਂ ਸਾਥੀ ਪਹਿਲਵਾਨ ਸਾਗਰ  ਦੇ ਕਤਲ ਕੇਸ ਵਿਚ ਨਾਮਜ਼ਦ ਹੋਣ ਤੋਂ ਬਾਅਦ ਸੁਸ਼ੀਲ ਅਤੇ ਉਸ ਦਾ ਸਾਥੀ ਅਜੈ ਕੁਮਾਰ ਭੱਜ ਰਹੇ ਸਨ। ਸੁਸ਼ੀਲ ਕੁਮਾਰ ਭਾਰਤ ਦਾ ਸਭ ਤੋਂ ਸਫਲਤਮ ਪਹਿਲਵਾਨਾਂ ਵਿੱਚੋਂ ਇੱਕ ਹੈ । 37 ਸਾਲਾ ਸੁਸ਼ੀਲ ਕੁਮਾਰ ਨੂੰ ਉਸ ਦੇ ਸਾਥੀ ਅਜੈ ਕੁਮਾਰ ਦੇ ਨਾਲ 23 ਮਈ ਦੀ ਸਵੇਰ ਨੂੰ ਦਿੱਲੀ ਦੇ ਮੁੰਡਕਾ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੋਵੇਂ ਉਸ ਵੇਲੇ ਫੜੇ ਗਏ ਜਦੋਂ ਉਹ ਇੱਕ ਸਕੂਟਰ ਤੇ ਕਿਸੇ ਨੂੰ ਮਿਲਣ ਜਾ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਪੁੱਛਗਿੱਛ ਦੌਰਾਨ ਸੁਸ਼ੀਲ ਨੇ ਮੰਨਿਆ ਕਿ ਉਹ ਝਗੜੇ ਦੌਰਾਨ ਮੌਜੂਦ ਸੀ ਅਤੇ ਬਾਅਦ ਵਿੱਚ ਸੌਣ ਲਈ ਘਰ ਚਲਾ ਗਿਆ।

ਜ਼ਿਕਰਯੋਗ ਹੈ ਕਿ 4 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ ਵਿਚ ਝਗੜੇ ਦੌਰਾਨ ਸਾਗਰ  ਦੀ ਮੌਤ ਹੋ ਗਈ ਸੀ, ਇਸ ਝਗੜੇ ਵਿੱਚ 4 ਹੋਰ ਪਹਿਲਵਾਨ ਫੱਟੜ ਹੋਏ ਸਨ। ਪੁਲਿਸ ਨੂੰ ਕੁਮਾਰ ਨੂੰ ਛੇ ਦਿਨਾਂ ਲਈ ਪੁੱਛ-ਗਿੱਛ ਕਰਨ ਦੀ ਆਗਿਆ ਦਿੰਦਿਆਂ ਮੈਜਿਸਟ੍ਰੇਟ ਨੇ ਕਿਹਾ, “ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਕਾਨੂੰਨ ਸਾਰਿਆਂ ਨਾਲ ਬਰਾਬਰ ਵਰਤਾਓ ਕਰਦਾ ਹੈ।

- Advertisement -

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਹਾਇਕ ਸੈਕਟਰੀ ਵਿਨੋਦ ਨੇ ਦੱਸਿਆ ਕਿ ਸੁਸ਼ੀਲ ਨੇ ਸਖਤ ਮਿਹਨਤ ਕੀਤੀ ਤੇ ਕੁਸ਼ਤੀ ਨੂੰ ਸਿਖਰ ’ਤੇ ਲਿਆਇਆ ਅਤੇ ਨਵੇਂ ਪਹਿਲਵਾਨਾਂ ਦੀ ਸਹਾਇਤਾ ਕੀਤੀ। ਵਿਨੋਦ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਸੱਚਾਈ ਕੀ ਹੈ। ਉਸ ਨੇ ਕੁਝ ਗਲਤ ਕੀਤਾ ਹੈ ਜਾਂ ਨਹੀਂ, ਇਹ ਕਾਨੂੰਨ ਸਪੱਸ਼ਟ ਕਰੇਗਾ ਪਰ ਫੈਡਰੇਸ਼ਨ ਨੂੰ ਉਸ ਨਾਲ ਹਮਦਰਦੀ ਹੈ। ਉਸ ਨੂੰ ਜਦ ਤੱਕ ਦੋਸ਼ੀ ਜਾਂ ਬੇਕਸੂਰ ਘੋਸ਼ਿਤ ਨਹੀਂ ਕੀਤਾ ਜਾਂਦਾ, ਫੈਡਰੇਸ਼ਨ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਪ੍ਰਬੰਧਕ ਸਭਾ ਨੇ ਇਸ ਮਾਮਲੇ ’ਚ ਫੈੱਡਰੇਸ਼ਨ ਦੇ ਪ੍ਰਧਾਨ ਨਾਲ ਮੀਟਿੰਗ ਤੈਅ ਕੀਤੀ ਹੈ।

 

Share this Article
Leave a comment