ਬੰਗਲਾਦੇਸ਼ : ਬੰਗਲਾਦੇਸ਼ ‘ਚ ਇਸ ਵਾਰ ਦੁਰਗਾ ਪੂਜਾ ਦੌਰਾਨ ਹਿੰਦੂ ਭਾਈਚਾਰਾ ਕਾਫੀ ਡਰਿਆ ਹੋਇਆ ਹੈ। ਸਖ਼ਤ ਸੁਰੱਖਿਆ ਵਿਚਕਾਰ ਮੰਦਿਰਾਂ ਅਤੇ ਪੰਡਾਲਾਂ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਸੱਤਖੀਰਾ ਜ਼ਿਲ੍ਹੇ ਦੇ ਸ਼ਿਆਮਨਗਰ ਵਿੱਚ ਸਥਿਤ ਪ੍ਰਸਿੱਧ ਜਸ਼ੋਰੇਸ਼ਵਰੀ ਮੰਦਿਰ ਵਿੱਚੋਂ ਕਾਲੀ ਮਾਤਾ ਦਾ ਮੁਕਟ ਚੋਰੀ ਹੋ ਗਿਆ ਹੈ। ਰਿਪੋਰਟ ਅਨੁਸਾਰ ਇਹ ਤਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2021 ‘ਚ ਮੰਦਿਰ ਦੀ ਯਾਤਰਾ ਦੌਰਾਨ ਤੋਹਫੇ ‘ਚ ਦਿੱਤਾ ਸੀ।
ਵੀਰਵਾਰ ਦੁਪਹਿਰ 2 ਤੋਂ 2.30 ਵਜੇ ਦੇ ਵਿਚਕਾਰ ਮੰਦਿਰ ‘ਚੋਂ ਤਾਜ ਚੋਰੀ ਹੋ ਗਿਆ। ਉਸ ਸਮੇਂ ਮੰਦਿਰ ਦੇ ਪੁਜਾਰੀ ਦਿਲੀਪ ਮੁਖਰਜੀ ਦਿਨ ਦੀ ਪੂਜਾ ਤੋਂ ਬਾਅਦ ਚਲੇ ਗਏ ਸਨ। ਬਾਅਦ ਵਿੱਚ ਸਫਾਈ ਕਰਮਚਾਰੀਆਂ ਨੇ ਦੇਖਿਆ ਕਿ ਦੇਵੀ ਦੇ ਸਿਰ ਤੋਂ ਤਾਜ ਗਾਇਬ ਸੀ।ਸ਼ਿਆਮਨਗਰ ਥਾਣੇ ਦੇ ਇੰਸਪੈਕਟਰ ਤਾਇਜੁਲ ਇਸਲਾਮ ਨੇ ਕਿਹਾ ਹੈ ਕਿ ਚੋਰ ਦੀ ਪਛਾਣ ਕਰਨ ਲਈ ਮੰਦਿਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਰੀ ਕੀਤਾ ਤਾਜ ਚਾਂਦੀ ਦਾ ਬਣਿਆ ਹੋਇਆ ਹੈ ਅਤੇ ਸੋਨੇ ਦੀ ਪਰਤ ਚੜੀ ਹੋਈ ਹੈ। ਇਹ ਸੱਭਿਆਚਾਰਕ ਅਤੇ ਧਾਰਮਿਕ ਤੌਰ ‘ਤੇ ਬਹੁਤ ਮਹੱਤਵਪੂਰਨ ਹੈ। ਹਿੰਦੂ ਮਾਨਤਾਵਾਂ ਦੇ ਅਨੁਸਾਰ, ਜਸ਼ੋਰੇਸ਼ਵਰੀ ਮੰਦਿਰ ਭਾਰਤ ਅਤੇ ਗੁਆਂਢੀ ਦੇਸ਼ਾਂ ਵਿੱਚ ਫੈਲੇ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ‘ਜਸ਼ੋਰੇਸ਼ਵਰੀ’ ਨਾਮ ਦਾ ਅਰਥ ਹੈ ‘ਜਸ਼ੋਰ ਦੀ ਦੇਵੀ’। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਬੰਗਲਾਦੇਸ਼ ਫੇਰੀ ਦੌਰਾਨ 27 ਮਾਰਚ 2021 ਨੂੰ ਜਸ਼ੋਰੇਸ਼ਵਰੀ ਮੰਦਿਰ ਦਾ ਦੌਰਾ ਕੀਤਾ। ਉਸ ਦਿਨ ਉਨ੍ਹਾਂ ਨੇ ਮਾਂ ਕਾਲੀ ਨੂੰ ਮੁਕਟ ਪਹਿਨਾਇਆ ਸੀ।
ਜਸ਼ੋਰੇਸ਼ਵਰੀ ਮੰਦਿਰ ਦੇਵੀ ਕਾਲੀ ਨੂੰ ਸਮਰਪਿਤ ਹੈ। ਇਹ ਮੰਦਿਰ ਸੱਤਖੀਰਾ ਦੇ ਪਿੰਡ ਈਸ਼ਵਰਪੁਰ ਵਿੱਚ ਮੌਜੂਦ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਨੂੰ 12ਵੀਂ ਸਦੀ ਵਿੱਚ ਅਨਾਰੀ ਨਾਮਕ ਬ੍ਰਾਹਮਣ ਨੇ ਬਣਾਇਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।