ਕੈਨੇਡਾ ਦੇ ਘਰਾਂ ‘ਚ ਕਿਰਾਏ ‘ਤੇ ਰਹਿ ਰਹੇ ਲੋਕਾਂ ਦੀ ਹਾਲਤ ਮਾੜੀ, ਰਿਪੋਰਟ ‘ਚ ਹੋਇਆ ਖੁਲਾਸਾ

Prabhjot Kaur
3 Min Read

ਟੋਰਾਂਟੋ: ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੈਨੇਡਾ ‘ਚ ਕਿਰਾਏ ‘ਤੇ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਆਪਣੇ ਘਰਾਂ ‘ਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਅੰਕੜਿਆਂ ਮੁਤਾਬਕ 2011 ਤੋਂ 2021 ਦੇ ਵਿਚਾਲੇ ਕਿਰਾਏ ‘ਤੇ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ 21 ਫ਼ੀਸਦੀ ਵਧੀ ਹੈ। ਉੱਥੇ ਦੂਜੇ ਪਾਸੇ ਆਪਣੇ ਖ਼ੁਦ ਦੇ ਘਰ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਸਿਰਫ਼ 8 ਫ਼ੀਸਦੀ ਵਧੀ ਹੈ।

ਇਸ ਤੋਂ ਇਲਾਵਾ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ 8 ਲੱਖ ਤੋਂ ਵੱਧ ਮਕਾਨਾਂ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਰਹਿ ਰਹੇ ਹਨ, ਕਿਉਂਕਿ ਸੀਮਤ ਆਮਦਨ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣਾ ਮਕਾਨ ਬਦਲਣ ਦੇ ਸਮਰੱਥ ਨਹੀਂ ਹਨ।

ਅੰਕੜਿਆਂ ‘ਚ ‘ਕੋਰ ਹਾਊਸਿੰਗ ਨੀਡ’ ਵਾਲੀ ਸ਼੍ਰੇਣੀ ‘ਚ ਲਗਭਗ 15 ਲੱਖ ਲੋਕਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਕੋਲ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ, ਜਿਸ ਕਾਰਨ ਇੱਕ ਕਮਰੇ ਵਿੱਚ ਕਈ-ਕਈ ਲੋਕ ਰਹਿ ਕੇ ਗੁਜ਼ਾਰਾ ਕਰ ਰਹੇ ਹਨ, ਜਦਕਿ ਫੈਡਰਲ ਏਜੰਸੀ ਦੇ ਮਾਪਦੰਡਾਂ ਮੁਤਾਬਕ ਇੱਕ ਕਮਰੇ ‘ਚ ਤਿੰਨ ਜਾਂ ਇਸ ਤੋਂ ਵੱਧ ਲੋਕਾਂ ਦੀ ਰਿਹਾਇਸ਼ ਨੂੰ ਗੈਰਵਾਜਬ ਮੰਨਿਆ ਜਾਂਦਾ ਹੈ।

ਪਿਛਲੇ ਸਾਲ ਦੇ ਅੰਕੜਿਆਂ ਵਿੱਚ 10 ਮਿਲੀਅਨ ਤੋਂ ਵੱਧ ਪਰਿਵਾਰਾਂ ਕੋਲ ਆਪਣਾ ਘਰ ਸੀ, ਜਦਕਿ 5 ਮਿਲੀਅਨ ਪਰਿਵਾਰ ਕਿਰਾਏ ‘ਤੇ ਰਹਿ ਰਹੇ ਸਨ।

- Advertisement -

ਜਿਹੜੇ ਲੋਕ ਆਪਣੇ ਘਰਾਂ ‘ਚ ਰਹਿ ਰਹੇ ਹਨ ਉਨ੍ਹਾਂ ਦੀ ਸਥਿਤੀ ਕਿਰਾਏਦਾਰਾਂ ਨਾਲੋਂ ਬਹੁਤ ਹੀ ਬਿਹਤਰ ਹੈ, ਕਿਉਂਕਿ ਪਿਛਲੇ ਕੁਝ ਸਮੇਂ ‘ਚ ਘਰਾਂ ਦਾ ਮੁੱਲ ਕਾਫ਼ੀ ਵਧ ਗਿਆ ਹੈ। ਉੱਥੇ ਹੀ ਕਿਰਾਏਦਾਰਾਂ ਦੀ ਸਥਿਤੀ ਖਰਾਬ ਚੱਲ ਰਹੀ ਹੈ, ਕਿਉਂਕਿ ਕਿਰਾਇਆਂ ਦੀ ਔਸਤ ਲਾਗਤ ‘ਚ ਵਾਧਾ ਹੋ ਗਿਆ ਹੈ।

ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਵਿਚ ਰੀਅਲ ਅਸਟੇਟ ਮੈਨੇਜਮੈਂਟ ਦੇ ਪ੍ਰੋਫੈਸਰ ਮੁਰਤਜ਼ਾ ਹੈਦਰ ਨੇ ਕਿਹਾ ਕਿ ਮੁਲਕ ਦੀ ਆਬਾਦੀ ਵਧ ਰਹੀ ਹੈ ਪਰ ਮਕਾਨਾ ਦੀ ਉਸਾਰੀ ਦੀ ਰਫ਼ਤਾਰ ਘਟਦੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਘੱਟ ਆਮਦਨ ਵਾਲੇ ਲੋਕ ਮਕਾਨ ਖਰੀਦਣ ਬਾਰੇ ਸੋਚ ਵੀ ਨਹੀਂ ਸਕਦੇ ਅਤੇ ਅਸਮਾਨ ਛੂਹੰਦਾ ਕਿਰਾਇਆ ਦੇਣਾ ਵੀ ਬਹੁਤ ਮੁਸ਼ਕਲ ਹੈ।

ਰਾਇਲ ਬੈਂਕ ਆਫ਼ ਕੈਨੇਡਾ ਦੀ ਰਿਪੋਰਟ ਮੁਤਾਬਕ ਅਗਲੇ ਸਾਲ ਤੱਕ ਮਕਾਨਾਂ ਦੀਆਂ ਕੀਮਤਾਂ ਹੇਠਾਂ ਜਾ ਸਕਦੀਆਂ ਹਨ ਪਰ ਪਿਛਲੇ ਸਮੇਂ ਦੌਰਾਨ ਕੀਮਤਾਂ ‘ਚ ਐਨਾ ਵਾਧਾ ਹੋ ਗਿਆ ਕਿ ਆਮ ਲੋਕਾਂ ਨੂੰ ਮਕਾਨ ਖਰੀਦਣ ਦੇ ਪੱਧਰ ‘ਤੇ ਪਹੁੰਚਣ ‘ਚ ਸਮਾਂ ਲੱਗ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment