ਮਲੇਸ਼ੀਆ ‘ਚ ਦੋ ਮੈਟਰੋ ਟਰੇਨਾਂ ਦੀ ਟੱਕਰ, 200 ਤੋਂ ਜ਼ਿਆਦਾ ਲੋਕ ਜ਼ਖ਼ਮੀ

TeamGlobalPunjab
2 Min Read

ਕੁਆਲਾਲੰਪੁਰ: ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਥੇ ਸੋਮਵਾਰ ਨੂੰ ਪੈਟਰੋਨਾਸ ਟਵਿਨ ਟਾਵਰ ਦੇ ਕੋਲ ਇੱਕ ਸੁਰੰਗ ਵਿੱਚ ਦੋ ਮੈਟਰੋ ਲਾਈਟ ਟਰੇਨਾਂ ਦੀ ਟੱਕਰ ਹੋ ਗਈ, ਜਿਸ ‘ਚ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਉੱਥੇ ਹੀ 47 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਜੈਨਲ ਅਬਦੁੱਲਾ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 8:45 ਵਜੇ ਵਾਪਰੀ, ਜਦੋਂ 213 ਮੁਸਾਫਰਾਂ ਨੂੰ ਲੈ ਕੇ ਜਾ ਰਹੀ ਟਰੇਨ, ਉਸੇ ਟ੍ਰੈਕ ‘ਤੇ ਉਲਟ ਦਿਸ਼ਾ ‘ਚ ਆ ਰਹੀ ਖਾਲੀ ਟਰੇਨ ਨਾਲ ਟਕਰਾ ਗਈ।

ਮਲੇਸ਼ੀਆ ਦੇ ਟਰਾਂਸਪੋਰਟ ਮੰਤਰੀ ਵੀ ਕਾ ਸਿਓਂਗ (Wee Ka Siong) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਾਦਸੇ ‘ਚ 47 ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਜਦਕਿ 166 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਹਾਦਸਾ ਪੈਟਰੋਨਾਸ ਟਾਵਰਾਂ ਦੇ ਬਾਹਰ ਕੇ.ਐੱਲ.ਸੀ.ਸੀ. ਸਟੇਸ਼ਨ ਤੋਂ ਲਗਭਗ 100 ਮੀਟਰ (330 ਫੁੱਟ) ਦੂਰ ਸੁਰੰਗ ਦੇ ਇੱਕ ਹਿੱਸੇ ਵਿੱਚ ਵਾਪਰਿਆ।

ਮੰਤਰੀ ਨੇ ਕਿਹਾ, ‘ਇੱਕ ਗੱਡੀ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ ਅਤੇ ਦੂਜੀ ਗੱਡੀ ਲਗਭਗ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ, ਜਦੋਂ ਇਹ ਟੱਕਰ ਹੋਈ। ਉਨ੍ਹਾਂ ਨੇ ਕਿਹਾ ਕਿ ਐੱਲਆਰਟੀ ਦੇ 23 ਸਾਲ ਦੇ ਇਤਿਹਾਸ ਵਿੱਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ ਅਤੇ ਟੱਕਰ ਦੀ ਜਾਂਚ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਜਾਵੇਗਾ।

Share This Article
Leave a Comment