ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਭੈਣ ਦੀ ਸੱਸ ਤੋਂ ਪ੍ਰਧਾਨੀ ਖੁੱਸ ਜਾਵੇਗੀ। ਨਾਲ ਹੀ, ਉਨ੍ਹਾਂ ਤੋਂ ਲਗਭਗ 8.68 ਲੱਖ ਰੁਪਏ ਦੀ ਰਕਮ ਵੀ ਵਸੂਲੀ ਜਾਵੇਗੀ। ਇਹ ਕਾਰਵਾਈ ਮੁਹੰਮਦ ਸ਼ਮੀ ਦੀ ਭੈਣ ਸ਼ਬੀਨਾ, ਜੀਜਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਨਰੇਗਾ ਮਜ਼ਦੂਰ ਬਣਾਉਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਇਸੇ ਨਾਲ ਲਾਪਰਵਾਹੀ ਕਰਨ ‘ਤੇ ਤਿੰਨ ਪੰਚਾਇਤ ਸਕੱਤਰਾਂ ਅਤੇ ਇੱਕ ਏਪੀਓ ਸਮੇਤ 8 ਅਧਿਕਾਰੀ ਤੇ ਕਰਮਚਾਰੀ ਮੁਅੱਤਲ ਕਰ ਦਿੱਤੇ ਗਏ ਹਨ।
ਮੁਹੰਮਦ ਸ਼ਮੀ ਦੀ ਭੈਣ ਸ਼ਬੀਨਾ ਦੀ ਸੱਸ ਗੁਲੇ ਆਇਸ਼ਾ ਅਮਰੋਹਾ ਦੇ ਜੋਇਆ ਬਲਾਕ ਦੇ ਪਲੋਲਾ ਪਿੰਡ ਦੀ ਗ੍ਰਾਮ ਪ੍ਰਧਾਨ ਹੈ। ਗੁਲੇ ਆਇਸ਼ਾ ਨੇ ਪ੍ਰਧਾਨੀ ਦੌਰਾਨ ਆਪਣੇ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਨੂੰ ਮਨਰੇਗਾ ਮਜ਼ਦੂਰ ਵਿਖਾ ਕੇ ਲੱਖਾਂ ਰੁਪਏ ਝੂਠੇ ਢੰਗ ਨਾਲ ਬੈਂਕ ਖਾਤਿਆਂ ‘ਚ ਟ੍ਰਾਂਸਫਰ ਕਰਵਾਏ ਅਤੇ ਬਾਅਦ ਵਿੱਚ ਉਹ ਪੈਸੇ ਕੱਢ ਲਏ। ਇਹਨਾਂ ਮਨਰੇਗਾ ਮਜ਼ਦੂਰਾਂ ‘ਚ ਮੁਹੰਮਦ ਸ਼ਮੀ ਦੀ ਭੈਣ ਸ਼ਬੀਨਾ ਅਤੇ ਜੀਜਾ ਗਜਨਵੀ ਵੀ ਸ਼ਾਮਲ ਹਨ।
ਡੀਐਮ ਨੇ ਕਰਵਾਈ ਸੀ ਜਾਂਚ
ਜਦੋਂ ਮਨਰੇਗਾ ਮਜ਼ਦੂਰੀ ‘ਚ ਪਰਿਵਾਰ ਦਾ ਨਾਮ ਸਾਹਮਣੇ ਆਇਆ, ਤਾਂ ਅਮਰੋਹਾ ਦੀ ਡੀਐਮ ਨਿਧਿ ਗੁਪਤਾ ਨੇ ਜਾਂਚ ਕਮੇਟੀ ਬਣਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਗੁਲੇ ਆਇਸ਼ਾ ਨੇ ਪਰਿਵਾਰਕ ਮੈਂਬਰਾਂ ਨੂੰ ਮਨਰੇਗਾ ਮਜ਼ਦੂਰ ਵਿਖਾ ਕੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ। ਇਸ ਤੋਂ ਬਾਅਦ ਡੀਐਮ ਨੇ ਤਤਕਾਲ ਤਿੰਨ ਪੰਚਾਇਤ ਸਕੱਤਰ ਉਮਾ, ਅੰਜੁਮ, ਪ੍ਰਿਥਵੀ ਅਤੇ ਏਪੀਓ ਬ੍ਰਜਭਾਨ ਸਿੰਘ ਸਮੇਤ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ।
ਨਾਲ ਹੀ, ਤਤਕਾਲੀਨ ਬੀਡੀਓ ਪ੍ਰਤਿਭਾ ਅਗਰਵਾਲ ਖਿਲਾਫ ਵਿਭਾਗੀ ਕਾਰਵਾਈ ਲਈ ਸ਼ਾਸਨ ਨੂੰ ਪੱਤਰ ਲਿਖਿਆ ਗਿਆ। ਡੀਐਮ ਨੇ ਸਾਰੇ ਲੋਕਾਂ ਖਿਲਾਫ FIR ਦਰਜ ਕਰਨ ਦੇ ਹੁਕਮ ਦਿੱਤੇ ਹਨ। ਹੁਣ ਮੁਹੰਮਦ ਸ਼ਮੀ ਦੀ ਭੈਣ ਦੀ ਸੱਸ ਗੁਲੇ ਆਇਸ਼ਾ ਨੂੰ ਆਪਣੀ ਪ੍ਰਧਾਨੀ ਵੀ ਗਵਾਉਣੀ ਪਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।