ਮੁਹਾਲੀ: ਸਕੂਲ ਦੇ ਹੋਸਟਲ ‘ਚੋਂ ਸ਼ੱਕੀ ਹਾਲਾਤ ‘ਚ ਮਿਲੀ 11ਵੀਂ ਦੇ ਵਿਦਿਆਰਥੀ ਦੀ ਲਾਸ਼

TeamGlobalPunjab
2 Min Read

ਮੁਹਾਲੀ: ਮੁਹਾਲੀ ਦੇ ਮੈਰੀਟੋਰੀਅਸ ਸਕੂਲ ਦੇ ਅੰਦਰ ਹੀ ਬਣੇ ਹੋਸਟਲ ‘ਚ ਵਿਦਿਆਰਥੀ ਵੱਲੋਂ ਬੀਤੀ ਰਾਤ ਸ਼ੱਕੀ ਹਾਲਾਤਾਂ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਰਮਨਜੀਤ ਸਿੰਘ ਵੱਜੋਂ ਹੋਈ ਹੈ ਤੇ ਉਹ 11ਵੀਂ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਜਿੱਥੇ ਸਕੂਲ ਪ੍ਰਸ਼ਾਸਨ ਇਸ ਨੂੰ ਖ਼ੁਦਕੁਸ਼ੀ ਦੱਸ ਰਿਹਾ ਹੈ ਉੱਥੇ ਹੀ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੱਚੇ ਦਾ ਕਤਲ ਹੋਇਆ ਹੈ।

ਵਿਦਿਆਰਥੀ ਹਰਮਨਪ੍ਰੀਤ ਸਿੰਘ (17) ਪੁੱਤਰ ਤਰਸੇਮ ਸਿੰਘ ਵਾਸੀ ਰਤਨਗੜ੍ਹ (ਮੋਰਿੰਡਾ) ਦੀ ਭੇਦਭਰੀ ਹਾਲਤ ‘ਚ ਮੌਤ ਹੋਣ ਤੋਂ ਬਾਅਦ, ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।

ਭਾਵੇਂ ਕਿ ਵਿਦਿਆਰਥੀ ਦੀ ਮੌਤ ਦੀ ਖ਼ਬਰ ਸੁਣਦਿਆਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਫੇਸ 6 ਦੇ ਸਰਕਾਰੀ ਹਸਪਤਾਲ ‘ਚ ਪੁੱਜੇ, ਜਿੱਥੇ ਕਿ ਵਿਦਿਆਰਥੀ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ। ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਵੀ ਦਵਾਇਆ ਗਿਆ ਹੈ ।

ਮ੍ਰਿਤਕ ਹਰਮਨਪ੍ਰੀਤ ਸਿੰਘ ਦੇ ਚਾਚਾ ਸਤਿਗੁਰ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਦੇ ਘਰ ਦੇਰ ਸ਼ਾਮ ਫੋਨ ਕਰਕੇ ਸਕੂਲ ਤੋਂ ਬੁਲਾਇਆ ਗਿਆ ਕਿ ਉਨ੍ਹਾਂ ਦਾ ਬੱਚਾ ਬਿਮਾਰ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਰਸਤੇ ‘ਚ ਹੀ ਜਾ ਰਹੇ ਸਨ ਤਾਂ ਪ੍ਰਿੰਸੀਪਲ ਦਾ ਫਿਰ ਫੋਨ ਆਇਆ ਕਿ ਤੁਸੀਂ ਸਿੱਧੇ ਹਸਪਤਾਲ ‘ਚ ਹੀ ਗੱਡੀ ਲੈ ਕੇ ਆ ਜਾਓ ਪਰ ਜਦੋਂ ਉਹ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਨੇ ਬਾਥਰੂਮ ਚ ਖੁਦ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

- Advertisement -

ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਹੋਸਟਲ ਦੇ ਬਾਥਰੂਮ ‘ਚ ਜਾ ਕੇ ਦੇਖਿਆ ਤਾਂ ਬਾਥਰੂਮ ਵਿੱਚ ਖੂਨ ਦੇ ਛਿੱਟੇ ਸਨ ਅਤੇ ਗੀਜ਼ਰ ਦੀ ਇਨਪੁੱਟ ਵਾਲੀ ਲਗਭਗ ਤਿੰਨ ਫੁੱਟ ਦੀ ਪਾਈਪ ਨਾਲ ਫਾਹਾ ਲਿਆ ਦੱਸਿਆ ਗਿਆ ਹੈ। ਹਰਮਨਪ੍ਰੀਤ ਦੇ ਚਾਚਾ ਨੇ ਕਿਹਾ ਕਿ ਉਸ ਪਾਈਪ ਨਾਲ ਫਾਹਾ ਨਹੀਂ ਲਿਆ ਜਾ ਸਕਦਾ ਅਤੇ ਨਾ ਹੀ ਇਸ ਤਰ੍ਹਾਂ ਦੇ ਕੇਸਾਂ ‘ਚ ਖੂਨ ਨਿਕਲਦਾ ਸੁਣਿਆ। ਮਾਪਿਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ।

Share this Article
Leave a comment