ਪੰਜਾਬ ਕਾਂਗਰਸੀ ਲੀਡਰ ਖਿਲਾਫ ਮਾਮਲਾ ਦਰਜ; ਭਗਵਾਨ ਰਾਮ ਦੀ ਫੋਟੋ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਲਗਾ ਫੋਟੋ ਕੀਤੀ ਪੋਸਟ

Prabhjot Kaur
3 Min Read

ਖੰਨਾ: ਸਿਆਸੀ ਮਾਹੌਲ ਅੰਦਰ ਲਗਾਤਾਰ ਇੱਕ ਦੂਜੇ ਖਿਲਾਫ ਜਿੱਥੇ ਬਿਆਨਬਾਜੀਆਂ ਹੋ ਰਹੀਆਂ ਹਨ ਤਾਂ ਨਾਲ ਹੀ ਕਈ ਅਜਿਹੀਆਂ ਹਰਕਤਾਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਸਿਆਸਤਦਾਨਾਂ ਦਾ ਭਾਰੀ ਵਿਰੋਧ ਵੀ ਹੁੰਦਾ ਹੈ। ਇਸੇ ਦਰਮਿਆਨ ਪੰਜਾਬ ਦੇ ਖੰਨਾ ‘ਚ ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਚਿਹਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ। ਜਿਸ ਵਿੱਚ ਭਗਵਾਨ ਹਨੂੰਮਾਨ ਉਹਨਾਂ ਦੇ ਚਰਨਾਂ ਵਿੱਚ ਨਜ਼ਰ ਆ ਰਹੇ ਹਨ।

ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਤਾਂ ਇਸ ਫੋਟੋ ਨੂੰ ਦੇਖ ਕੇ ਸ਼ਿਵ ਸੈਨਾ ਹਿੰਦ ਸਟੂਡੈਂਟ ਵਿੰਗ ਇੰਡੀਆ ਦੇ ਪ੍ਰਧਾਨ ਗੌਤਮ ਸ਼ਰਮਾ ਭੜਕ ਉੱਠੇ। ਇਸ ਮਸਲੇ ‘ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕਾਂਗਰਸ ਪ੍ਰਧਾਨ ਸੁਧੀਰ ਜੋਸ਼ੀ, ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੁਧੀਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਜਿਕਰ ਏ ਖਾਸ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਗੌਤਮ ਸ਼ਰਮਾ ਮੁਤਾਬਕ 25 ਅਪ੍ਰੈਲ ਨੂੰ ਸੁਧੀਰ ਜੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਫੋਟੋ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਲਗਾ ਕੇ ਇਕ ਫੋਟੋ ਪੋਸਟ ਕੀਤੀ ਸੀ। ਇਸ ਤਸਵੀਰ ਵਿੱਚ ਭਗਵਾਨ ਸ਼੍ਰੀ ਹਨੂੰਮਾਨ ਜੀ ਪੈਰਾਂ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਨੂੰ ਸੁਧੀਰ ਜੋਸ਼ੀ ਨੇ ਅਪਲੋਡ ਕੀਤਾ ਸੀ।

ਇਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਸੁਧੀਰ ਜੋਸ਼ੀ ਦੇ ਫੇਸਬੁੱਕ ਅਕਾਊਂਟ ਤੋਂ ਅਪਲੋਡ ਕੀਤੀ ਗਈ ਵਿਵਾਦਤ ਫੋਟੋ ਦਾ ਪ੍ਰਿੰਟਆਊਟ ਅਤੇ ਉਸ ਦੇ ਨਾਲ ਟਿੱਪਣੀਆਂ ਦੀ ਕਾਪੀ ਵੀ ਲਈ ਗਈ ਸੀ। ਹਾਲਾਂਕਿ ਫੇਸਬੁੱਕ ਪੋਸਟ ‘ਚ ਸੁਧੀਰ ਜੋਸ਼ੀ ਨੇ ਫੋਟੋ ਬਣਾਉਣ ਨੂੰ ਲੈ ਕੇ ਸਵਾਲ ਪੁੱਛੇ ਸਨ। ਉਸ ਨੇ ਲਿਖਿਆ ਸੀ- ”ਕੀ ਇਹ ਇਸ ਫੋਟੋ ਵਿਚ ਸੰਘੀ ਚਿੱਤਰਕਾਰ ਦੀ ਕਲਾ ਹੈ ਜਾਂ ਬੇਇੱਜ਼ਤੀ ਦੀ ਸਿਖਰ ਜਾਂ ਨੀਚਤਾ? ਜਦੋਂ ਮੈਂ ਇਸਨੂੰ ਇੱਕ ਦੋਸਤ ਦੇ ਸੋਸ਼ਲ ਮੀਡੀਆ ‘ਤੇ ਦੇਖਿਆ ਤਾਂ ਮੇਰੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ। ਕਿਸੇ ਸਨਾਤਨੀ ਨੂੰ ਇਸ ਬਾਰੇ ਚਾਨਣਾ ਪਾਉਣਾ ਚਾਹੀਦਾ ਹੈ। ਕੀ ਇਹ ਤਸਵੀਰ ਹਨੂੰਮਾਨ ਜੀ ਦਾ ਸਤਿਕਾਰ ਵਧਾ ਰਹੀ ਹੈ ਜਾਂ ਉਨ੍ਹਾਂ ਦਾ ਅਪਮਾਨ ਕਰ ਰਹੀ ਹੈ? ਉਹ ਸਨਾਤਨੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ।

- Advertisement -

ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੁਧੀਰ ਜੋਸ਼ੀ ਨੂੰ ਪੁੱਛਗਿੱਛ ਲਈ ਬੁਲਾਇਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਫੋਟੋ ਉਹਨਾਂ ਨੇ ਨਹੀਂ ਬਣਾਈ ਸੀ। ਸਗੋਂ ਉਹਨਾਂ ਨੇ ਕਿਸੇ ਹੋਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਈ ਹੈ। ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਮਿਲੀ ਸ਼ਿਕਾਇਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਦੀ ਵੀ ਮਦਦ ਲਈ ਗਈ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਜਿਸਦੇ ਬਾਅਦ ਥਾਣਾ ਸਿਟੀ 2 ਵਿੱਚ ਸੁਧੀਰ ਜੋਸ਼ੀ ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Share this Article
Leave a comment