ਮੋਗਾ : ਪੰਜਾਬੀ ਮੁਟਿਆਰ ਦੀ ਕੈਨੇਡਾ ਪੁਲਿਸ ਵਿੱਚ ਪੀਸ ਅਫ਼ਸਰ ਵਜੋਂ ਚੋਣ ਹੋਈ ਹੈ। ਮੋਗਾ ਦੇ ਪਿੰਡ ਮੱਲਕੇ ਦੇ ਸਰਪੰਚ ਰਾਜਾ ਮੱਲਕੇ ਅਨੁਸਾਰ, ਉਨ੍ਹਾਂ ਦੀ ਬੇਟੀ ਜਸਦੀਪ ਕੌਰ ਬਰਾੜ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਕੈਨੇਡਾ ਪੁਲਿਸ ਵਿੱਚ ‘ਪੀਸ ਅਫ਼ਸਰ’ ਦੇ ਅਹੁਦੇ ਤੱਕ ਦਾ ਸਫ਼ਰ ਤੈਅ ਕੀਤਾ ਹੈ।
ਜਸਦੀਪ ਕੌਰ ਬਰਾੜ ਨੇ ਆਪਣੀ ਮੁੱਢਲੀ ਪੜ੍ਹਾਈ 12ਵੀਂ ਤੱਕ ਮੋਗਾ ਵਿੱਚ ਪੂਰੀ ਕੀਤੀ। ਇਸ ਤੋਂ ਬਾਅਦ ਬਿਹਤਰ ਭਵਿੱਖ ਅਤੇ ਉੱਚ ਸਿੱਖਿਆ ਲਈ ਸਾਲ 2012 ਵਿੱਚ ਉਹ ਕੈਨੇਡਾ ਚਲੀ ਗਈ ਸੀ ਅਤੇ ਉੱਥੇ ਰਹਿ ਕੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਪਹਿਲੀ ਵਾਰ ਭਰਾ ਦੇ ਵਿਆਹ ਵਿੱਚ ਆਉਣ ਕਾਰਨ ਉਸਦਾ ਟੈਸਟ ਛੁੱਟ ਗਿਆ ਸੀ।ਇਸ ਤੋਂ ਬਾਅਦ ਉਸਨੇ ਦੁਬਾਰਾ ਤਿਆਰੀ ਕੀਤੀ ਅਤੇ ਹੁਣ ਪੁਲਿਸ ਵਿੱਚ ਨੌਕਰੀ ਹਾਸਲ ਕੀਤੀ ਹੈ।
ਉਹ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਰਹਿੰਦੀ ਹੈ। ਉਸਨੇ 3 ਮਈ ਨੂੰ ਪੁਲਿਸ ਦੀ ਨੌਕਰੀ ਜੁਆਇਨ ਕੀਤੀ ਹੈ। ਉਸਦੀ ਟੀਮ ਵਿੱਚ 15 ਤੋਂ 20 ਕਰਮਚਾਰੀ ਹੁੰਦੇ ਹਨ ਅਤੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣਾ ਉਨ੍ਹਾਂ ਦਾ ਮੁੱਖ ਕੰਮ ਹੈ।
ਲੜਕੀ ਦੇ ਪਿਤਾ ਪਿੰਡ ‘ਚ ਸਰਪੰਚ ਹਨ। ਉਨ੍ਹਾਂ ਨੇ ਦੱਸਿਆ ਕਿ ਬੇਟੀ ਦਾ ਸੁਪਨਾ ਚੀਫ਼ ਹੈੱਡ ਬਣਨਾ ਹੈ, ਜਿਸ ਲਈ 7 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਅਪਲਾਈ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਉਸ ਨੂੰ ਵਧਾਈ ਦੇਣ ਵਾਲਿਆਂ ਦਾ ਘਰ ਵਿੱਚ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਪਹੁੰਚ ਕੇ ਜਸਦੀਪ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸ ਨੇ ਉੱਥੋਂ ਦੇ ਸਿਸਟਮ ਮੁਤਾਬਕ ਖ਼ੁਦ ਨੂੰ ਤਿਆਰ ਕੀਤਾ ਅਤੇ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਦਾ ਟੀਚਾ ਮਿੱਥਿਆ। ਇਸ ਦੌਰਾਨ ਉਸ ਨੂੰ ਸਖ਼ਤ ਮੁਕਾਬਲੇ ਅਤੇ ਚੋਣ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਸਰੀਰਕ, ਮਾਨਸਿਕ ਅਤੇ ਵਿਦਿਅਕ ਪੱਧਰ ‘ਤੇ ਖ਼ੁਦ ਨੂੰ ਸਾਬਤ ਕਰਨਾ ਹੁੰਦਾ ਹੈ।
ਸਾਲ 2023 ਵਿੱਚ ਜਦੋਂ ਉਸ ਦੇ ਭਰਾ ਦਾ ਵਿਆਹ ਸੀ, ਉਦੋਂ ਜਸਦੀਪ ਪੰਜਾਬ ਆਈ ਹੋਈ ਸੀ। ਇਸ ਦੌਰਾਨ ਉਸ ਦਾ ਪੁਲਿਸ ਦਾ ਟੈਸਟ ਛੁੱਟ ਗਿਆ, ਜਿਸ ਕਾਰਨ ਉਸ ਦੇ ਸਫ਼ਰ ਵਿੱਚ ਥੋੜ੍ਹੀ ਰੁਕਾਵਟ ਆਈ। ਹਾਲਾਂਕਿ, ਉਸ ਨੇ ਹਾਰ ਨਹੀਂ ਮੰਨੀ ਅਤੇ ਦੁਬਾਰਾ ਤਿਆਰੀ ਸ਼ੁਰੂ ਕਰ ਦਿੱਤੀ। ਆਖ਼ਰਕਾਰ ਉਸਦੀ ਮਿਹਨਤ ਰੰਗ ਲਿਆਈ ਅਤੇ 15 ਮਾਰਚ 2026 ਨੂੰ ਉਸਨੇ ਪੁਲਿਸ ਦਾ ਟੈਸਟ ਸਫ਼ਲਤਾਪੂਰਵਕ ਪਾਸ ਕਰ ਲਿਆ। ਇਸ ਤੋਂ ਬਾਅਦ 3 ਮਈ 2026 ਨੂੰ ਉਸਨੇ ‘ਪੀਸ ਅਫ਼ਸਰ’ ਦੇ ਅਹੁਦੇ ‘ਤੇ ਆਪਣੀ ਨੌਕਰੀ ਜੁਆਇਨ ਕਰ ਲਈ।
ਪਿਤਾ ਨੇ ਬੇਟੀ ਦੀ ਸਫ਼ਲਤਾ ‘ਤੇ ਮਾਣ ਜਤਾਉਂਦਿਆਂ ਕਿਹਾ ਕਿ ਜਸਦੀਪ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸਦੀ ਇਹ ਸਫ਼ਲਤਾ ਖ਼ਾਸ ਕਰਕੇ ਨੌਜਵਾਨਾਂ ਅਤੇ ਧੀਆਂ ਲਈ ਪ੍ਰੇਰਨਾਦਾਇਕ ਹੈ, ਜੋ ਇਹ ਸਾਬਤ ਕਰਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ।

