ਚੰਡੀਗੜ੍ਹ ਮਹਾਪੰਚਾਇਤ – ‘ਮੋਦੀ ਸਰਕਾਰ ਅਡਾਨੀ ਲਈ 10 ਕਿੱਲਿਆਂ ਦੀ ਵੱਖਰੀ ਮੰਡੀ ਬਣਾਉਣ ਦੀ ਤਿਆਰੀ ‘ਚ

TeamGlobalPunjab
3 Min Read

ਚੰਡੀਗੜ੍ਹ : ਖੇਤੀ ਕਾਨੂੰਨ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਚੰਡੀਗੜ੍ਹ ਵਿੱਚ ਮਹਾਪੰਚਾਇਤ ਕੀਤੀ ਗਈ। ਜਿਸ ਵਿੱਚ ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਸਿੰਘ ਉਗਰਾਹਾਂ, ਬਾਬਾ ਸਾਧੂ ਸਿੰਘ ਅਤੇ ਰੁਲਦੂ ਸਿੰਘ ਮਾਨਸਾ ਦੇ ਨਾਲ ਨਾਲ ਹੋਰ ਕਿਸਾਨ ਲੀਡਰ ਪਹੁੰਚੇ। ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾ ਅਸੀਂ ਡਰਾਂਗੇ ਤੇ ਨਾ ਹੀ ਪਿੱਛੇ ਹਟਾਂਗੇ। ਜਦੋਂ ਤਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹ ਲੜਾਈ ਅਸੀਂ ਜਿੱਤ ਕੇ ਵਾਪਸ ਜਾਵਾਂਗੇ ਚਾਹੇ ਅਸੀਂ ਨਾ ਵੀ ਰਹੀਏ ਮੁੜ ਕੇ 300 ਸਾਲ ਲੜਾਈ ਲੜਨ ਦੀ ਲੋੜ ਨਹੀਂ। ਇਸ ਮਹਾਪੰਚਾਇਤ ‘ਚ ਜਲ ਤੋਪ ਦਾ ਮੂੰਹ ਮੋੜਨ ਵਾਲੇ ਹਰਿਆਣਾ ਦੇ ਨੌਜਵਾਨ ਨਵਦੀਪ ਦੇ ਪਿਤਾ ਜੈ ਸਿੰਘ ਵੀ ਪਹੁੰਚੇ।

ਮਹਾਪੰਚਾਇਤ ‘ਚ ਇਕੱਠ ਨੂੰ ਸਬੰਧੋਨ ਕਰਦੇ ਹੋਏ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਵੀ ਵਧਾਈ ਦੇ ਪਾਤਰ ਹਨ ਜਿਹੜੇ ਕਿ ਖੇਤੀਬਾੜੀ ਨਾਲ ਸਬੰਧ ਨਾ ਰੱਖਦਿਆਂ ਹੋਇਆਂ ਵੀ ਸੰਘਰਸ਼ ‘ਚ ਪੂਰਾ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰੋਜ਼ਾਨਾ ਚੌਕਾਂ ‘ਚ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਸਲ ਗੱਲ ਸਮਝ ਆ ਗਈ ਹੈ ਪਰ ਮੋਦੀ ਸਰਕਾਰ ਨੂੰ ਸਮਝ ਨਹੀਂ ਆ ਰਿਹਾ। ਗੁਰਨਾਮ ਚਡੂਨੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਵਾਂਗ ਪੂਰੇ ਦੇਸ਼ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਹ ਕੋਈ ਇੱਕ ਕੌਮ ਜਾਂ ਧਰਮ ਦੀ ਲੜਾਈ ਨਹੀਂ ਹੈ ਇਹ ਕਿਸਾਨੀ ਦੀ ਲੜਾਈ ਹੈ, ਕਿਸਾਨੀ ਨਾਲ ਜੁੜੇ ਅਤੇ ਕਿਸਾਨ ਨੂੰ ਸਮਰਥਨ ਕਰਨ ਵਾਲਿਆਂ ਦੀ ਸਾਂਝੀ ਲੜਾਈ ਹੈ।

- Advertisement -

ਇਹਨਾਂ ਲੀਡਰਾਂ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਵੀ ਸਟੇਜ ‘ਤੇ ਪਹੁੰਚੇ, ਰੁਲਦੂ ਸਿੰਘ ਨੇ ਕੇਂਦਰ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ। ਰੁਲਦੂ ਸਿੰਘ ਨੇ ਕਿਹਾ ਕਿ ਜਿਹੜੀ ਭਾਜਪਾ ਖੇਤ ਮਜ਼ਦੂਰਾਂ ਨੂੰ ਇਨ੍ਹਾਂ ਕਾਨੂੰਨਾਂ ਮਗਰ ਸਸਤੀ ਸਬਜ਼ੀ ਅਤੇ ਰਾਸ਼ਨ ਦੇਣ ਦੀ ਕਰਦੀ ਹੈ, ਮੈਂ ਭਾਜਪਾ ਸਰਕਾਰ ਨੂੰ ਕਹਿੰਦਾ ਹਾਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਲੰਡਰ ਤੁਹਾਡੇ ਕਬਜ਼ੇ ਹੇਠ ਹਨ, ਉਹ ਸਸਤੇ ਕਰ ਦਿਓ। ਇਸ ਦੌਰਾਨ ਰੁਲਦੂ ਸਿੰਘ ਮਾਨਸਾ ਨੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਡਾਨੀ ਲਈ ਸਰਕਾਰ ਦੀ 6 ਤੋਂ 10 ਕਿੱਲਿਆਂ ਦੀ ਵੱਖਰੀ ਮੰਡੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਜਿਸ ਨਾਲ ਬਾਕੀ ਮੰਡੀਆਂ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ ਅਤੇ ਅਡਾਨੀ ਦੀ ਮੰਡੀ ‘ਤੇ ਕੋਈ ਵੀ ਟੈਕਸ ਵੀ ਨਹੀਂ ਲੱਗੇਗਾ।

 

Share this Article
Leave a comment