ਅਮਰੀਕਾ ਨੇ ਮੋਡਰਨਾ ਵੈਕਸੀਨ ਦੀਆਂ 3.5 ਮਿਲੀਅਨ ਖੁਰਾਕਾਂ ਨਾਲ ਕੀਤੀ ਕੋਲੰਬੀਆ ਦੀ ਸਹਾਇਤਾ

TeamGlobalPunjab
1 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਨੇ ਮੋਡਰਨਾ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨਾਲ ਕੋਲੰਬੀਆ ਦੀ ਸਹਾਇਤਾ ਕੀਤੀ ਹੈ। ਇਸ ਸਬੰਧੀ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਾਈਡੇਨ ਸਰਕਾਰ ਨੇ ਸ਼ੁੱਕਰਵਾਰ ਨੂੰ ਮੋਡਰਨਾ ਵੈਕਸੀਨ ਦੀਆਂ 3.5 ਮਿਲੀਅਨ ਖੁਰਾਕਾਂ ਕੋਲੰਬੀਆ ਭੇਜੀਆਂ ਹਨ, ਜੋ ਕਿ ਐਤਵਾਰ ਨੂੰ ਇਸ ਦੱਖਣੀ ਅਮਰੀਕੀ ਦੇਸ਼ ਪਹੁੰਚ ਜਾਣਗੀਆਂ।

ਇਸ ਤੋਂ ਪਹਿਲਾਂ ਵੀ 2.5 ਮਿਲੀਅਨ ਜੌਹਨਸਨ ਐਂਡ ਜੌਹਨਸਨ ਦੀਆਂ ਖੁਰਾਕਾਂ ਅਮਰੀਕਾ ਵੱਲੋਂ ਕੋਲੰਬੀਆ ਨੂੰ ਦਿੱਤੀਆਂ ਗਈਆਂ ਹਨ। ਮੋਡਰਨਾ ਦੀਆਂ ਇਹਨਾਂ 3.5 ਮਿਲੀਅਨ ਖੁਰਾਕਾਂ ਨਾਲ ਕੋਲੰਬੀਆ ਨੂੰ ਕੁੱਲ 6 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪਿਛਲੇ ਹਫਤੇ ਤੋਂ ਅਮਰੀਕਾ ਨੇ ਲੇਟਿਨ ਅਮਰੀਕੀ ਦੇਸ਼ਾਂ ਪਨਾਮਾ, ਹੋਂਡੂਰਸ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹੁਣ ਕੋਲੰਬੀਆ ਸਮੇਤ ਲੱਗਭਗ 12.5 ਮਿਲੀਅਨ ਖੁਰਾਕਾਂ ਭੇਜੀਆਂ ਹਨ।

ਇਸਦੇ ਇਲਾਵਾ ਵਈਟ ਹਾਊਸ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ ਦੁਆਰਾ ਚਲਾਏ ਜਾ ਰਹੇ ਗਲੋਬਲ ਟੀਕਾਕਰਨ ਪ੍ਰੋਗਰਾਮ ਕੋਵੈਕਸ ਦੁਆਰਾ ਬਾਈਡੇਨ ਪ੍ਰਸ਼ਾਸਨ ਨੇ ਲੱਗਭਗ 20 ਮਿਲੀਅਨ ਖੁਰਾਕਾਂ ਲੇਟਿਨ ਅਮਰੀਕਾ ਭੇਜੀਆ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 4.5 ਮਿਲੀਅਨ ਤੋਂ ਵੱਧ ਕੋਲੰਬੀਆ ਨਿਵਾਸੀ ਕੋਵਿਡ -19 ਨਾਲ ਸੰਕਰਮਿਤ ਹੋਏ ਹਨ ਜਦਕਿ 118,000 ਤੋਂ ਵੱਧ ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Share this Article
Leave a comment