ਸੁੱਚਾ ਸਿੰਘ ਲੰਗਾਹ ਮਾਮਲਾ : ਭਾਈ ਲੌਂਗੋਵਾਲ ਨੇ ਤਿੰਨ ਐਸ.ਜੀ.ਪੀ.ਸੀ. ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

TeamGlobalPunjab
2 Min Read

ਅੰਮ੍ਰਿਤਸਰ: ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰ ਕੇ ਦੁਬਾਰਾ ਅੰਮ੍ਰਿਤ ਛਕਾਉਣ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਨੋਟਿਸ ਲੈਂਦੇ ਹੋਏ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਮੁਲਾਜ਼ਮਾਂ ਜਿਨ੍ਹਾਂ ਵਿਚ ਰਛਪਾਲ ਸਿੰਘ ਇੰਚਾਰਜ, ਭਾਈ ਖੁਸ਼ਵੰਤ ਸਿੰਘ ਗ੍ਰੰਥੀ, ਭਾਈ ਹਰਮੀਤ ਸਿੰਘ ਕਥਾਵਾਚਕ ਨੂੰ ਭਾਈ ਲੌਂਗੋਵਾਲ ਪ੍ਰਧਾਨ ਸਾਹਿਬ ਦੇ ਹੁਕਮਾਂ ਅਨੁਸਾਰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੜਤਾਲ ਲਈ ਫਲਾਇੰਗ ਵਿਭਾਗ ਦੇ ਅਮਲੇ, ਸੀਨੀਅਰ ਪ੍ਰਚਾਰਕਾਂ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਜ਼ੁੰਮੇਵਾਰੀ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੀ ਥਾਂ ਧਾਰੀਵਾਲ ਨੇੜੇ ਗੁਰਦਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਤਰਨਾ ਦਲ ਜਥੇ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਮਾਫ਼ੀ ਮੰਗੀ। ਇਸ ਉਪਰੰਤ ਪੰਜਾਂ ਪਿਆਰਿਆਂ ਵਲੋਂ ਉਸ ਨੂੰ ‘ਤਨਖ਼ਾਹ’ ਲਾਉਂਦਿਆਂ ਦੁਬਾਰਾ ਅੰਮ੍ਰਿਤਪਾਨ ਕਰਵਾਇਆ ਗਿਆ। ਦੱਸ ਦਈਏ ਕਿ ਸਾਲ 2017 ‘ਚ ਲੰਗਾਹ ਉੱਪਰ ਕਿਸੇ ਔਰਤ ਨੇ ਜਬਰ ਜਨਾਹ ਦੇ ਦੋਸ਼ ਲਗਾਏ ਸਨ। ਮਾਮਲਾ ਦਰਜ ਹੋਣ ਪਿੱਛੋਂ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪੰਥ ‘ਚੋਂ ਛੇਕ ਦਿੱਤਾ ਸੀ। ਪੰਜਾਂ ਪਿਆਰਿਆਂ ਨੇ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਰੋਜ਼ਾਨਾ ਇਕ ਘੰਟਾ ਗੁਰੂ ਘਰ ‘ਚ ਝਾੜੂ ਮਾਰਨ ਦੀ ਤਨਖ਼ਾਹ (ਧਾਰਮਿਕ ਸਜ਼ਾ) ਲਗਾਈ ਅਤੇ ਦੁਬਾਰਾ ਅੰਮ੍ਰਿਤਪਾਨ ਕਰਵਾਇਆ।

 


Share this Article
Leave a comment