ਡੱਗ ਫੋਰਡ ਨੂੰ ਟੱਕਰ ਦੇਵੇਗੀ ਬੌਨੀ ਕਰੌਂਬੀ

Prabhjot Kaur
2 Min Read

ਮਿਸੀਸਾਗਾ: ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਲਿਬਰਲ ਲੀਡਰਸ਼ਿੱਪ ਦੌੜ ‘ਚ ਸ਼ਾਮਲ ਹੋਣ ਦੀ ਤਿਆਰੀ ਖਿੱਚ ਲਈ ਹੈ। ਇਕ ਰਿਪੋਰਟ ਮੁਤਾਬਕ ਬੌਨੀ ਕਰੌਂਬੀ ਵੱਲੋਂ ਹਾਲਾਤ ਦਾ ਜਾਇਜ਼ਾ ਲੈਣ ਖਾਤਰ ਕਮੇਟੀ ਗਠਤ ਕੀਤੀ ਗਈ ਅਤੇ ਲੀਡਰਸ਼ਿੱਪ ਦੌੜ ਲਈ ਰਜਿਸਟ੍ਰੇਸ਼ਨ ਬਾਅਦ ਵਿੱਚ ਕੀਤੀ ਜਾਵੇਗੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਡੱਗ ਫ਼ੋਰਡ ਸਰਕਾਰ ਵੱਲੋਂ ਪੀਲ ਰੀਜਨ ਨੂੰ ਭੰਗ ਕਰਦਿਆਂ ਮਿਸੀਸਾਗਾ, ਬਰੈਂਪਟਨ ਅਤੇ ਕੈਲੰਡਨ ਨੂੰ 2025 ਤੱਕ ਖੁਦਮੁਖਤਿਆਰ ਸ਼ਹਿਰਾਂ ਦਾ ਦਰਜਾ ਦੇਣ ਬਾਰੇ ਐਲਾਨ ਕੀਤਾ ਜਾ ਚੁੱਕਿਆ ਹੈ।

ਬੌਨੀ ਕਰੌਂਬੀ ਲੰਮੇ ਸਮੇਂ ਤੋਂ ਪੀਲ ਰੀਜਨ ਨਾਲੋਂ ਵੱਖ ਹੋਣਾ ਚਾਹੁੰਦੇ ਸਨ। 2014 ‘ਚ ਮਿਸੀਸਾਗਾ ਦੀ ਮੇਅਰ ਚੁਣੇ ਜਾਣ ਤੋਂ ਪਹਿਲਾਂ ਬੌਨੀ ਮਿਸੀਸਾਗਾ-ਸਟ੍ਰੀਟਸਵਿੱਲ ਹਲਕੇ ਤੋਂ ਐਮ.ਪੀ. ਅਤੇ ਸਿਟੀ ਕੌਂਸਲਰ ਰਹਿ ਚੁੱਕੇ ਹਨ। ਬੌਨੀ ਕਰੱਬੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਓਨਟਾਰੀਓ ਦਾ ਗੇੜਾ ਲਾ ਕੇ ਲਿਬਰਲ ਵਰਕਰਾਂ ਨਾਲ ਮੁਲਾਕਾਤ ਕੀਤੀ ਤਾਂ ਜ਼ਿਆਦਾਤਰ ਨੇ ਮੈਦਾਨ ਵਿੱਚ ਨਿਤਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਕਿਫ਼ਾਇਤੀ ਮਕਾਨਾਂ ਦੀ ਕਿੱਲਤ, ਸਿਹਤ ਸੰਭਾਲ ਅਤੇ ਸਿੱਖਿਆ ਦੇ ਮਸਲੇ `ਤੇ ਉਹ ਡੱਗ ਫ਼ੋਰਡ ਸਰਕਾਰ ਨਾਲ ਮੱਥਾ ਲਾਉਣ ਲਈ ਤਿਆਰ ਬਰ ਤਿਆਰ ਹਨ।

ਦੂਜੇ ਪਾਸੇ ਪੀ.ਸੀ. ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਮਿਸੀਸਾਗਾ ਦੀਆਂ ਛੇ ਅਤੇ ਬਰੈਂਪਟਨ ਦੀਆਂ ਪੰਜ ਵਿਧਾਨ ਸਭਾ ਸੀਟਾਂ ‘ਤੇ ਬੌਨੀ ਦਾ ਸਿੱਧੇ ਤੌਰ ‘ਤੇ ਪ੍ਰਭਾਵ ਹੈ। ਸਿਰਫ਼ ਐਨਾ ਹੀ ਨਹੀਂ 2003 ਤੋਂ 2018 ਤੱਕ ਲਿਬਰਲ ਪਾਰਟੀ ਸੱਤਾ ਉਪਰ ਕਾਬਜ਼ ਰਹਿਣ ਦਾ ਆਧਾਰ ਰਹੀਆਂ। ਜੀ ਟੀ.ਏ. ਦੀਆਂ ਹੋਰਨਾਂ ਸੀਟਾਂ ਨੂੰ ਵੀ ਉਹ ਪ੍ਰਭਾਵਤ ਕਰ ਸਕਦੀ ਹੈ। 77 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਤੀਜੀ ਵਾਰ ਮੇਅਰ ਬਣੀ ਬੌਨੀ ਦਾ ਸੂਬਾਈ ਸਿਆਸਤ ‘ਚ ਆਉਣਾ ਤੈਅ ਹੋ ਚੁੱਕਿਆ ਹੈ ਅਤੇ 2026 ਦੀਆਂ ਚੋਣਾਂ ਵਿੱਚ ਡਗ ਫ਼ੋਰਡ ਨੂੰ ਸਖ਼ਤ ਟੱਕਰ ਮਿਲ ਸਕਦੀ ਹੈ। ਸਿਆਸਤ ਦੇ ਜਾਣਕਾਰਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਬੌਨੀ ਕਰੌਂਬੀ ਦੇ ਮੈਦਾਨ ਵਿਚ ਆਉਣ ਨਾਲ ਸਭ ਤੋਂ ਵੱਧ ਘਬਰਾਹਟ ਡੱਗ ਫ਼ੋਰਡ ਨੂੰ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment