ਮਿਸ਼ਨ ਫਤਿਹ: ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਨੇ ਕੀਤੇ ਕੋਵਿਡ-19 ਦੇ ਟਾਕਰੇ ਲਈ ਪੁਖ਼ਤਾ ਪ੍ਰਬੰਧ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਮਿਸ਼ਨ ਫਤਿਹ ਅਧੀਨ ਸੂਬੇ ਦੇ ਨਾਗਰਿਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਸਭ ਤੋਂ ਪਹਿਲਾਂ ਕੋਰੋਨਾ ਟੈਸਟ ਕਰਨ ਦੀ ਸਮਰੱਥਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਸੂਬੇ ਦੇ ਮੈਡੀਕਲ ਕਾਲਜਾਂ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ 400-400 ਟੈਸਟ ਪ੍ਰਤੀ ਦਿਨ ਅਤੇ ਫਰੀਦਕੋਟ ਵਿੱਚ 200 ਟੈਸਟ ਪ੍ਰਤੀ ਦਿਨ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਵਧਾ ਕੇ ਤਿੰਨ-ਤਿੰਨ ਹਜ਼ਾਰ ਟੈਸਟ ਪ੍ਰਤੀ ਸਰਕਾਰੀ ਮੈਡੀਕਲ ਕਾਲਜ ਰੋਜ਼ਾਨਾ ਕੀਤਾ ਗਿਆ ਅਤੇ ਨਾਲ ਹੀ ਲੈਬ ਟੈਕਨੀਸ਼ਅਨਾਂ ਅਤੇ ਡਾਕਟਰਾਂ ਨੂੰ ਇਸ ਬੀਮਾਰੀ ਸਬੰਧੀ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ, ਅਹਿਤਿਆਤ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਅਤੇ ਇਸ ਬੀਮਾਰੀ ਸਬੰਧੀ ਨਵੀਨਤਮ ਖੋਜਾਂ ਤੋਂ ਜਾਣੂੰ ਕਰਵਾਉਣ ਦਾ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ।

ਬੁਲਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਟੀਚੇ ਅਨੁਸਾਰ ਸੂਬੇ ਦੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਪੰਜਾਬ ਰਾਜ ਵਿੱਚ ਸੰਸਥਾਵਾਂ, ਜਿਨ੍ਹਾਂ ਵਿੱਚ ਪੀ.ਜੀ.ਆਈ. ਚੰਡੀਗੜ੍ਹ, ਇਮਟੈੱਕ ਚੰਡੀਗੜ੍ਹ, ਐਮ ਐਚ ਜਲੰਧਰ, ਆਈ.ਆਈ. ਐਸ.ਈ.ਆਰ, ਮੁਹਾਲੀ, ਐਨ.ਏ ਬੀ.ਆਈ. ਮੁਹਾਲੀ, ਡੀ.ਐਮ.ਸੀ. ਲੁਧਿਆਣਾ, ਸੀ.ਐਮ. ਸੀ. ਲੁਧਿਆਣਾ, ਸ੍ਰੀ ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ ਸਮੇਤ 8 ਨਿਜੀ ਲੈਬਜ਼ ਦੀ ਟੈਸਟਿੰਗ ਸਮਰੱਥਾ 31 ਅਗਸਤ ਤੱਕ 22 ਹਜ਼ਾਰ 500 ਟੈਸਟ ਪ੍ਰਤੀ ਦਿਨ ਕਰਨ ਲਈ ਜੰਗੀ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ।

ਬੁਲਾਰੇ ਨੇ ਦੱਸਿਆ ਕਿ ਦੇਸ਼ ਵਿੱਚ ਪੰਜਾਬ ਰਾਜ ਦੇ ਮੈਡੀਕਲ ਕਾਲਜ ਟੈਸਟਿੰਗ ਦੇ ਮਾਮਲੇ ਵਿੱਚ ਪ੍ਰਤੀ ਦਿਨ ਸਭ ਤੋਂ ਜ਼ਿਆਦਾ ਟੈਸਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੈਬੋਰੇਟਰੀ ਟੈਸਟਿੰਗ ਅਤੇ ਲੈਬਜ਼ ਦੀ ਟੈਸਟਿੰਗ ਸਮਰੱਥਾ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਇਕ ਮਾਹਰ ਗਰੁੱਪ ਬਣਾਇਆ ਗਿਆ ਹੈ, ਜਿਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਪੀ.ਜੀ.ਆਈ., ਚੰਡੀਗੜ੍ਹ ਤੋਂ ਡਾ. ਪੱਲਬ ਰੇਅ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਿੱਤ ਅਧਿਕਾਰੀ ਤੇ ਖਰੀਦ ਸਬੰਧੀ ਪ੍ਰੋਫੈਸਰ ਇੰਚਾਰਜ ਅਤੇ ਸੂਬੇ ਦੀਆਂ ਤਿੰਨ ਮੈਡੀਕਲ ਕਾਲਜਾਂ ਦੀਆਂ ਲੈਬਜ਼ ਦੇ ਸੀਨੀਅਰ ਫੈਕੇਲਟੀ ਟੈਕਨੀਕਲ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਗਰੁੱਪ ਪੰਜਾਬ ਸਰਕਾਰ ਦੇ ਹੈਲਥ ਐਡਵਾਈਜਰ ਡਾਕਟਰ ਕੇ ਕੇ ਤਲਵਾਰ ਦੀ ਅਗਵਾਈ ਹੇਠ ਇਸ ਸਬੰਧੀ ਕੰਮ ਕਰ ਰਹੇ ਹਨ।

- Advertisement -

Share this Article
Leave a comment