ਦੇਹਰਾਦੂਨ ਵਿੱਚ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਵੱਡਾ ਹਾਦਸਾ! ਕਾਂਗਰਸੀ ਆਗੂ ਦੀ ਮੌਤ

Global Team
2 Min Read

ਉੱਤਰਾਖੰਡ: ਰਾਜਧਾਨੀ ਦੇਹਰਾਦੂਨ ਵਿੱਚ ਕਾਂਗਰਸ ਸਾਂਸਦ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ। ਬੰਨੂ ਸਕੂਲ ਮੈਦਾਨ ਵਿੱਚ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਹੈ। ਸਰਕਾਰ ਵੱਲੋਂ ਪਰੇਡ ਗਰਾਊਂਡ ਵਿੱਚ ਪ੍ਰੋਗਰਾਮ ਦੇ ਆਯੋਜਨ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਹੁਣ ਸਕੂਲ ਮੈਦਾਨ ਵਿੱਚ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਵਾਲੀ ਥਾਂ ‘ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਾਂਗਰਸੀ ਨੇਤਾ ਅਮਰ ਸਿੰਘ ਮਹਿਤਾ ਪਹੁੰਚੇ ਸਨ। ਇਸੇ ਦੌਰਾਨ ਉੱਥੇ ਖੜ੍ਹਾ ਕੀਤਾ ਗਿਆ ਲੋਹੇ ਦਾ ਇੱਕ ਪਿੱਲਰ ਡਿੱਗ ਪਿਆ, ਜਿਸ ਕਾਰਨ ਕਾਂਗਰਸੀ ਆਗੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਦੇਹਰਾਦੂਨ ਪਹੁੰਚਣ ਵਾਲੇ ਹਨ। ਉੱਥੇ ਉਹ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇੱਥੇ ਉਹ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਨਗੇ। ਪ੍ਰੋਗਰਾਮ ਨੂੰ ਲੈ ਕੇ ਕਾਂਗਰਸ ਵੱਲੋਂ ਤਿਆਰੀਆਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਸੀ। ਪਾਰਟੀ ਵਰਕਰਾਂ ਦਾ ਦਾਅਵਾ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ, ਨੌਜਵਾਨ ਅਤੇ ਮਾਪੇ ਦੇਹਰਾਦੂਨ ਪਹੁੰਚ ਰਹੇ ਹਨ।

ਰਾਹੁਲ ਗਾਂਧੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਉਹ ਉਹਨਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਭਵਿੱਖ ਦੀਆਂ ਉਮੀਦਾਂ ‘ਤੇ ਚਰਚਾ ਕਰਨਗੇ। ਇਸ ਵਿੱਚ ਸਿੱਖਿਆ ਪ੍ਰਣਾਲੀ, ਪ੍ਰਤੀਯੋਗੀ ਪ੍ਰੀਖਿਆਵਾਂ, ਰੁਜ਼ਗਾਰ ਦੇ ਮੌਕਿਆਂ, ਨੌਜਵਾਨਾਂ ਦੇ ਪਲਾਇਨ ਅਤੇ ਕਰੀਅਰ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਹੋਣੀ ਹੈ। ਇਸ ਤੋਂ ਪਹਿਲਾਂ ਇਸ ਹਾਦਸੇ ਨੇ ਹੜਕੰਪ ਮਚਾ ਦਿੱਤਾ ਹੈ।

ਕਾਂਗਰਸੀ ਆਗੂ ਨੇ ਦੱਸਿਆ ਕਿ ਵੀਰਵਾਰ ਸ਼ਾਮ ਦੇਹਰਾਦੂਨ ਦੇ ਬੰਨੂ ਸਕੂਲ ਮੈਦਾਨ ਵਿੱਚ ਰਾਹੁਲ ਗਾਂਧੀ ਦੇ ਪ੍ਰੋਗਰਾਮ ਲਈ ਲਗਾਏ ਗਏ ਤੰਬੂ ਤੋਂ ਲੋਹੇ ਦਾ ਪਿੱਲਰ ਡਿੱਗਣ ਕਾਰਨ ਇੱਕ 65 ਸਾਲਾ ਕਾਂਗਰਸੀ ਵਰਕਰ ਦੀ ਮੌਤ ਹੋ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਸੂਰਿਆਕਾਂਤ ਧਸਮਾਨਾ ਨੇ ਦੱਸਿਆ ਕਿ ਮ੍ਰਿਤਕ ਅਮਰ ਮਹਿਤਾ ਹੇਠਾਂ ਤਿਆਰੀਆਂ ਦਾ ਨਿਰੀਖਣ ਕਰ ਰਹੇ ਸਨ, ਜਦੋਂ ਅਚਾਨਕ ਆਰਜ਼ੀ ਢਾਂਚੇ ਤੋਂ ਲੋਹੇ ਦੀ ਇੱਕ ਰਾਡ ਡਿੱਗ ਪਈ, ਜਿਸ ਕਾਰਨ ਉਹਨਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਧਸਮਾਨਾ ਨੇ ਦੱਸਿਆ ਕਿ ਮਹਿਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

Share This Article
Leave a Comment