ਨਿਊਜ਼ ਡੈਸਕ: ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਸੱਤਾਧਾਰੀ ਪਾਰਟੀ ਅਤੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਉਮੀਦਵਾਰ ਫਖਰੁਲ ਇਸਲਾਮ ਆਲਮਗੀਰ ਨੇ ਇਹ ਚੋਣ ਜਿੱਤ ਲਈ ਹੈ ਅਤੇ ਉਹ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ 35 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲਾ ਹੋਇਆ ਸੀ। ਸ਼ੇਖ ਹਸੀਨਾ ਦੇ ਦੇਸ਼-ਨਿਕਾਲੇ ਅਤੇ ਅਵਾਮੀ ਲੀਗ ‘ਤੇ ਲਗਾਈ ਗਈ ਪਾਬੰਦੀ ਦੇ ਦੌਰਾਨ ਸਾਰੀਆਂ ਨਜ਼ਰਾਂ ਇਸ ਚੋਣ ‘ਤੇ ਟਿਕੀਆਂ ਹੋਈਆਂ ਸਨ। ਹੁਣ ਚੋਣਾਂ ਦੇ ਨਤੀਜੇ ਆ ਚੁੱਕੇ ਹਨ।
ਬੰਗਲਾਦੇਸ਼ ਵਿੱਚ ਹੋਈ ਰਾਸ਼ਟਰਪਤੀ ਚੋਣ ਵਿੱਚ, ਬੀਐਨਪੀ (BNP) ਦੇ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਨੇ 255 ਵੋਟਾਂ ਹਾਸਿਲ ਕੀਤੀਆਂ। ਚੋਣ ਕਮਿਸ਼ਨ ਅਨੁਸਾਰ, ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਰਨਲ (ਸੇਵਾਮੁਕਤ) ਓਲੀ ਅਹਿਮਦ ਨੂੰ ਹਰਾਇਆ। ਓਲੀ ਅਹਿਮਦ ਨੂੰ ਚੋਣ ਵਿੱਚ 88 ਵੋਟਾਂ ਮਿਲੀਆਂ ਹਨ। ਉਹ ਲਿਬਰਲ ਡੈਮੋਕਰੇਟਿਕ ਪਾਰਟੀ (LDP) ਦੇ ਚੇਅਰਮੈਨ ਹਨ ਅਤੇ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11-ਪਾਰਟੀ ਵਿਰੋਧੀ ਗਠਜੋੜ ਦੇ ਉਮੀਦਵਾਰ ਸਨ।
ਉਪਲਬਧ ਜਾਣਕਾਰੀ ਅਨੁਸਾਰ, 1991 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਮੁਕਾਬਲਾ ਹੋਇਆ ਹੈ। ਇਸ ਤੋਂ ਪਹਿਲਾਂ, ਪਿਛਲੇ ਕੁਝ ਦਹਾਕਿਆਂ ਦੌਰਾਨ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਆਮ ਤੌਰ ‘ਤੇ ਸਹਿਮਤੀ ਨਾਲ ਜਾਂ ਬਿਨਾਂ ਕਿਸੇ ਵਿਰੋਧ ਦੇ ਕੀਤੀ ਜਾਂਦੀ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਾਥੀ ਮੁਹੰਮਦ ਸ਼ਹਾਬੂਦੀਨ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ਼ਹਾਬੂਦੀਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਪੰਜ ਸਾਲਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਬੰਗਲਾਦੇਸ਼ ਦੇ ਰਾਸ਼ਟਰਪਤੀ ਵਜੋਂ ਅਹੁਦਾ ਛੱਡ ਦਿੱਤਾ ਸੀ।
ਬੰਗਲਾਦੇਸ਼ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਰਾਸ਼ਟਰਪਤੀ ਚੋਣ ਵਿੱਚ 349 ਰਜਿਸਟਰਡ ਵੋਟਰਾਂ ਵਿੱਚੋਂ 343 ਨੇ ਆਪਣੀ ਵੋਟ ਪਾਈ, ਜਦਕਿ ਛੇ ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ। ਰਿਪੋਰਟਾਂ ਮੁਤਾਬਕ, ਨਵੇਂ ਚੁਣੇ ਗਏ ਰਾਸ਼ਟਰਪਤੀ, 78 ਸਾਲਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਸ਼ੁੱਕਰਵਾਰ, 21 ਅਗਸਤ ਦੀ ਸ਼ਾਮ ਨੂੰ ਬੰਗਾਬਭਵਨ ਦੇ ਦਰਬਾਰ ਹਾਲ ਵਿਖੇ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

