ਨਿਊਜ਼ ਡੈਸਕ: ਕਰਾਚੀ ਦੇ ਲਿਆਰੀ ਇਲਾਕੇ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੁਖਦਾਈ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 20 ਇੱਕੋ ਪਰਿਵਾਰ ਦੇ ਮੈਂਬਰ ਸਨ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ। ਪਰ ਇਸ ਭਿਆਨਕ ਹਾਦਸੇ ਵਿੱਚ ਇੱਕ ਤਿੰਨ ਮਹੀਨੇ ਦੀ ਬੱਚੀ ਦਾ ਚਮਤਕਾਰੀ ਤਰੀਕੇ ਨਾਲ ਬਚਣਾ ਸਾਰਿਆਂ ਲਈ ਹੈਰਾਨੀ ਦਾ ਵਿਸ਼ਾ ਬਣਿਆ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ, ਬੱਚੀ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਮਾਰਤ ਡਿੱਗਣ ਦਾ ਕਾਰਨ
ਇਸ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਇੰਨੀ ਵੱਡੀ ਤਬਾਹੀ ਕਿਉਂ ਅਤੇ ਕਿਸ ਦੀ ਲਾਪਰਵਾਹੀ ਕਾਰਨ ਵਾਪਰੀ। ਅਧਿਕਾਰੀਆਂ ਨੇ ਅਜੇ ਤੱਕ ਇਸ ਦੇ ਸਹੀ ਕਾਰਨ ਬਾਰੇ ਕੁਝ ਨਹੀਂ ਦੱਸਿਆ, ਪਰ ਸਿੰਧ ਸਰਕਾਰ ਦਾ ਕਹਿਣਾ ਹੈ ਕਿ ਲਿਆਰੀ ਵਿੱਚ 22 ਅਜਿਹਿੀ ਇਮਾਰਤਾਂ ਵਿੱਚੋਂ 14 ਨੂੰ ਪਹਿਲਾਂ ਹੀ ਖਾਲੀ ਕਰਵਾਇਆ ਜਾ ਚੁੱਕਾ ਹੈ। ਇਹ ਇਮਾਰਤ ਵੀ ਕਮਜ਼ੋਰ ਸੀ, ਜਿਸ ਕਾਰਨ ਇਹ ਢਹਿ ਗਈ।
ਬਚਾਅ ਕਾਰਜ ਅਤੇ ਤਿੰਨ ਮਹੀਨੇ ਦੀ ਬੱਚੀ ਦੀ ਕਹਾਣੀ
ਬਚਾਅ ਕਰਮਚਾਰੀ ਮਜ਼ਹਰ ਅਲੀ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਹ ਅਤੇ ਉਸ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੇ ਤੁਰੰਤ ਮਲਬੇ ਹੇਠ ਜਿਉਂਦੇ ਲੋਕਾਂ ਦੀ ਖੋਜ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ, “ਸਾਨੂੰ ਮਲਬੇ ਵਿੱਚ ਇੱਕ ਤਿੰਨ ਮਹੀਨੇ ਦੀ ਬੱਚੀ ਜਿਉਂਦੀ ਅਤੇ ਸੁਰੱਖਿਅਤ ਮਿਲੀ, ਜਦਕਿ ਉਸ ਦੀ ਮਾਂ ਅਤੇ ਪਰਿਵਾਰ ਦੇ ਕਈ ਮੈਂਬਰਾਂ ਦੇ ਮ੍ਰਿਤਕ ਸਰੀਰ ਦੂਰੀ ‘ਤੇ ਮਿਲੇ।”
ਮਜ਼ਹਰ ਅਨੁਸਾਰ, ਬੱਚੀ ਦੇ ਸਰੀਰ ‘ਤੇ ਮਿੱਟੀ-ਧੂੜ ਲੱਗੀ ਹੋਈ ਸੀ ਅਤੇ ਮਾਮੂਲੀ ਸੱਟ ਕਾਰਨ ਉਸ ਦੀ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ, ਪਰ ਇਸ ਤੋਂ ਇਲਾਵਾ ਉਸ ਨੂੰ ਕੋਈ ਵੱਡੀ ਸੱਟ ਨਹੀਂ ਸੀ। ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਜਦੋਂ ਇਮਾਰਤ ਦਾ ਮਲਬਾ ਡਿੱਗਣ ਲੱਗਾ, ਤਾਂ ਮਾਂ ਨੇ ਬੱਚੀ ਨੂੰ ਬਚਾਉਣ ਲਈ ਉਸ ਨੂੰ ਆਪਣੇ ਤੋਂ ਦੂਰ ਸੁੱਟ ਦਿੱਤਾ, ਜਿਸ ਕਾਰਨ ਉਹ ਸੁਰੱਖਿਅਤ ਰਹਿ ਗਈ। ਬੱਚੀ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਦੇਹਾਂ ਮਲਬੇ ਵਿੱਚੋਂ ਕੱਟ ਕੇ ਕੱਢੀ ਗਈਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।