ਅਮਰੀਕਾ: ਮਿਆਮੀ ਏਅਰਪੋਰਟ ’ਤੇ ਕਾਰਗੋ ਪਲੇਨ ਹਾਦਸਾਗ੍ਰਸਤ, ਰਨਵੇਅ ਤੋਂ ਬਾਹਰ ਕਈ ਗੱਡੀਆਂ ਨਾਲ ਟਕਰਾਇਆ, ਕਈ ਮੌਤਾ ਦੀ ਖਬਰ

Global Team
3 Min Read

ਮਿਆਮੀ: ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ’ਤੇ ਐਤਵਾਰ ਦੁਪਹਿਰ ਵੱਡਾ ਹਾਦਸਾ ਵਾਪਰਿਆ। ਲੈਂਡਿੰਗ ਤੋਂ ਬਾਅਦ ਇੱਕ ਬੋਇੰਗ ਕਾਰਗੋ ਜਹਾਜ਼ ਰਨਵੇਅ ਤੋਂ ਬਾਹਰ ਨਿਕਲ ਗਿਆ ਅਤੇ ਏਅਰਪੋਰਟ ਨੇੜੇ ਕਈ ਵਾਹਨਾਂ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ, ਜਦਕਿ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Amazon Prime Air ਲਈ ਚੱਲ ਰਿਹਾ ਸੀ ਜਹਾਜ਼

CNN ਦੀ ਰਿਪੋਰਟ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ ਕਰੀਬ 2 ਵਜੇ ਵਾਪਰਿਆ। ਜਹਾਜ਼ Amazon ਦੇ Prime Air ਨੈੱਟਵਰਕ ਲਈ ਚਲਾਇਆ ਜਾ ਰਿਹਾ ਸੀ। ਇਸ ਨੇ ਪਿਊਰਟੋ ਰੀਕੋ ਦੇ ਲੁਈਸ ਮੁਨੋਜ਼ ਮਾਰਿਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਮਿਆਮੀ ਪਹੁੰਚਿਆ ਸੀ।

ਰਨਵੇ ਤੋਂ ਬਾਹਰ ਨਿਕਲਣ ਮਗਰੋਂ ਜਹਾਜ਼ ਨੇ ਏਅਰਪੋਰਟ ਨੇੜੇ ਮੌਜੂਦ ਕਈ ਗੱਡੀਆਂ ਨੂੰ ਟੱਕਰ ਮਾਰੀ। ਟੱਕਰ ਤੋਂ ਬਾਅਦ ਜਹਾਜ਼ ਵਿੱਚ ਅੱਗ ਭੜਕ ਗਈ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਕਈ ਵਾਹਨਾਂ ਵਿੱਚ ਲੋਕ ਫਸ ਗਏ ਸਨ, ਜਦਕਿ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਵੀ ਕਾਕਪਿਟ ਵਿੱਚ ਫਸੇ ਹੋਏ ਸਨ।

200 ਤੋਂ ਵੱਧ ਐਮਰਜੈਂਸੀ ਕਰਮਚਾਰੀ ਬਚਾਅ ’ਚ ਜੁਟੇ

ਮਿਆਮੀ-ਡੇਡ ਫਾਇਰ ਰੈਸਕਿਊ ਦੀਆਂ 60 ਤੋਂ ਵੱਧ ਯੂਨਿਟਾਂ ਮੌਕੇ ’ਤੇ ਪਹੁੰਚੀਆਂ। ਕਰੀਬ 200 ਤੋਂ ਵੱਧ ਐਮਰਜੈਂਸੀ ਕਰਮਚਾਰੀਆਂ ਨੇ ਬਚਾਅ ਕਾਰਜ ਚਲਾਇਆ। ਟੀਮਾਂ ਨੇ ਖਾਸ ਫੋਮ ਦੀ ਮਦਦ ਨਾਲ ਜਹਾਜ਼ ਦੀ ਅੱਗ ’ਤੇ ਕਾਬੂ ਪਾਇਆ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਤੋਂ ਕਈ ਘੰਟਿਆਂ ਬਾਅਦ ਤੱਕ ਜਹਾਜ਼ ਵਿੱਚੋਂ ਈਂਧਨ ਲੀਕ ਹੋਣ ਦੀ ਸਮੱਸਿਆ ਬਣੀ ਰਹੀ।

ਲਗਭਗ 208 ਕਿਲੋਮੀਟਰ ਪ੍ਰਤੀ ਘੰਟਾ ਸੀ ਰਫ਼ਤਾਰ

FlightRadar24 ਦੇ ਡਾਟਾ ਮੁਤਾਬਕ ਜਦੋਂ ਜਹਾਜ਼ ਰਨਵੇ ਦੇ ਵਰਤੋਂਯੋਗ ਹਿੱਸੇ ਤੋਂ ਬਾਹਰ ਨਿਕਲਿਆ ਤਾਂ ਉਸ ਦੀ ਰਫ਼ਤਾਰ ਲਗਭਗ 112 ਨਾਟ, ਯਾਨੀ ਕਰੀਬ 208 ਕਿਲੋਮੀਟਰ ਪ੍ਰਤੀ ਘੰਟਾ ਸੀ। ਜਹਾਜ਼ ਨੇ ਰਨਵੇ 30 ’ਤੇ ਲੈਂਡਿੰਗ ਕੀਤੀ ਸੀ।

ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ਸਮੇਂ ਸਿਰ ਕਿਉਂ ਨਹੀਂ ਰੁਕ ਸਕਿਆ। ਹਾਦਸੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। FAA ਨੇ ਜਾਂਚ ਕਰਨ ਦੀ ਗੱਲ ਕਹੀ ਹੈ, ਜਦਕਿ National Transportation Safety Board (NTSB) ਵੀ ਜਾਣਕਾਰੀ ਇਕੱਠੀ ਕਰ ਰਿਹਾ ਹੈ।

ATC ਰਿਕਾਰਡਿੰਗ ’ਚ ਮਿਲਿਆ ਅਹਿਮ ਇਸ਼ਾਰਾ

ਏਅਰ ਟ੍ਰੈਫਿਕ ਕੰਟਰੋਲ ਦੀ ਰਿਕਾਰਡਿੰਗ ਵਿੱਚ ਇੱਕ ਗਰਾਊਂਡ ਵ੍ਹੀਕਲ ਵੱਲੋਂ ਟਾਵਰ ਨੂੰ ਇਹ ਸੂਚਨਾ ਦਿੱਤੀ ਗਈ ਕਿ ਜਹਾਜ਼ ਰਨਵੇ 30 ਤੋਂ ਅੱਗੇ ਨਿਕਲ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਲੈਂਡਿੰਗ ਤੋਂ ਪਹਿਲਾਂ ਪਾਇਲਟਾਂ ਨੇ ਕਿਸੇ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਸੀ।

160 ਤੋਂ ਵੱਧ ਉਡਾਣਾਂ ਰੱਦ

ਹਾਦਸੇ ਤੋਂ ਬਾਅਦ ਮਿਆਮੀ ਏਅਰਪੋਰਟ ਦੇ ਸਾਰੇ ਰਨਵੇਅ ਅਤੇ ਟੈਕਸੀਵੇਅ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਅਤੇ ਗਰਾਊਂਡ ਸਟਾਪ ਲਗਾਇਆ ਗਿਆ। ਇਸ ਕਾਰਨ ਵੱਡੀ ਗਿਣਤੀ ਵਿੱਚ ਉਡਾਣਾਂ ਪ੍ਰਭਾਵਿਤ ਹੋਈਆਂ। AP ਮੁਤਾਬਕ ਐਤਵਾਰ ਨੂੰ 160 ਤੋਂ ਵੱਧ ਉਡਾਣਾਂ ਰੱਦ ਹੋਈਆਂ ਅਤੇ ਕਰੀਬ 325 ਉਡਾਣਾਂ ਵਿੱਚ ਦੇਰੀ ਹੋਈ।

Share This Article
Leave a Comment