ਅਵਤਾਰ ਸਿੰਘ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਰਾਜਧਾਨੀ ਵਿੱਚ ਕੀਤੇ ਗਏ ਪਾਣੀ, ਬਿਜਲੀ ਅਤੇ ਵਿਦਿਆ ਦੇ ਖੇਤਰ ਵਿਚ ਬੁਨਿਆਦੀ ਕੰਮਾਂ ਉਪਰ ਅੰਤਰਰਾਸ਼ਟਰੀ ਮੋਹਰ ਲੱਗ ਗਈ ਲੱਗਦੀ ਹੈ। ਭਾਰਤ ਦੇ ਦੌਰੇ ‘ਤੇ ਆਏ ਟਰੰਪ ਪਰਿਵਾਰ ਵਿੱਚ ਸ਼ਾਮਿਲ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੱਲੋਂ ਸਕੂਲ ਪ੍ਰਬੰਧਾਂ ਨੂੰ ਦੇਖ ਕੇ ਖੁਸ਼ ਹੋਣ ਦਾ ਖਾਸ ਮਹੱਤਵ ਹੈ।
ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੱਖਣੀ ਦਿੱਲੀ ਦੇ ਸਰਕਾਰੀ ਸਕੂਲ ਵਿੱਚ ‘ਹੈਪੀਨੈੱਸ ਕਲਾਸ’ ਵਿੱਚ ਪਹੁੰਚੀ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਦੇਖ ਕੇ ਬੇਹੱਦ ਖੁਸ਼ ਹੈ ਅਤੇ ਸਿੱਖਿਅਕਾਂ ਲਈ ਇਹ ਇਕ ਵਿਲੱਖਣ ਮਿਸਾਲ ਹੈ।
ਮੋਤੀ ਬਾਗ ਦੇ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੀ ਮੇਲਾਨੀਆ ਦਾ ਨੰਨ੍ਹੇ ਵਿਦਿਆਰਥੀਆਂ ਨੇ ਸੁਆਗਤ ਕੀਤਾ। ਵਿਦਿਆਰਥੀਆਂ ਨੇ ਮੇਲਾਨੀਆ ਦੇ ਮੱਥੇ ’ਤੇ ਰਸਮੀ ‘ਟਿੱਕਾ’ ਵੀ ਲਗਾਇਆ।
ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਨੇ ਸਕੂਲ ਦਾ ਗੇੜਾ ਲਾਇਆ ਅਤੇ ਛੋਟੇ ਬੱਚਿਆਂ ਲਈ ਤਿਆਰ ਕੀਤਾ ਗਿਆ ਐਕਟੀਵਿਟੀ ਰੂਮ ਤੇ ਰੀਡਿੰਗ ਰੂਮ ਵੀ ਦੇਖਿਆ। ਬੱਚਿਆਂ ਨੇ ਮੇਲਾਨੀਆ ਨੂੰ ਅਮਰੀਕਾ ਬਾਰੇ ਸਵਾਲ ਵੀ ਪੁੱਛੇ।
ਰਿਪੋਰਟਾਂ ਮੁਤਾਬਿਕ ਇੱਕ ਵਿਦਿਆਰਥਣ ਨੇ ਉਤਸੁਕਤਾ ‘ਚ ਪੁੱਛਿਆ ਕਿ ਅਮਰੀਕਾ ਕਿੰਨਾ ਕੁ ਵੱਡਾ ਹੈ। ਇੱਕ ਹੋਰ ਲੜਕੀ ਨੇ ਪੁੱਛਿਆ, ‘‘ਕੀ ਅਮਰੀਕਾ ਬਹੁਤ ਦੂਰ ਹੈ?’’ ਮੇਲਾਨੀਆ ਨੇ ਮੁਸਕਰਾਉਂਦਿਆਂ ਦੋਵਾਂ ਬੱਚੀਆਂ ਨੂੰ ਜਵਾਬ ਦਿੱਤਾ ਅਤੇ ਉਹ ਅੱਗੇ ਬਲਾਕ ਬਣਾਉਣ ਦੀ ਗਤੀਵਿਧੀ ਵਿੱਚ ਰੁੱਝੀ ਵਿਦਿਆਰਥਣ ਦੀ ਮਦਦ ਕਰਨ ਲੱਗ ਪਏ। ਉਸ ਵਿਦਿਆਰਥਣ ਨੇ ਮੇਲਾਨੀਆ ਨੂੰ ਪੁੱਛਿਆ, ‘‘ਤੁਸੀਂ ਪ੍ਰਥਮ ਮਹਿਲਾ ਹੋਣ ਨਾਤੇ ਕੀ ਕਰਦੇ ਹੋ?’’ ਇਸ ਤੋਂ ਬਾਅਦ ਮੇਲਾਨੀਆ ਨੇ ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਯੋਗ ਸੈਸ਼ਨ ਦੇਖਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਮੇਲਾਨੀਆ ਨੇ ਕਿਹਾ, ‘‘ਮੇਰਾ ਸਵਾਗਤ ਕਰਨ ਲਈ ਤੁਹਾਡਾ ਧੰਨਵਾਦ। ਮੈਂ ਪਹਿਲੀ ਵਾਰ ਭਾਰਤ ਆਈ ਹਾਂ। ਇੱਥੋਂ ਦੇ ਲੋਕ ਮਹਿਮਾਨਨਿਵਾਜ਼ ਅਤੇ ਦਿਆਲੂ ਹਨ।’’ ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਚੰਗਾ ਲੱਗਿਆ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਆਪਣੇ ਦਿਨ ਦੀ ਸ਼ੁਰੂਆਤ ਧਿਆਨ ਕੇਂਦਰਿਤ ਕਰ ਕੇ ਅਤੇ ਕੁਦਰਤ ਨਾਲ ਜੁੜ ਕੇ ਕਰਦੇ ਹਨ। ਇਸ ਮੌਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਰਿਪੋਰਟਾਂ ਅਨੁਸਾਰ ਮੇਲਾਨੀਆ ਦੇ ਆਉਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ, ‘‘ਅਮਰੀਕਾ ਦੀ ਪਹਿਲੀ ਮਹਿਲਾ ਸਾਡੇ ਸਕੂਲ ਵਿੱਚ ਖੁਸ਼ਹਾਲੀ ਦੀ ਕਲਾਸ ਵਿੱਚ ਭਾਗ ਲੈਣਗੇ। ਇਹ ਸਾਡੇ ਅਧਿਆਪਕਾਂ, ਵਿਦਿਆਰਥੀਆਂ ਅਤੇ ਦਿੱਲੀ ਵਾਸੀਆਂ ਲਈ ਸ਼ੁਭ ਦਿਨ ਹੈ। ਸਦੀਆਂ ਤੋਂ ਭਾਰਤ ਨੇ ਵਿਸ਼ਵ ਨੂੰ ਰੂਹਾਨੀਅਤ ਸਿਖਾਈ ਹੈ। ਮੈਂ ਖੁਸ਼ ਹਾਂ ਕਿ ਉਹ ਸਾਡੇ ਸਕੂਲ ਤੋਂ ਖੁਸ਼ਹਾਲੀ ਦਾ ਸੁਨੇਹਾ ਲੈ ਕੇ ਜਾਣਗੇ।’’
ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਕੀ ਦੇਸ਼ ਦੇ ਸਾਰੇ ਸੂਬਿਆਂ ਦੇ ਸਰਕਾਰੀ ਸਿੱਖਿਆ ਪ੍ਰਬੰਧ ਦਿੱਲੀ ਵਰਗੇ ਨਹੀਂ ਹੋ ਸਕਦੇ? ਦੇਸ਼ ਦੇ ਬਾਕੀ ਰਾਜਾਂ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗਾਂ ਦਾ ਅਮਲਾ ਦਿੱਲੀ ਵਰਗਾ ਕਿਉਂ ਨਹੀਂ ਹੋ ਸਕਦਾ? ਸਰਕਾਰੀ ਸਕੂਲਾਂ ਨੂੰ ਪਿਛੇ ਧੱਕਣਾ ਅਤੇ ਨਿੱਜੀ ਸਕੂਲਾਂ ਨੂੰ ਮੋਹਰੀ ਬਣਾਉਣ ਵਾਲਾ ਮਾਮਲਾ ਆਖਰ ਕਦੋਂ ਤਕ ਚਲਦਾ ਰਹੇਗਾ।