Home / ਓਪੀਨੀਅਨ / ਕੋਰੋਨਾ ਅਤੇ ਬੱਚੇ

ਕੋਰੋਨਾ ਅਤੇ ਬੱਚੇ

ਡਾ. ਹਰਸ਼ਿੰਦਰ ਕੌਰ

ਲਗਭਗ ਸਾਰੇ ਹੀ ਮਾਪੇ ਆਪਣੇ ਨਿੱਕੇ ਬੱਚਿਆਂ ਲਈ ਬਹੁਤ ਚਿੰਤਿਤ ਹਨ ਅਤੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਜਤਨ ਕਰ ਰਹੇ ਹਨ। ਵਾਰ-ਵਾਰ ਨਿੱਕੇ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਤੋਂ ਲੈ ਕੇ ਮਾਸਕ ਪਾਉਣ ਅਤੇ ਘਰਾਂ ਅੰਦਰ ਡੱਕਣ ਦੀ ਅਣਥੱਕ ਕੋਸ਼ਿਸ਼ ਕਰ ਰਹੇ ਹਨ। ਕਈ ਮਾਪਿਆਂ ਨੂੰ ਤਾਂ ਬੱਚਿਆਂ ਦੇ ਬੀਮਾਰ ਹੋ ਜਾਣ ਦੇ ਡਰ ਸਦਕਾ ਨੀਂਦਰ ਆਉਣੀ ਘੱਟ ਚੁੱਕੀ ਹੈ।

ਕੁੱਝ ਨੁਕਤੇ ਜੋ ਬੱਚਿਆਂ ਵਿਚ ਕੋਰੋਨਾ ਬਾਰੇ ਮਾਪਿਆਂ ਨੂੰ ਪਤਾ ਹੋਣੇ ਚਾਹੀਦੇ ਹਨ, ਉਹ ਹਨ :-

1. ਚੀਨ ਤੇ ਸਿੰਗਾਪੁਰ ਵਿਚ ਇੱਕ ਵੀ 9 ਸਾਲ ਤੋਂ ਛੋਟੇ ਬੱਚੇ ਦੀ ਕੋਵਿਡ ਨਾਲ ਮੌਤ ਨਹੀਂ ਹੋਈ।

2. ਸਿਵਾਏ ਇੱਕ 13 ਮਹੀਨੇ ਦੇ ਬੱਚੇ ਦੇ, ਜਿਸ ਨੂੰ ਨਿਮੂਨੀਆ ਹੋਇਆ, ਹੋਰ ਕਿਸੇ ਬੱਚੇ ਨੂੰ ਕੋਵਿਡ ਨਾਲ ਬਹੁਤੀ ਸੀਰੀਅਸ ਬੀਮਾਰੀ ਨਹੀਂ ਹੋਈ। 3. ਛੋਟੇ ਬੱਚੇ ਕੋਰੋਨਾ ਵਾਇਰਸ ਨਾਲ ਬੀਮਾਰ ਘੱਟ ਹੁੰਦੇ ਹਨ ਪਰ ਇਨ੍ਹਾਂ ਤੋਂ ਅੱਗੇ ਹੋਰਨਾਂ ਨੂੰ ਬੀਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ, ਯਾਨੀ ਇਨ੍ਹਾਂ ਦਾ ਬੀਮਾਰੀ ਫੈਲਾਉਣ ਵਿਚ ਰੋਲ ਹੈ।

4. ਡਾ. ਵਿਲਿਅਮ, ਜੋ ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਵਿਚ ਐਪੀਡੀਮੀਓਲੋਜਿਸਟ ਹਨ, ਨੇ ਕਿਹਾ ਹੈ ਕਿ ਸਕੂਲ ਵਿਚ ਛੋਟੇ ਬੱਚਿਆਂ ਤੋਂ ਵੱਡੇ ਬੱਚਿਆਂ, ਸਫ਼ਾਈ ਸੇਵਕਾਂ ਤੇ ਅਧਿਆਪਿਕਾਂ ਨੂੰ ਬੀਮਾਰੀ ਦੇ ਕੀਟਾਣੂ ਚੰਬੜ ਸਕਦੇ ਹਨ। ਨਿੱਕੇ ਬੱਚਿਆਂ ਦੇ ਸਰੀਰਾਂ ਵਿੱਚੋਂ ਵਾਇਰਸ ਕੀਟਾਣੂ ਵੱਡੇ ਬੱਚਿਆਂ ਨਾਲੋਂ ਘੱਟ ਮਾਤਰਾ ਵਿਚ ਬਾਹਰ ਨਿਕਲਦੇ ਹਨ।

5. ਸਾਇੰਸ ਰਸਾਲੇ ਵਿਚ ਛਪੀ ਚੀਨ ਦੀ ਇਕ ਖੋਜ ਨੇ ਸਪਸ਼ਟ ਕੀਤਾ ਹੈ ਕਿ 15 ਸਾਲਾਂ ਤੋਂ ਛੋਟੇ ਬੱਚਿਆਂ ਵਿਚ ਬੀਮਾਰੀ ਦਾ ਪ੍ਰਕੋਪ ਘੱਟ ਹੁੰਦਾ ਹੈ। ਪੰਦਰਾਂ ਤੋਂ 64 ਸਾਲ ਦੀ ਉਮਰ ਵਿਚ ਬੀਮਾਰੀ ਓਨੀ ਸੀਰੀਅਸ ਨਹੀਂ ਹੁੰਦੀ ਜਿੰਨੀ 64 ਸਾਲਾਂ ਤੋਂ ਵੱਧ ਉਮਰ ਦੇ ਬੰਦਿਆਂ ਵਿਚ ਹੁੰਦੀ ਹੈ।

6. ਲਾਸ ਏਂਜਲਸ ਦੇ ਸਿਨਾਈ ਮੈਡੀਕਲ ਸੈਂਟਰ ਦੀ ਡਾਕਟਰ ਪ੍ਰਿਆ ਸੋਨੀ ਨੇ ਵੀ ਮੰਨਿਆ ਹੈ ਕਿ ਕੋਵਿਡ-19 ਬਾਰੇ ਹਾਲੇ ਤੱਕ ਪੂਰੀ ਸਮਝ ਨਹੀਂ ਪੈ ਸਕੀ ਤੇ ਖੋਜਾਂ ਜਾਰੀ ਹਨ। ਉਸ ਨੇ ਸਿੰਗਾਪੁਰ ਦੇ ਇਕ ਕੇਸ ਦਾ ਜ਼ਿਕਰ ਕੀਤਾ ਹੈ ਜਿੱਥੇ ਦੋਨੋਂ ਮਾਪੇ ਕੋਵਿਡ ਨਾਲ ਕਾਫ਼ੀ ਢਿੱਲੇ ਹੋ ਗਏ ਸਨ ਪਰ ਉਨ੍ਹਾਂ ਦੇ 6 ਮਹੀਨੇ ਦੇ ਬੇਟੇ ਵਿਚ ਕੋਵਿਡ ਬੀਮਾਰੀ ਦੇ ਕੀਟਾਣੂ ਹੁੰਦਿਆਂ ਵੀ ਸਿਰਫ਼ ਇੱਕ ਘੰਟੇ ਦੇ ਹਲਕੇ ਬੁਖ਼ਾਰ ਦੇ ਹੀ ਲੱਛਣ ਦਿੱਸੇ। ਤਿੰਨ ਹਫ਼ਤੇ ਤੱਕ ਉਸ ਦਾ ਚੈੱਕਅੱਪ ਕਰਦੇ ਰਹਿਣ ਬਾਅਦ ਦਿਸਿਆ ਕਿ ਉਸ ਦੇ ਸਰੀਰ ਅੰਦਰੋਂ ਭਾਰੀ ਮਾਤਰਾ ਵਿਚ ਵਾਇਰਸ ਬਾਹਰ ਨਿਕਲਦੀ ਰਹੀ ਪਰ ਉਸ ਵਿਚ ਕੋਈ ਵੀ ਲੱਛਣ ਨਹੀਂ ਦਿਸਿਆ। ਬੀਮਾਰੀ ਦੇ 17ਵੇਂ ਦਿਨ ਉਸ ਦਾ ਟੈਸਟ ਨੈਗੇਟਿਵ ਆਇਆ ਪਰ ਉਦੋਂ ਤੱਕ ਖ਼ਰਬਾਂ ਵਾਇਰਸ ਉਸ ਦਾ ਸਰੀਰ ਬਾਹਰ ਸੁੱਟ ਚੁੱਕਿਆ ਸੀ।

ਇਸ ਦਾ ਮਤਲਬ ਕੱਢਿਆ ਗਿਆ ਕਿ ਸਕੂਲ ਬਸ ਰਾਹੀਂ ਜੇ ਬੱਚੇ ਸਕੂਲਾਂ ਵਿਚ ਜਾਂਦੇ ਹਨ ਤਾਂ ਆਪ ਭਾਵੇਂ ਬੀਮਾਰ ਨਾ ਹੋਣ ਪਰ ਦੂਜਿਆਂ ਨੂੰ ਬੀਮਾਰੀ ਦੇ ਸਕਦੇ ਹਨ। ਇੰਜ ਹੀ ਸਕੂਲ ਵਿਚਲਾ ਕਾਫ਼ੀ ਹਾਊਸ, ਕੈਂਟੀਨ, ਹੌਸਟਲ ਜਾਂ ਲਾਇਬਰੇਰੀ ਵੀ ਬੱਚਿਆਂ ਸਦਕਾ ਕੀਟਾਣੂਆਂ ਨਾਲ ਭਰ ਸਕਦੇ ਹਨ ਜਿੱਥੋਂ ਬਾਕੀਆਂ ਨੂੰ ਬੀਮਾਰੀ ਹੋ ਸਕਦੀ ਹੈ। ਇਸੇ ਲਈ ਬੱਚਿਆਂ ਨੂੰ ਸਕੂਲ ਨਾ ਭੇਜਣ ਵਿਚ ਹੀ ਸਿਆਣਪ ਹੈ।

7. ਜੌਨ ਹਾਪਕਿੰਨਸ ਹਸਪਤਾਲ ਬਾਲਟੀਮੋਰ ਦੇ ਡਾ. ਐਨਾ ਸੈਮੂਅਲ ਨੇ ਸਲਾਹ ਦਿੱਤੀ ਹੈ ਕਿ ਜੇ ਬੱਚਿਆਂ ਤੋਂ ਵੱਡਿਆਂ ਵੱਲ ਬੀਮਾਰੀ ਫੈਲਣ ਤੋਂ ਰੋਕਣੀ ਹੈ ਤਾਂ ਬੱਚਿਆਂ ਨੂੰ ਨਿੱਛ ਮਾਰਨ ਲੱਗਿਆਂ ਜਾਂ ਖੰਘਣ ਲੱਗਿਆਂ ਮੂੰਹ ਢਕਣ ਜਾਂ ਮੋਢਾ ਅਗਾਂਹ ਕਰ ਲੈਣਾ ਸਿਖਾਉਣਾ ਚਾਹੀਦਾ ਹੈ। ਬੱਚਿਆਂ ਨੂੰ ਦਿਨ ਵਿਚ ਛੇ ਸੱਤ ਵਾਰ ਹੱਥ ਜ਼ਰੂਰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਾਫ਼ ਕਰਨ ਲਈ ਸਮਝਾਉਣਾ ਚਾਹੀਦਾ ਹੈ।

8. ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਦੋ ਸਾਲ ਤੋਂ ਛੋਟੇ ਬੱਚਿਆਂ ਨੂੰ ਮਾਸਕ ਨਹੀਂ ਪਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਨੂੰ ਮਾਸਕ ਪਾਉਣ ਦੀ ਸਮਝ ਨਹੀਂ ਹੁੰਦੀ ਤੇ ਉਹ ਵਾਰ-ਵਾਰ ਮਾਸਕ ਨੂੰ ਹੱਥ ਲਾਉਂਦੇ, ਖ਼ੁਰਕਦੇ ਸਗੋਂ ਬੀਮਾਰੀ ਫੈਲਾ ਦਿੰਦੇ ਹਨ ਜਾਂ ਸਹੇੜ ਲੈਂਦੇ ਹਨ।

9. ਨਿੱਕੇ ਬੱਚਿਆਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਨ ਦੀ ਥਾਂ ਸਾਬਣ ਨਾਲ ਧੋਣੇ ਹੀ ਬਿਹਤਰ ਰਹਿੰਦੇ ਹਨ।

10. ਗਰਭਵਤੀ ਔਰਤਾਂ ਨੂੰ ਬਾਕੀਆਂ ਵਾਂਗ ਹੀ ਆਪਣੀ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ।

11. ਬੱਚਾ ਜੰਮਣ ਤੋਂ ਬਾਅਦ ਕੋਰੋਨਾ ਬੀਮਾਰੀ ਦੌਰਾਨ ਵੀ ਮਾਂ ਆਪਣੇ ਨਵਜੰਮੇਂ ਬੱਚੇ ਨੂੰ ਦੁੱਧ ਪਿਆ ਸਕਦੀ ਹੈ।

12. ਆਪਣੇ ਸਰੀਰ ਨਾਲ ਬੱਚੇ ਦਾ ਸਰੀਰ ਜੋੜਨ ਨਾਲ ਬੱਚੇ ਦੇ ਮਾਨਸਿਕ ਵਿਕਾਸ ਵਿਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦੇ ਪਿਆਰੇ ਨਿੱਘੇ ਇਹਸਾਸ ਨਾਲ ਇਮਿਊਨ ਸਿਸਟਮ ਵੀ ਰਵਾਂ ਹੋ ਜਾਂਦਾ ਹੈ।

13. ਨਵਜੰਮੇਂ ਬੱਚੇ ਨੂੰ ਆਂਢ-ਗੁਆਂਢ ਜਾਂ ਘਰ ਦੇ ਜੀਆਂ ਵੱਲੋਂ ਨਹੀਂ ਚੁੱਕਣਾ ਚਾਹੀਦਾ।

14. ਮਾਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਦੁੱਧ ਪਿਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥ ਚੰਗੀ ਤਰ੍ਹਾਂ ਜ਼ਰੂਰ ਧੋਵੇ।

15. ਬੱਚੇ ਦੇ ਮਲ ਮੂਤਰ ਨੂੰ ਦਸਤਾਨੇ ਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਕੋਸੇ ਖੁੱਲੇ ਪਾਣੀ ਨਾਲ ਬੱਚੇ ਨੂੰ ਸਾਫ਼ ਕਰਕੇ, ਪੂੰਝ ਕੇ, ਕਪੜੇ ਪਾਉਣੇ ਚਾਹੀਦੇ ਹਨ।

16. ਬੱਚੇ ਦੇ ਕਪੜੇ ਬਾਕੀਆਂ ਨਾਲੋਂ ਵੱਖਰੇ ਧੋਣ ਦੀ ਲੋੜ ਹੁੰਦੀ ਹੈ।

17. ਕਿਸੇ ਵੀ ਬੇਬੀ ਸਾਬਣ ਜਾਂ ਗਲਿਸਰੀਨ ਵਾਲੇ ਸਾਬਣ ਨਾਲ ਬੱਚੇ ਨੂੰ ਨੁਹਾਇਆ ਜਾ ਸਕਦਾ ਹੈ। ਐਂਟੀ ਬੈਕਟੀਰੀਅਲ ਸਾਬਣ ਵਰਤਣ ਦੀ ਲੋੜ ਨਹੀਂ ਹੁੰਦੀ।

18. ਓਪਰਾ ਦੁੱਧ ਜਾਂ ਪਾਣੀ 6 ਮਹੀਨੇ ਦੀ ਉਮਰ ਪੂਰੀ ਹੋਣ ਤੱਕ ਬਿਲਕੁਲ ਨਹੀਂ ਪਿਆਉਣਾ ਚਾਹੀਦਾ। ਮਾਂ ਦੇ ਦੁੱਧ ਵਿਚਲੇ ਕੁਦਰਤੀ ਜਿਊਂਦੇ ਸੈੱਲ ਬੱਚੇ ਦੇ ਸਰੀਰ ਅੰਦਰ ਬੀਮਾਰੀ ਨਾਲ ਲੜਨ ਦੀ ਕੁਦਰਤੀ ਤਾਕਤ ਵਧਾ ਦਿੰਦੇ ਹਨ। ਇਹੀ ਸੈੱਲ ਇਮਿਊਨ ਸਿਸਟਮ ਏਨਾ ਤਗੜਾ ਕਰ ਦਿੰਦੇ ਹਨ ਕਿ ਬੱਚਿਆਂ ਨੂੰ ਕੋਵਿਡ ਬੀਮਾਰੀ ਹੁੰਦੀ ਹੀ ਨਹੀਂ।

ਇਸ ਸਾਰੀ ਖੋਜ ਵਿੱਚੋਂ ਕੁੱਝ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ :-

1. ਕੁਦਰਤੀ ਤੌਰ ਉੱਤੇ ਬੱਚਿਆਂ ਵਿਚ ਮਾਂ ਵੱਲੋਂ ਬੀਮਾਰੀ ਨਾਲ ਲੜਨ ਦੀ ਤਾਕਤ ਪਹੁੰਚ ਜਾਂਦੀ ਹੈ।

2. ਕੁਦਰਤ ਦਾ ਸੁਣੇਹਾ ਹੈ ਕਿ ਜੇ ਮੇਰੇ ਨਾਲ ਬਹੁਤੀ ਛੇੜਛਾੜ ਨਹੀਂ ਕਰੋਗੇ ਤਾਂ ਮੈਂ ਵੀ ਤੁਹਾਨੂੰ ਆਪਣੇ ਬੱਚਿਆਂ ਵਾਂਗ ਪਾਲਾਂਗੀ ਪੋਸਾਂਗੀ।

3. ਨਵਜੰਮੇ ਬੱਚਿਆਂ ਨੂੰ ਕੀ ਬੀਮਾਰੀਆਂ ਤੋਂ ਬਚਣ ਵਾਲੇ ਟੀਕੇ ਜੰਮਦੇ ਸਾਰ ਲਾਉਣ ਦੀ ਲੋੜ ਹੈ ਜਾਂ ਕੁੱਝ ਠਹਿਰ ਕੇ ਲਾਉਣੇ ਚਾਹੀਦੇ ਹਨ?

4. ਸੰਤੁਲਿਤ ਖ਼ੁਰਾਕ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਬੱਚਿਆਂ ਨੂੰ ਤਲੀਆਂ ਚੀਜ਼ਾਂ ਤੇ ਬਜ਼ਾਰੀ ਚੀਜ਼ਾਂ ਖਾਣ ਤੋਂ ਰੋਕਣਾ ਚਾਹੀਦਾ ਹੈ।

ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ ਪਟਿਆਲਾ।

ਫੋਨ ਨੰ: 0175-2216783

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *