ਮੁਜ਼ੱਫਰਨਗਰ ਮਹਾਪੰਚਾਇਤ ਬਦਲੇਗੀ ਸਿਆਸੀ ਸਮੀਕਰਨ ?

TeamGlobalPunjab
6 Min Read

-ਅਵਤਾਰ ਸਿੰਘ;

ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿ਼ਲਾਫ਼ ਅਤੇ ਘੱਟੋ ਘੱਟ ਸਮਰਥਨ ਮੁੱਲ ਉਪਰ ਖ਼ਰੀਦ ਦੀ ਗਾਰੰਟੀ ਦੀ ਮੰਗ ਕਰ ਰਹੇ ਸਾਢੇ ਨੌਂ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੇ ਮੁਜ਼ੱਫਰਨਗਰ ਮਹਾਪੰਚਾਇਤ ਕਰ ਕੇ ਮਿਸ਼ਨ ਉੱਤਰ ਪ੍ਰਦੇਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਮਿਸ਼ਨ ਦੇ ਸਾਫ ਅਰਥ ਹਨ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣਾ। 2022 ਵਿੱਚ ਫਰਵਰੀ-ਮਾਰਚ ਵਿਚ ਯੂ ਪੀ, ਉੱਤਰਾਖੰਡ ਤੇ ਪੰਜਾਬ ਸਣੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਉਧਰ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨਾਲ 22 ਜਨਵਰੀ 2021 ਤੋਂ ਬਾਅਦ ਗੱਲਬਾਤ ਨਾ ਕਰਨ ਕਾਰਨ ਉਨ੍ਹਾਂ ਨੇ ਸਿਆਸੀ ਰਣਨੀਤੀ ਬਣਾਈ ਸੀ। ਇਸ ਤੋਂ ਸਾਫ ਨਜ਼ਰ ਆ ਰਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੋਣ ਕਰਕੇ ਦੇਸ਼ ਦੇ ਲੋਕਤੰਤਰਿਕ ਢਾਂਚੇ ਦੀ ਸੰਘੀ ਘੁੱਟ ਰਹੀ ਹੈ। ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵੋਟ ਲੈ ਕੇ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਪਾਸ ਵੱਟ ਲਿਆ ਲਗਦਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਮੁਜ਼ੱਫਰਨਗਰ ਦੇ ਜੀਆਈਸੀ ਕਾਲਜ ਦੇ ਮੈਦਾਨ ਵਿੱਚ ਮਹਾਪੰਚਾਇਤ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨੀ ਸੰਘਰਸ਼ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਸ ਕਿਸਾਨ ਮਹਾਪੰਚਾਇਤ ਨੇ ਭਾਜਪਾ ਦੇ ਹਿੰਦੂ ਏਜੰਡੇ ਨੂੰ ਵੀ ਵੰਗਾਰਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤੋੜ ਰਹੀ ਤੇ ਕਿਸਾਨ ਸੰਘਰਸ਼ ਭਾਈਚਾਰਾ ਜੋੜ ਰਿਹਾ ਹੈ। ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ ਸਾਲ 2013 ਵਿਚ ਇਸੇ ਮੁਜ਼ੱਫਰਨਗਰ ਦੀ ਧਰਤੀ ਉਪਰ ਹਿੰਦੂਆਂ ਤੇ ਮੁਸਲਮਾਨਾ ਵਿਚਕਾਰ ਫ਼ਸਾਦ ਹੋਏ ਸਨ। ਉਸ ਤੋਂ ਬਾਦ ਇਹ ਪਹਿਲੀ ਵਾਰ ਹੈ ਕਿ ਹਿੰਦੂ-ਮੁਸਲਿਮ ਮੁੜ ਮਹਾਪੰਚਾਇਤ ਵਿਚ ਇਕੱਠੇ ਹੋ ਗਏ। ਐਤਵਾਰ ਦੀ ਇਸ ਮਹਾਪੰਚਾਇਤ ਵਿੱਚ ਪੰਜਾਬ, ਹਰਿਆਣਾ, ਪੱਛਮੀ ਯੂਪੀ, ਤਮਿਲਨਾਡੂ. ਕੇਰਲ ਅਤੇ ਕਰਨਾਟਕ ਤੋਂ ਬਿਨਾ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਿਲ ਹੋਏ। ਇਸ ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੀਆਂ ਮਹਾਪੰਚਾਇਤਾਂ ਪੂਰੇ ਦੇਸ਼ ਵਿੱਚ ਸ਼ੁਰੂ ਕਰਕੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਸਾਫ ਜ਼ਾਹਿਰ ਹੁੰਦਾ ਕਿ ਕਾਰਪੋਰੇਟ ਵਿਕਾਸ ਮਾਡਲ, ਤਾਕਤਾਂ ਦੇ ਕੇਂਦਰੀਕਰਨ ਅਤੇ ਫਿ਼ਰਕਾਪ੍ਰਸਤੀ ਖਿ਼ਲਾਫ਼ ਸੱਦਾ ਦੇਸ਼ ਅੰਦਰ ਨਵੇਂ ਸਿਆਸੀ ਸਮੀਕਰਨਾਂ ਦਾ ਸੰਕੇਤ ਹੈ।

- Advertisement -

ਮਹਾਪੰਚਾਇਤ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਨਨ ਮੌਲਾ, ਯੋਗਿੰਦਰ ਯਾਦਵ, ਸ਼ਿਵ ਕੁਮਾਰ ਸਿੰਘ ਕੱਕਾ, ਬਲਬੀਰ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚਡੂਨੀ ਅਤੇ ਹੋਰ ਆਗੂ ਸ਼ਾਮਿਲ ਹੋਏ। ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਆਗੂਆਂ ਨੂੰ ਕੇਵਲ ਇੱਕ ਨੂੰ ਇੱਕ ਇੱਕ ਮਿੰਟ ਬੋਲਣ ਦਾ ਸਮਾਂ ਦਿੱਤਾ ਗਿਆ ਸੀ।

ਮੀਡੀਆ ਰਿਪੋਰਟਾਂ ਮਤਾਬਿਕ ਪੰਜਾਬ ਦੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ। ਇਸ ਕਰਕੇ ਹੀ ਇਹ ਕਾਲੇ ਕਾਨੂੰਨ ਲਿਆਂਦੇ ਗਏ ਹਨ। ਕਿਸਾਨ ਅੰਦੋਲਨ ਦੀ ਇਖਲਾਕੀ ਤੌਰ ਉੱਤੇ ਜਿੱਤ ਹੋ ਚੁੱਕੀ ਹੈ। ਪਰ ਸਰਕਾਰ ਗੈਰ-ਇਖਲਾਕੀ ਕੰਮਾਂ ‘ਤੇ ਉਤਰੀ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਦੇਸ਼ ਦੇ ਜਿੰਨੇ ਸੂਬਿਆਂ ਵਿਚ ਫੈਲਿਆ ਅਤੇ ਜਿੰਨਾ ਲੰਬਾ ਹੋ ਰਿਹਾ ਓਨੀਆਂ ਹੀ ਭਾਜਪਾ ਦੀਆਂ ਜੜ੍ਹਾਂ ਡੂੰਘੀਆਂ ਪੁੱਟੀਆਂ ਜਾਣਗੀਆਂ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਕਿ ਸੰਭਲ ਜਾਓ ਵਰਨਾ ਮਿਟ ਜਾਓਗੇ। ਇਸੇ ਤਰ੍ਹਾਂ ਮੋਰਚਾ ਸੰਭਲਣ ਵਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਹਿਲਾਉਣ ਲਈ ਦੇਸ਼ ਵਿੱਚ ਅਜਿਹੇ ਅੰਦੋਲਨ ਚਲਾਉਣੇ ਪੈਣਗੇ। ਕਿਸਾਨ ਮੋਰਚੇ ਦੀ ਲੜਾਈ ਕੇਵਲ ਯੂ ਪੀ ਜਾਂ ਉਤਰਾਖੰਡ ਦੀ ਨਹੀਂ ਬਲਕਿ ਦੇਸ਼ ਬਚਾਉਣ ਦਾ ਟੀਚਾ ਹੈ। ਦੇਸ਼ ਬਚੇਗਾ, ਸੰਵਿਧਾਨ ਬਚੇਗਾ, ਦੇਸ਼ ਦੇ ਬੇਰੁਜ਼ਾਗਾਰ 14 ਕਰੋੜ ਨੌਜਵਾਨਾਂ ਦੇ ਮੋਢੇ ਉੱਪਰ ਇਹ ਅੰਦੋਲਨ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਇੱਕ ਇੱਕ ਚੀਜ਼ ਵੇਚੀ ਜਾ ਰਹੀ ਹੈ। ਤਿੰਨ ਖੇਤੀ ਕਨੂੰਨ ਵੀ ਉਸੇ ਦਾ ਇੱਕ ਹਿੱਸਾ ਹਨ। ਟਿਕੈਟ ਨੇ ਸਰਕਾਰ ਵਲੋਂ ਰੇਲ, ਜਹਾਜ਼ ਅਤੇ ਹਵਾਈ ਅੱਡੇ ਵੇਚੇ ਜਾਣ ਦਾ ਵੀ ਜ਼ਿਕਰ ਕੀਤਾ। ਸਰਕਾਰ ਫੇਲ੍ਹ ਹੈ ਦੇਸ਼ ਸੇਲ ਲਈ ਤਿਆਰ ਹੈ।

ਇਸੇ ਤਰ੍ਹਾਂ ਯੋਗਿੰਦਰ ਯਾਦਵ ਨੇ ਦੁਹਰਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਜਾਤੀ ਅਤੇ ਧਰਮ ਦੇ ਨਾਂ ਤੇ ਵੰਡਣ ਦੀ ਫ਼ਿਰਾਕ ਵਿੱਚ ਹੈ। ਪੰਜਾਬ ਦੇ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਦਾ ਕਹਿਣਾ ਸੀ ਕਿ ਮਿਸ਼ਨ 2024 ਤੱਕ ਚੱਲ ਸਕਦਾ ਹੈ। ਮੋਗਾ ਕਿਸਾਨ ਲਾਠੀਚਾਰਜ ਦੇ ਵਿਰੋਧ ਵਿੱਚ ਸਰਕਾਰੀ ਸੁਰੱਖਿਆ ਵਾਪਿਸ ਕਰਨ ਵਾਲੇ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਨਰਿੰਦਰ ਮੋਦੀ ਜਾਂ ਕਿਸਾਨ ਮੰਗਾਂ ਮੰਨ ਲਵੇ ਜਾਂ ਕੁਰਸੀ ਛੱਡ ਦੇਵੇ। ਮਨਜੀਤ ਸਿੰਘ ਧਨੇਰ ਦਾ ਕਹਿਣਾ ਸੀ ਕਿ ਇਕੱਠ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ। ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਦਾ ਦਾਅਵਾ ਹੈ ਕਿ ਭਾਰਤੀ ਕਿਸਾਨ ਸੰਘ ਕੇਂਦਰ ਸਰਕਾਰ ਨਾਲ ਮਿਲ ਕੇ ਸਾਜ਼ਿਸ ਰਚ ਰਿਹਾ ਹੈ। ਪੱਛਮੀ ਬੰਗਾਲ ਦੇ ਕਿਸਾਨ ਨੇਤਾ ਹਨਨ ਮੌਲਾ ਨੇ ਕਿਹਾ ਮੋਦੀ ਦੇ ਕਾਰਜਕਾਲ ਦੇ 7 ਸਾਲ ਭਾਰਤ ਦੇ ਸਭ ਤੋਂ ਮਾੜੇ ਸਾਬਿਤ ਹੋਏ। ਕਿਸਾਨ ਅੰਦੋਲਨ ਦੇ ਥਿੰਕ ਟੈਂਕ ਡਾਕਟਰ ਦਰਸ਼ਨਪਾਲ ਦਾ ਕਹਿਣਾ ਕਿ 25 ਸਤੰਬਰ ਨੂੰ ਹੋਣ ਵਾਲਾ ਭਾਰਤ ਬੰਦ ਹੁਣ 27 ਸਤੰਬਰ ਨੂੰ ਹੋਵੇਗਾ।

ਮੁਜ਼ੱਫ਼ਰਨਗਰ ਦੀ ਮਹਾਪੰਚਾਇਤ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਕਿਸਾਨ ਅਤੇ ਆਪਣੇ ਲੋਕਾਂ ਨਾਲ ਟਕਰਾਅ ਦੇ ਰਾਹ ਪੈਣ ਦੀ ਬਜਾਇ ਮਸਲੇ ਹੱਲ ਕਰਨ ਵੱਲ ਕਦਮ ਵਧਾਉਣਾ ਚਾਹੀਦਾ ਹੈ। ਲੋਕਤੰਤਰ ਵਿੱਚ ਰਾਜ ਗੱਦੀ ਸਥਿਰ ਨਹੀਂ ਹੁੰਦੀ। ਰਾਜ ਹਮੇਸ਼ਾ ਲੋਕਾਂ ਦੇ ਸਿਰ ਉਪਰ ਹੀ ਕੀਤਾ ਜਾਂਦਾ ਹੈ। ਅਵਾਮ ਨਾਲ ਟਕਰਾਅ ਦੇ ਰਾਹ ਪੈ ਕੇ ਦੋਵਾਂ ਨੂੰ ਨੁਕਸਾਨ ਝਲਣਾ ਪੈਂਦਾ ਹੈ। ਇਸ ਨੂੰ ਸੁਲਝਾਉਣਾ ਸੱਤਾ ਧਿਰ ਦਾ ਫਰਜ਼ ਹੁੰਦਾ ਹੈ। ਕੇਂਦਰ ਸਰਕਾਰ ਨੂੰ ਮਸਲੇ ਸੁਲਝਾਓਣੇ ਚਾਹੀਦੇ ਨਾ ਕਿ ਉਲਝਾਓਣੇ।

Share this Article
Leave a comment