ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਅਹਿਮ ਮੀਟਿੰਗ ਭਲਕੇ, 2 ਮੈਂਬਰਾਂ ਦੀ ਹੋਵੇਗੀ ਚੋਣ

TeamGlobalPunjab
3 Min Read

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਅਹਿਮ ਬੈਠਕ ਸੱਦੀ ਗਈ ਹੈ। ਦਿੱਲੀ ਦੇ ਰਜਿਸਟਰਡ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਨਾਮਜ਼ਦ ਮੈਂਬਰ ਚੁਣੇ ਜਾਣਗੇ। ਇਨ੍ਹਾਂ ਦੀ ਚੋਣ ਲਾਟਰੀ ਦੇ ਜ਼ਰੀਏ ਕੀਤੀ ਜਾਵੇਗੀ। ਇਸ ਲਈ ਸ਼ੁੱਕਰਵਾਰ ਨੂੰ ਗੁਰਦੁਆਰਾ ਚੋਣ ਡਾਇਰੈਕਟੋਰੇਟ ‘ਚ ਡੀਐੱਸਜੀਐੱਮਸੀ ਦੇ ਨਵੇਂ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਗਈ ਹੈ।

ਇਸ ਤੋਂ ਪਹਿਲਾਂ 9 ਸਤੰਬਰ ਨੂੰ ਨਾਮਜ਼ਦ ਮੈਂਬਰਾਂ ਦੀ ਚੋਣ ਲਈ ਨਵੇਂ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਗਈ ਸੀ। ਉਸ ਦਿਨ ਸਭ ਤੋਂ ਪਹਿਲਾਂ ਚੁਣੇ ਮੈਂਬਰਾਂ ਦੇ ਵੋਟਿੰਗ ਨਾਲ ਚੁਣੇ ਜਾਣ ਵਾਲੇ ਦੋ ਮੈਂਬਰਾਂ ਲਈ ਵੋਟਿੰਗ ਕਰਵਾਈ ਗਈ ਸੀ। ਉਸ ਤੋਂ ਬਅਦ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨਾਂ ‘ਚੋਂ ਨਾਮਜ਼ਦ ਮੈਂਬਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਕੁਝ ਮੈਂਬਰਾਂ ਦੇ ਇਤਰਾਜ਼ਾਂ ਕਾਰਨ ਬੈਠਕ ਮੁਲਤਵੀ ਕਰਨੀ ਪਈ। ਜੱਗ ਆਸਰਾ ਗੁਰੂ ਓਟ (ਜਾਗੋ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਚੁਣੇ ਮੈਂਬਰਾਂ ਨੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨਾਂ ਦੀ ਸੂਚੀ ’ਚ ਗੜਬੜੀ ਦਾ ਦੋਸ਼ ਲਾਇਆ ਸੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰ ਉਪਲੱਬਧ ਸੂਚੀ ਦੇ ਆਧਾਰ ‘ਤੇ ਲਾਟਰੀ ਕੱਢਣ ਦੀ ਮੰਗ ਕਰ ਰਹੇ ਸਨ। ਡਾਇਰੈਕਟਰ ਨੇ ਸੂਚੀ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਕੇ ਬੈਠਕ ਮੁਲਤਵੀ ਕਰ ਦਿੱਤੀ ਸੀ। ਬਾਅਦ ‘ਚ ਇਸ ਗੱਲ ਨੂੰ ਲੈ ਕੇ ਹੰਗਾਮਾ ਹੋਇਆ ਸੀ। ਡਾਇਰੈਕਟਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਖ਼ਿਲਾਫ਼ ਹਮਲਾ ਕਰਨ ਤੇ ਧਮਕੀ ਦੇਣ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਡਾਇਰੈਕਟੋਰੇਟ ਨੇ 14 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਸੀ। ਨਵੀਂ ਸੂਚੀ ‘ਚ ਕੁੱਲ 280 ਗੁਰਦੁਆਰਿਆਂ ਦੇ ਨਾਂ ਦਰਜ ਹਨ, ਜਦੋਂਕਿ ਪਿਛਲੀ ਸੂਚੀ ‘ਚ ਇਹ ਗਿਣਤੀ 282 ਸੀ। ਨਵੀਂ ਸੂਓੀ ’ਚ 16 ਗੁਰਦੁਆਰਿਆਂ ਦੇ ਨਾਂ ਅੱਗੇ ਪ੍ਰਧਾਨ ਦਾ ਨਾਂ ਨਹੀਂ ਲਿਖਿਆ ਗਿਆ ਹੈ। ਇਸ ਸੂਚੀ ਦੇ ਆਧਾਰ ‘ਤੇ ਸ਼ੁੱਕਰਵਾਰ ਨੂੰ ਦੋ ਮੈਂਬਰਾਂ ਦੀ ਚੋਣ ਹੋਵੇਗੀ।

- Advertisement -

ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰ ਐਲਾਨ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਨੁਮਾਇੰਦੇ ਨੂੰ ਵੀ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਨਾਮਜ਼ਦ ਕੀਤਾ ਸੀ, ਪਰ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਪੰਜਾਬੀ ਦਾ ਗਿਆਨ ਨਾ ਹੋਣ ਦੇ ਆਧਾਰ ‘ਤੇ ਅਯੋਗ ਐਲਾਨ ਦਿੱਤਾ ਸੀ।

Share this Article
Leave a comment