ਇਨਫਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੈਨਾ ਵੱਲੋਂ ਚੋਣਾਂ ਵਿੱਚ ਮੁੜ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ।ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਅਚਾਨਕ ਲਏ ਗਏ ਫੈਸਲੇ ਨਾਲ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਲਈ ਅਗਲੀਆਂ ਚੋਣਾਂ ਵਾਸਤੇ ਰਾਹ ਪੱਧਰਾ ਹੋ ਗਿਆ ਹੈ, ਬਸ਼ਰਤੇ ਕਾਰਨੇ ਚੋਣਾਂ ਵਿੱਚ ਲਿਬਰਲ ਪਾਰਟੀ ਵੱਲੋਂ ਹਿੱਸਾ ਲੈਣਾ ਚਾਹੁੰਦੇ ਹੋਣ।
2015 ਤੋਂ ਮੈਕੇਨਾ ਕੋਲ ਓਟਾਵਾ ਸੈਂਟਰ ਹਲਕਾ ਹੈ। ਇਸ ਹਲਕੇ ਵਿੱਚ ਹੀ ਪਾਰਲੀਆਮੈਂਟ ਹਿੱਲ ਮੌਜੂਦ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਰਨੇ ਨੇ ਚੋਣਾਂ ਵਿੱਚ ਹਿੱਸਾ ਲੈਣ ਦੀ ਵਚਨਬੱਧਤਾ ਨਹੀਂ ਸੀ ਪ੍ਰਗਟਾਈ ਪਰ ਅਪ੍ਰੈਲ ਵਿੱਚ ਲਿਬਰਲ ਪਾਰਟੀ ਦੀ ਹੋਈ ਵਰਚੂਅਲ ਕਨਵੈਂਸ਼ਨ ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਇਹ ਜ਼ਰੂਰ ਆਖਿਆ ਸੀ ਕਿ ਪਾਰਟੀ ਦੇ ਸਹਿਯੋਗ ਲਈ ਉਨ੍ਹਾਂ ਕੋਲੋਂ ਜੋ ਹੋ ਸਕੇਗਾ ਉਹ ਕਰਨਗੇ।
ਮੈਕੇਨਾ ਵੱਲੋਂ ਇੱਕ ਨਿਊਜ਼ ਕਾਨਫਰੰਸ ਕਰਕੇ ਆਪਣੇ ਇਸ ਫੈਸਲੇ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮੈਕੇਨਾ ਵੱਲੋਂ ਇਸ ਸਬੰਧ ਵਿੱਚ ਤਿਆਰ ਕੀਤੇ ਗਏ ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅੱਠ ਸਾਲ ਪਹਿਲਾਂ ਜਦੋਂ ਉਹ ਸਿਆਸਤ ਵਿੱਚ ਆਈ ਸੀ ਤਾਂ ਉਸ ਨੇ ਖੁਦ ਨਾਲ ਦੋ ਵਾਅਦੇ ਕੀਤੇ ਸਨ ਕਿ ਹਮੇਸ਼ਾਂ ਉਸ ਕਾਰਨ ਲਈ ਲੜੇਗੀ ਜਿਸ ਵਿੱਚ ਉਹ ਯਕੀਨ ਕਰਦੀ ਹੈ ਤੇ ਉਸ ਸਮੇਂ ਸਿਆਸਤ ਛੱਡ ਦੇਵੇਗੀ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦੇ ਕੰਮ ਪੂਰੇ ਹੋ ਗਏ ਹਨ।