ਮੈਕਸਿਮ ਗੋਰਕੀ : ਨਾਵਲ “ਮਾਂ” ਦੇ ਰਚੇਤਾ ਨੂੰ ਯਾਦ ਕਰਦਿਆਂ…

TeamGlobalPunjab
4 Min Read

-ਅਵਤਾਰ ਸਿੰਘ

ਮੈਕਸਿਮ ਗੋਰਕੀ ਅਲੈਕਸੀ ਪੇਸ਼ਕੋਵ ਦੀ ਮੈਕਸਿਮ ਗੋਰਕੀ ਦੇ ਨਾਂ ਹੇਠ ਪਹਿਲੀ ਵਾਰ 1892 ਵਿਚ ‘ਮਕਾਰ ਚੁਦਰਾ’ ਨਾਂ ਦੀ ਕਹਾਣੀ ਅਖ਼ਬਾਰ “ਕਵਕਾਜ਼” ਵਿਚ ਛਪੀ, ਜਿਸ ਨੂੰ “ਸਰਬ ਜੇਤੂ-ਪਿਆਰ ਦਾ ਗੀਤ” ਦੱਸਿਆ ਗਿਆ। ਉਹ ਦੇਸ ਦੇ ਤਾਲਸਤਾਏ ਤੇ ਚੈਖੋਵ ਲੇਖਕਾਂ ਤੋਂ ਬਹੁਤ ਪ੍ਰਭਾਵਤ ਸੀ। ਉਸ ਸਮੇਂ ਤੋਂ ਹੀ ਰਾਜਸੀ ਤੇ ਸਾਹਿਤਕ ਸਰਗਰਮੀਆਂ ਨਾਲ ਜੁੜ ਗਿਆ ਸੀ। ਗੋਰਕੀ (ਅਲੈਕਸੀ ਪੇਸ਼ਕੋਵ) ਦਾ ਜਨਮ 28 ਮਾਰਚ 1868 ਨੂੰ ਰੂਸ ਦੇ ਸ਼ਹਿਰ ਨੋਵਾਗੋਰਡ ਨਿਜਾਨੀ ਵਿਖੇ ਹੋਇਆ। ਉਹ ਪੰਜ ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਮਾਂ ਨਵਾਂ ਵਿਆਹ ਕਰਵਾ ਕੇ ਚਲੀ ਗਈ ਤੇ ਇਸ ਦਾ ਪਾਲਣ ਪੋਸ਼ਣ ਨਾਨਾ, ਨਾਨੀ ਨੇ ਕੀਤਾ। ਉਹ ਅੱਠ ਸਾਲ ਦਾ ਸੀ ਨਾਨੇ ਦੀ ਮੌਤ ਤੋਂ ਬਾਅਦ ਕੰਮ ਕਰਨ ਲਗ ਪਿਆ।

ਉਸਦੀ ਨਾਨੀ ਨੇ ਪੜਾਇਆ। ਬੇਹਦ ਔਕੜਾਂ ਤੇ ਥੁੜ੍ਹਾਂ ਭਰੀ ਜ਼ਿੰਦਗੀ ਬਸਰ ਕਰਨ ਦੇ ਬਾਵਜੂਦ ਉਸਨੇ ਕਦੇ ਵੀ ਇਮਾਨਦਾਰੀ ਤੇ ਦਿਆਨਤਦਾਰੀ ਦਾ ਪੱਲਾ ਨਹੀਂ ਛੱਡਿਆ। ਲਿਖਣ ਦਾ ਸ਼ੌਕ ਹੋਣ ਕਾਰਨ ਉਸਦੀ ਦੂਜੀ ਕਹਾਣੀ 1895 ਨੂੰ ‘ਚੇਲਕਾਸ਼’ ਰੂਸੀ ਰਸਾਲੇ “ਰੂਸੀ ਧੰਨ” ਵਿਚ ਛਪੀ, ਇਸ ਤੋਂ ਬਾਅਦ ‘ਲੂਣੀ ਦਲਾਲ’, ‘ਬਾਜ਼ ਦੇ ਗੀਤ’, ‘ਬੁਢੀ ਇਜ਼ਰਗੀਲ’, ‘ਅਕੇਂਵੇ ਦੇ ਮਾਰੇ’, ‘ਮਨੁੱਖ ਦਾ ਜਨਮ’ ਮਸ਼ਹੂਰ ਕਹਾਣੀਆਂ ਲਿਖੀਆਂ।1899 ਵਿਚ ਨਾਵਲ ‘ਫੋਮਾ ਗੁਰੂਦੇਵ’ ਲਿਖਿਆ। ਉਸ ਦੀਆਂ ਰਾਜਸੀ ਸਰਗਰਮੀਆਂ ਤੇ ਬਾਲਸ਼ਵਿਕ ਪਾਰਟੀ ਨਾਲ ਸਬੰਧ ਹੋਣ ਕਾਰਨ ਉਸਨੂੰ ਜਾਰਾਸ਼ਾਹੀ ਹਕੂਮਤ ਦਾ ਕਹਿਰ ਝਲਣਾ ਪਿਆ ਤੇ ਕਈ ਵਾਰ ਜੇਲ੍ਹ ਜਾਣਾ ਪਿਆ।

ਮੈਕਸਿਮ ਗੋਰਕੀ ਨੇ 1906 ਵਿਚ ਪ੍ਰਸਿਧ ਨਾਵਲ “ਮਾਂ” ਲਿਖਿਆ ਜੋ 1907 ਵਿਚ ਛਪਿਆ। ‘ਨਾਵਲ ਦੀ ਨਾਇਕਾ ਪਲੇਗਵਾ ਨਿਲਵੋਨਾ ਹੈ, ਜਿਸ ਨੇ ਆਪਣੇ ਪੁੱਤਰ ਪਾਵੇਲ ਵਾਲਸੋਵ ਨਾਲ ਮਜ਼ਦੂਰਾਂ ਨਾਲ ਕੰਮ ਕਰਨ ਸਮੇਂ ਹਰ ਸਰਗਰਮੀ ਵਿਚ ਸਾਥ ਦਿੱਤਾ ਤੇ ਪਾਰਟੀ ‘ਚ ਸਰਗਰਮ ਮੈਂਬਰ ਦਾ ਅਹਿਮ ਰੋਲ ਨਿਭਾਇਆ। ਪਾਵੇਲ ਜਾਣਦਾ ਸੀ ਸਰਮਾਏਦਾਰ ਸਮਾਜ ਨੂੰ ਬਦਲਣ ਤੋਂ ਬਿਨਾਂ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ।

- Advertisement -

‘ਨਾਵਲ ਛਪਣ ਤੋਂ ਪਹਿਲਾਂ ਉਹ ਕਾਮਰੇਡ ਲੈਨਿਨ ਨੂੰ ਮਿਲਿਆ ਤੇ ਉਸਦਾ ਦੋਸਤ ਬਣ ਗਿਆ। ਇਹ ਨਾਵਲ ਲਗਭਗ 38 ਭਾਸ਼ਾਂ ‘ਚ ਅਨੁਵਾਦ ਹੋ ਕੇ ਕਈ ਵਾਰ ਛਪਿਆ, ਲਗਭਗ 6 ਕਰੋੜ 45 ਲਖ ਤੋਂ ਵਧ ਕਾਪੀਆਂ ਵਿਕ ਚੁੱਕੀਆਂ ਹਨ। ਪੰਜਾਬੀ, ਹਿੰਦੀ, ਇੰਗਲਸ਼ ਵਿੱਚ ਛਪੇ ਨਾਵਲ ਨੂੰ ਲੋਕਾਂ ਵਾਰ ਵਾਰ ਪੜਿਆ ਤੇ ਹੁਣ ਵੀ ਪੜਦੇ ਹਨ। ਇਹ ਨਾਵਲ ਸੰਸਾਰ ਸਾਹਿਤ ਦੇ ਇਤਿਹਾਸ ਵਿਚ ਸਮਾਜਵਾਦੀ ਯਥਾਰਥਵਾਦ ਦੀ ਪਹਿਲੀ ਕਿਰਤ ਮੰਨਿਆ ਜਾਂਦਾ ਹੈ।

ਰੂਸੀ ਲੋਕ ਇਸਨੂੰ ਬਾਈਬਲ ਵਾਂਗ ਸੰਭਾਲ ਕੇ ਰੱਖਦੇ ਹਨ। ਇਟਲੀ ਦੀਆਂ ਕਹਾਣੀਆਂ, ਗੋਰਕੀ ਦੇ ਖਤ, ਜੀਵਨ ਤੇ ਸਾਹਿਤ, ਮਜ਼ਦੂਰ, ਮੇਰਾ ਬਚਪਨ ਆਦਿ ਕਿਤਾਬਾਂ ਲਿਖ ਕੇ ਛਪਵਾਈਆਂ। ਉਹ ਪਹਿਲੀ ਵਾਰ 1906 ਤੋਂ 1913 ਤਕ ਇਟਲੀ ਵਿੱਚ ਰਿਹਾ ਤੇ 1917 ਵਿਚ ਇਨਕਲਾਬ ਆਉਣ ਤੇ ‘ਨਿਉ ਲਾਈਫ’ ਮੈਗਜ਼ੀਨ ਕਢਿਆ ਜੋ ਛੇਤੀ ਬੰਦ ਹੋ ਗਿਆ। 1921 ਤੋਂ 28 ਤਕ ਯੂਰਪ ਦੇਸ਼ਾਂ ਵਿਚ ਖਾਸ ਤੌਰ ਤੇ ਇਟਲੀ ਰਿਹਾ। ਉਸਨੇ ਸੰਸਾਰ ਪੱਧਰ ਦੀਆਂ ਕਈ ਰਚਨਾਵਾਂ ਵਿਸ਼ਵ ਸਾਹਿਤ ਦੀ ਝੋਲੀ ਪਾਈਆਂ।

ਇਸ ਦੇ ਨਾਂ ‘ਤੇ ਇਕ ਸ਼ਹਿਰ ਦਾ ਨਾਂ “ਗੋਰਕੀ ਲੈਨਿਨਸਕੀ” ਰਖਿਆ ਗਿਆ, ਜਿਥੇ 18-6-1938 ਨੂੰ ਉਸਦਾ ਦੇਹਾਂਤ ਹੋਇਆ ਸੀ।1968 ਵਿਚ ਗੋਰਕੀ ਦੀ ਜਨਮ ਸ਼ਤਾਬਦੀ ਸਮੇਂ ਖੁਆਜਾ ਅਹਿਮਦ ਅਬਾਸ ਨੇ ਲਿਖਿਆ ਕਿ ਜਦ ਲੋਕਾਂ ਤੋਂ ਪੁੱਛਿਆ ਗਿਆ ਕਿ ਦੁਨੀਆ ਦੇ ਮਸ਼ਹੂਰ ਤਿੰਨ ਲੇਖਕ ਦਸੋ ਜਿਨ੍ਹਾਂ ਸਭ ਤੋਂ ਜਿਆਦਾ ਲੋਕਾਂ ਨੂੰ ਪ੍ਰਭਾਵਤ ਕੀਤਾ ਹੋਵੇ। ਵੱਖ ਵੱਖ ਚਾਰ ਕਿਸਮ ਦੇ ਉਤਰ ਮਿਲੇ। 1 ਟਾਮਸ, ਬਰਨਾਰਡ ਸ਼ਾਅ, 2  ਲਿਉ ਤਾਲਸਤਾਏ, ਹਰਬਰਟ ਵੈਲਸ,  3 ਚਾਰਲਸ ਡਿਕਨਜ਼, ਅਰਨਸਟ ਹੈਮਿੰਗਵੇ, 4 ਗਾਲਸਵਰਸੀ, ਫਰਾਂਜ ਕਾਫਕਾ। ਇਨ੍ਹਾਂ ਚਾਰਾਂ ਵਿਚ ਮੈਕਸਿਮ ਗੋਰਕੀ ਦਾ ਨਾਂ ਸ਼ਾਮਲ ਸੀ।


Share this Article
Leave a comment