ਗਣਿਤ ਹਫ਼ਤੇ ਦੌਰਾਨ ਆਨਲਾਇਨ ਵਰਕਸ਼ਾਪਾਂ ਅਤੇ ਵੈਬਨਾਰ ਦਾ ਆਯੋਜਨ
ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਹਿਮਾਚਲ ਪ੍ਰਦੇਸ਼ ਸਟੇਟ ਕੌਂਸਲ ਫ਼ਾਰ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਣ ਵਲੋਂ ਸਾਂਝੇ ਤੌਰ *ਤੇ ਗਣਿਤ ਹਫ਼ਤਾ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਆਨ ਲਾਇਨ ਵੈਬਨਾਰ ਅਤੇ ਵਰਕਸ਼ਾਪ ਵਿਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਲਗਭਗ 900 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।
ਵੈਬਨਾਰ ਵਿਚ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ ਵਾਤਾਵਰਣ, ਵਿਗਿਆਨ ਅਤੇ ਤਕਨਾਲੌਜੀ ਅਤੇ ਮੁੱਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ । ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਗਣਿਤ ਦੀ ਪੜਾਈ ਦੀ ਮ੍ਹਹਾਰਤ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ ਕਿਉਂ ਇੰਜੀਨੀਅਰਿੰਗ, ਅਰਥਸਾਸ਼ਤਰ, ਸਮਾਜਿਕ ਵਿਗਿਆਨ ਆਦਿ ਖੇਤਰਾਂ ਵਿਚ ਇਸ ਦੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਗਣਿਤ ਅਤੇ ਸਬੰਧਤ ਦੂਸਰੇ ਖੋਜ ਖੇਤਰਾਂ ਲਈ ਸਿਖਣ ਅਤੇ ਸਿਖਾਉਣ ਵਾਲੇ ਮੈਟੀਰੀਅਲ ਨੂੰ ਵਿਕਸਤ, ਇਕੱਠਾ ਅਤੇ ਲਾਗੂ ਕਰਨ ਬਾਰੇ ਜਾਣਕਾਰੀ ਦੇਣਾ ਹੈ।
ਇਸ ਮੌਕੇ ਹਿਮਾਚਲ ਸਟੇਟ ਕੌਂਸਲ ਫ਼ਾਰ ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ ਦੇ ਮੈੱਬਰ ਸਕੱਤਰ ਐਸ ਕੇ ਮੁਕਤਾ ਵਿਸ਼ੇਸ਼ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਿਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਮਨੁੱਖੀ ਵਿਕਾਸ ਵਿਚ ਗਣਿਤ ਦੀ ਮਹਹੱਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ । ਇਸ ਮੌਕੇ ਹਿਮਾਚਲ ਸਟੇਟ ਕੌਂਸਲ ਫ਼ਾਰ ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ ਸੁੰਯਕਤ ਮੈਂਬਰ ਸਕੱਤਰ ਨਿਸ਼ਾਂਤ ਠਾਕੁਰ ਨੇ ਦੱਸਿਆ ਕਿ ਅੱਜ ਦਾ ਦਿਨ ਸ੍ਰੀਨਿਵਾਸ ਰਾਮਾਨੁਜਨ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਾਨ ਗਣਿਤ ਮਾਹਿਰ ਦਾ ਗਣਿਤ ਦੇ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਕਰਕੇ ਬੱਚਿਆਂ ਵਿਚ ਗਣਿਤ ਦੀ ਸਮਝ ਅਤੇ ਦਿਲਚਸਪੀ ਪੈਦਾ ਕਰਨ ਤੇ ਕੇਂਦਰਤ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾ ਅਤੇ ਵਿਦਿਆਰਥੀਆਂ ਦੀ ਗਣਿਤ ਵਿਚ ਮੁਹਾਰਤ ਨੂੰ ਸੁਧਾਰਨ ਦੀ ਸਹਾਇਤਾ ਲਈ ਸਾਇੰਸ ਸਿਟੀ ਵਿਖੇ ਇਕ ਗਣਿਤ ਅਧਾਰਤ ਗੈਲਰੀ ਬਣਾਈ ਜਾ ਰਹੀ ਹੈ। ਇਸ ਗੈਲਰੀ ਵਿਚ ਗਣਿਤ ਦੇ ਸਿਧਾਂਤਾ ਤੇ ਅਧਾਰਤ ਹੱਥੀ ਚਲਾ ਕੇ ਦੇਖਣ ਵਾਲੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇੱਥੇ ਆਉਣ ਵਾਲੇ ਸੈਲਾਨੀ ਇਹਨਾਂ ਪ੍ਰਦਰਸ਼ਨੀਆਂ ਨੂੰ ਖੁਦ ਚਲਾ ਕੇ ਗਣਿਤ ਦੇ ਸਿੱਧਾਂਤਾਂ ਨੂੰ ਸਮਝਣਗੇ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰ ਸਰਕਾਰ ਦੇ ਮੁਨੱਖੀ ਸਰੋਤ ਵਿਕਾਸ ਵਿਭਾਗ ਵਲੋਂ ਗਣਿਤ ਯੋਗਤਾ ਮੁਲਾਕਣ ਪੱਧਰ ਲਈ ਕਰਵਾਏ ਗਏ ਕੌਮੀ ਪ੍ਰਾਪਤੀ ਸਰਵੇਅ ਦੇ ਮੁਤਾਬਿਕ ਪੰਜਵੀਂ ਕਲਾਸ ਦੇ ਸਿਰਫ਼ 44 ਫ਼ੀਸਦੀ ਅਤੇ ਅਠੱਵੀਂ ਦੇ ਸਿਰਫ਼ 32 ਫ਼ੀਸਦੀ ਵਿਦਿਆਰਥੀ ਹੀ ਸਹੀ ਜਵਾਬ ਦੇ ਸਕੇ ਹਨ। ਇਸ ਤਰ੍ਹਾਂ ਗਣਿਤ ਦੀ ਸਿੱਖਿਆ ਵਿਚ ਗੈਰ-ਰਵਾਇਤੀ ਤਰੀਕਿਆਂ ਦੀ ਵਰਤੋਂ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਅਜਿਹੀ ਸਿੱਖਿਆ ਬੱਚਿਆਂ ਨੂੰ ਜਿੱਥੇ ਗਣਿਤ ਦੇ ਸਿਧਾਂਤਾਂ ਦੀ ਸਮਝ ਦਿੰਦੀ ਉੱਥੇ ਹੀ ਗਣਿਤ ਪ੍ਰਤੀ ਬੱਚਿਆਂ ਵਿਚ ਪਾਈ ਬੇਰੁਖੀ ਅਤੇ ਚਿੰਤਾ ਨੂੰ ਵੀ ਦੂਰ ਕਰਦੀ ਹੈ।
ਇਸ ਮੌਕੇ ਆਈਸ਼ਰ ਮੋਹਾਲੀ ਦੇ ਗਣਿਤ ਵਿਭਾਗ ਦੇ ਮੁੱਖੀ ਡਾ. ਅਮਿਤ ਕੁਲਸ਼ਰੇਤਾ ਨੇ ਬੱਚਿਆਂ ਨੂੰ ਗਣਿਤ ਦੀਆਂ ਬਰੀਕਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਗਣਿਤ ਸਿਰਫ਼ ਗਿਣਤੀ ਮਿਣਤੀ ਹੀ ਨਹੀਂ ਸਗੋਂ ਇਸ ਦਾ ਸਬੰਧ ਪੈਟਰਨ, ਫ਼ਾਰਮੁੱਲੇ ਅਤੇ ਵਿਗਿਆਨ ਵਿਚ ਕੰਮ ਆਉਣ ਫ਼ਕਸ਼ਨ ਨਾਲ ਵੀ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਲੈਕਚਰਾਰ ਡਾ. ਜ਼ਸਵਿੰਦਰ ਸਿੰਘ ਨੇ ਵਰਕਸ਼ਾਪ ਦੌਰਾਨ ਗਣਿਤ ਸਿਖਾਉਣ ਦੀਆਂ ਕਿੱਟਾਂ ਰਾਹੀਂ ਪ੍ਰਯੋਗ ਕਰਕੇ ਬੱਚਿਆਂ ਨੂੰ ਗਣਿਤ ਦੇ ਪ੍ਰੈਕਟੀਕਲ ਗਿਆਨ ਨਾਲ ਜੋੜਿਆ। ਇਸ ਮੌਕੇ ਸਾਇੰਸ ਸਿਟੀ ਦੇ ਖਗੋਲ ਮਾਹਿਰ ਅਕਾਸ਼ਦੀਪ ਸਿੰਘ ਨੇ ਬੱਚਿਆਂ ਨੂ 21 ਦਸੰਬਰ ਨੂੰ ਹੋਏ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿਅ ਦੇ ਸੁਮੇਲ ਬਾਰੇ ਬੱਚਿਆਂ ਨੂੰ ਵਿਸ਼ਥਾਰਤ ਜਾਣਕਾਰੀ ਵੀ ਦਿੱਤੀ।