PCA ਦੇ ਉੱਦਮ ਸਦਕਾ ਸਹਾਇਤਾ ਲਈ ਹੋਏ ਫੰਡ ਰੇਜ ਨੂੰ ਫਰਿਜ਼ਨੋ ਵਿਖੇ ਵੱਡਾ ਹੁੰਗਾਰਾ

Rajneet Kaur
3 Min Read
ਫਰਿਜ਼ਨੋ  (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਸਹਾਇਤਾ” ਸੰਸਥਾ ਵੱਲੋਂ ਦੀਨ ਦੁਖੀਆਂ ਦੀ ਮੱਦਦ ਲਈ ਪੰਜਾਬ ਭਰ ਵਿੱਚ ਉਪਰਾਲੇ ਵਿੱਢੇ ਗਏ ਹਨ। ਆਪਣੇਂ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁਨ ਦਾਨੀਂ ਸੱਜਣਾ ਤੱਕ ਪਹੁੰਚ ਬਣਾਉਣ ਲਈ ਪੂਰੇ ਕੈਲੇਫੋਰਨੀਆਂ ਵਿੱਚ ਫੰਡ ਰੇਜ ਕਰ ਰਹੇ ਹਨ। ਇਸ ਕੜੀ ਤਹਿਤ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਉੱਦਮ ਸਦਕਾ ਸੈਂਟਰਲਵੈਲੀ ਦੇ ਸੋਹਣੇ ਸ਼ਹਿਰ ਫਰਿਜ਼ਨੋ ਦੇ ਇੰਡੀਆ ਕਬਾਬ ਪੈਲਿਸ ਰੈਸਟੋਰਿੰਟ ਵਿੱਚ ‘ਸਹਾਇਤਾ ਨਾਈਟ’ ਪ੍ਰੋਗ੍ਰਾਮ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਦਾਨੀ ਸੱਜਣਾਂ ਨੇ ਪਹੁੰਚਕੇ ਦਸਵੰਧ ਕੱਢਿਆ।
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਸਹਾਇਤਾ” ਸੰਸਥਾ 2005 ਤੋਂ ਦੀਨ ਦੁਖੀਆਂ ਦੀ ਮੱਦਦ ਲਈ ਹਰ ਟਾਈਮ ਹਾਜ਼ਿਰ ਰਹਿੰਦੀ ਹੈ। ਆਪਣੇਂ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁਨ ਦਾਨੀਂ ਸੱਜਣਾ ਤੇ ਨਿਰਭਰ ਕਰਦੇ ਹਨ।ਪਿਛਲੇ 6 ਸਾਲ ਤੋ ਲਗਾਤਾਰ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਫਰਿਜ਼ਨੋ ਏਰੀਏ ਵਿੱਚ ਸਹਾਇਤਾ ਸੰਸਥਾ ਲਈ ਸਲਾਨਾਂ ਫੰਡ ਰੇਜ਼ ਕਰਦੀ  ਆ ਰਹੀ  ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਹਾਇਤਾ ਪੰਜਾਬ ਦੇ ਨਾਲ-ਨਾਲ ਰਾਜਸਥਾਨ ਅਲਵਰ ਦੇ ਸ਼ਿਗਲੀਗਰ ਪਰਿਵਾਰਾ ਲਈ ਵੀ ਮੱਦਦ ਕਰ ਰਹੀ ਹੈ।
ਹਿਮਾਚਲ ਪ੍ਰੇਦਸ਼ ਤੋ ਲੈਕੇ ਦਿੱਲੀ ਦੇ ਸਲੰਮ ਸਕੂਲਾਂ ਵੱਲ ਵੀ ਧਿਆਨ ਦੇ ਰਹੀ ਹੈ। ਅਮਰੀਕਾ ਕੈਨੇਡਾ ਵਿੱਚ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਅਤੇ ਮੈਂਟਲ ਹੈਲਥ ਆਦਿ ਦਿਕਤਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਵੀ ਕੈਂਪ ਲਾਉਂਦੀ ਆ ਰਹੀ ਹੈ। ਫਰਿਜ਼ਨੋ ਵਾਲੇ ਪ੍ਰੋਗਰਾਮ ਵਿੱਚ ਪੀਸੀਏ ਮੈਂਬਰ ਮਿੱਕੀ ਸਰਾਂ ਨੇ ਵੀ ਉਚੇਚੇ ਤੌਰ ਤੇ ਬੇ-ਏਰੀਏ ਤੋ ਚੱਲਕੇ ਹਾਜ਼ਰੀ ਭਰੀ। ਪੀਸੀਏ ਮੈਂਬਰਾਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਅੰਮ੍ਰਿਤ ਧਾਲੀਵਾਲ ਨੇ ਸਹਾਇਤਾ ਵੱਲੋ ਚਲਾਏ ਜਾ ਰਹੇ ਲੋਕਲ ਕੰਮਾਂ ਕਾਰਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ ਗਿਆ।
ਪੀਸੀਏ ਮੈਂਬਰ ਸੁਖਬੀਰ ਭੰਡਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਤੇ ਇੱਕ ਕਵਿੱਤਾ ਨਾਲ ਹਾਜ਼ਰੀ ਲਵਾਈ। ਡਾਕਟਰ ਹਰਕੇਸ਼ ਸੰਧੂ ਦੀ ਜੁਬਾਨੀ ਸਹਾਇਤਾ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਦਾਸਤਾਨ ਸੁਣਕੇ ਹਰ ਅੱਖ ਨੰਮ ਹੋ ਗਈ। ਗਾਇਕ ਪੱਪੀ ਭਦੌੜ ਅਤੇ ਗੋਗੀ ਸੰਧੂ ਨੇ ਆਪਣੀ ਮਿਆਰੀ ਗਾਇਕੀ ਰਾਹੀ ਚੰਗਾ ਸਮਾਂ ਬੰਨਿਆ। ਛੋਟੀਆਂ ਬੱਚੀਆਂ ਸਿਮਰਨ ਤੇ ਅੰਮ੍ਰਿਤ ਦੇ ਭੰਗੜੇ ਨੇ ਪੂਰੇ ਪੰਡਾਲ ਨੂੰ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਇਸ ਮੌਕੇ ਪੀਸੀਏ ਵੱਲੋਂ ਸਿਮਰਨ, ਅੰਮ੍ਰਿਤ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਗਿਆ।
ਪੀਸੀਏ ਵੱਲੋਂ ਪੱਤਰਕਾਰ ਨੀਟਾ ਮਾਛੀਕੇ, ਗਾਇਕ ਪੱਪੀ ਭਦੌੜ ਅਤੇ ਗਾਇਕ ਗੋਗੀ ਸੰਧੂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਚਿੰਨ ਦੇਕੇ ਨਿਵਾਜਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਦਾਨੀ ਸੱਜਣਾਂ ਦਾ ਪੀਸੀਏ ਵੱਲੋ ਧੰਨਵਾਦ ਕੀਤਾ ਗਿਆ। ਅੰਤ ਇੰਡੀਆ ਕਬਾਬ ਦੇ ਸੁਆਦਿਸ਼ਟ ਖਾਣੇ ਨਾਲ ਇਹ ਪ੍ਰੋਗਰਾਮ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿੱਬੜਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment