ਗ਼ਦਰ ਲਹਿਰ ਦੇ ਫੌਜੀਆਂ ਦੀ ਸ਼ਹਾਦਤ

TeamGlobalPunjab
4 Min Read

-ਅਵਤਾਰ ਸਿੰਘ

2 ਮਾਰਚ 1915 ਨੂੰ ਸਿੰਗਾਪੁਰ ਵਿੱਚ ਗਦਰ ਲਹਿਰ ਦੇ ਫੌਜੀਆਂ ਦੀ ਸ਼ਹਾਦਤ ਦਾ ਦਿਨ ਹੈ। ਦੇਸ਼ ਦੀ ਆਜ਼ਾਦੀ ਵਾਸਤੇ ਚੱਲੀ ਗਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ‘ਤੇ ਪਿਆ। ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗਦਰੀ ਬਾਬੇ ਹਿੰਦ ਨੂੰ ਆਉਣ ਲੱਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਉਥੇ ਵਸਦੇ ਭਾਰਤੀਆਂ ਤੇ ਉਥੇ ਆਉਂਦੇ ਫੌਜੀਆਂ ਨੂੰ ਗਦਰ ਕਰਨ ਲਈ ਪ੍ਰੇਰਦੇ।ਉਥੇ ਮੁਸਲਮਾਨਾਂ ਦੀਆਂ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਤੇ ਮਲਾਇਆ ਰਿਆਸਤੀ ਗਾਇਡ ਨਾਮੀ ਪਲਟਨਾਂ ਤਾਇਨਾਤ ਸਨ।

ਇਨ੍ਹਾਂ ਤੋਂ ਇਲਾਵਾ 36ਵੀਂ ਸਿੱਖ ਬਟਾਲੀਅਨ ਦੀ ਇਕ ਟੁਕੜੀ, ਤੋਪਖਾਨੇ ਦੀਆਂ ਕੁਝ ਟੁੱਕੜੀਆਂ, ਇਕ ਗੋਰਾ ਪਲਟਨ ਤੇ ਸਿੰਘਾਪੁਰ ਦੇ ਗੋਰਿਆਂ ਦੀ ਇਕ ਵੰਲਟੀਅਰ ਕੋਰ ਸੀ। ਇਹਨਾਂ ਪਲਟਨਾਂ ਵਿੱਚ ਚੇਤ ਸਿੰਘ, ਤਰਲੋਕ ਸਿੰਘ, ਸੁੰਦਰ ਸਿੰਘ ਤੇ ਹਰਨਾਮ ਸਿੰਘ ਗਦਰ ਅਖ਼ਬਾਰ ਤੇ ਹੋਰ ਸਾਹਿਤ ਵੰਡਦੇ ਸਨ।
ਉਥੇ ਵਿਦਰੋਹ ਨੂੰ ਵੇਖਦਿਆਂ ਮਲਾਇਆ ਰਿਆਸਤੀ ਗਾਇਡ ਪਲਟਨ ਨੂੰ ਪੀਨਾਂਗ ਬਦਲ ਦਿੱਤਾ ਤੇ 36ਵੀਂ ਸਿੱਖ ਪਲਟਨ ਤੋਂ ਹਥਿਆਰ ਰਖਵਾ ਲਏ ਗਏ।ਇਸ ਦੇ ਬਾਵਜੂਦ ਪੰਜਵੀਂ ਲਾਈਟ ਪਲਟਨ ਦੇ ਜੁਝਾਰੂਆਂ ਨੇ ਫੈਸਲਾ ਕੀਤਾ ਕਿ 15 ਫਰਵਰੀ,1915 ਦੀ ਸ਼ਾਮ ਨੂੰ ਜਦ ਅਫਸਰਾਂ ਨੇ ਖਾਣੇ ਲਈ ਮੇਜ਼ ‘ਤੇ ਬੈਠਣਾ ਹੈ ਉਸ ਵੇਲੇ ਬਗਾਵਤ ਕਰਨੀ ਹੈ।

ਅਚਾਨਕ ਉਨ੍ਹਾਂ ਨੂੰ 15 ਫਰਵਰੀ ਦੀ ਸਵੇਰ ਵੇਲੇ ਅਗਲੇ ਦਿਨ 16 ਨੂੰ ਹਾਂਗਕਾਂਗ ਜਾਣ ਦਾ ਹੁਕਮ ਸੁਣਾ ਦਿੱਤਾ, ਸ਼ਾਮ ਤੱਕ ਹਥਿਆਰ ਜਮ੍ਹਾਂ ਕਰਾਵਾਉਣ ਲਈ ਕਿਹਾ ਗਿਆ।ਦੁਪਹਿਰ ਸਮੇਂ ਜਦ ਉਹ ਅਸਲਾ ਜਮ੍ਹਾਂ ਕਰ ਰਹੇ ਸਨ ਤਾਂ ਮੌਕਾ ਵੇਖ ਕੇ ਉਨ੍ਹਾਂ ਅੰਗਰੇਜ਼ ਅਫਸਰ ਨੂੰ ਗੋਲੀ ਮਾਰ ਦਿੱਤੀ। ਫਿਰ ਹੋਈ ਇਸ ਬਗਾਵਤ ਵਿੱਚ ਅੱਠ ਅੰਗਰੇਜ਼ ਅਫਸਰ, ਨੌਂ ਫੌਜੀ, ਇਕ ਔਰਤ ਤੇ 16 ਸ਼ਹਿਰੀ ਮਾਰੇ ਗਏ, ਬੈਰਕ ‘ਤੇ ਕਬਜ਼ਾ ਕਰ ਲਿਆ।

17 ਨੂੰ ਅੰਗਰੇਜ਼ਾਂ ਦਾ ਹੋਰ ਜੰਗੀ ਜ਼ਹਾਜ ਪਹੁੰਚ ਗਿਆ ਜਿਸ ਦੇ ਸਿਪਾਹੀਆਂ ਨੇ ਸ਼ਾਮ ਤਕ 422 ਬਾਗੀ ਗ੍ਰਿਫ਼ਤਾਰ ਕਰ ਲਏ। 2 ਮਾਰਚ 1915 ਨੂੰ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਦੇ ਫੌਜੀਆਂ ਹਵਾਲਦਾਰ ਸੁਲੈਮਾਨ, ਕਸੂਲਾ, ਰੁਕਨਦੀਨ, ਇਮਤਿਆਜ਼ ਅਲੀ, ਲੈਸ ਨਾਇਕ ਅਬਦੁਲ ਹਜਾਰ ਤੇ ਕੁਝ ਹੋਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ।

ਫੜੇ ਗਏ ਕੁੱਲ ਬਾਗੀਆਂ ਵਿੱਚੋਂ 41 ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ। 125 ਨੂੰ ਕੈਦ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ।ਇਸ ਬਗਾਵਤ ਦਾ ਪੰਜਾਬ ਵਿਚਲੇ ਗਦਰ ਕਰਨ ਨਾਲ ਕੋਈ ਸਬੰਧ ਨਹੀਂ ਸੀ। ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਦਾ ਪਿੰਡ (ਜੋ ਹੁਣ ਲੁਧਿਆਣਾ ਸ਼ਹਿਰ ਦਾ ਇਕ ਹਿੱਸਾ ਹੈ) ਦੇ ਰਹਿਣ ਵਾਲੇ ਸਨ।ਉਨ੍ਹਾਂ ਨੂੰ ਗ਼ਦਰ ਸਾਜਿਸ਼ ਕੇਸ ਹੇਠ ਕੈਦ ਕਰ ਕੇ ਅੰਡੇਮਾਨ ਜੇਲ੍ਹ ਵਿੱਚ ਭੇਜਿਆ ਗਿਆ ਸੀ। ਭਾਨ ਸਿੰਘ ਜੇਲ੍ਹ ਵਿਚ ਵੀ ਖਾੜਕੂ ਸੁਭਾਅ ਦਾ ਇਜ਼ਹਾਰ ਕਰਦੇ ਰਹਿੰਦੇ ਸਨ।ਉਹ ਜੇਲ੍ਹ ਦੇ ਅਫ਼ਸਰਾਂ ਨਾਲ ਖੜਕ ਕੇ ਗੱਲ ਕਰਿਆ ਕਰਦੇ ਸਨ ਤੇ ਇੱਟ ਦਾ ਜਵਾਬ ਪੱਥਰ ਨਾਲ ਦਿਆ ਕਰਦੇ ਸਨ।

ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਅਕਸਰ ਸਖ਼ਤ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਸਨ ਜਿਸ ਵਿੱਚ ਡੰਡਾ ਬੇੜੀ, ਘੱਟ ਖੁਰਾਕ ਅਤੇ ਇਕੱਲਿਆਂ ਨੂੰ ਕੋਠੜੀ ਵਿਚ ਬੰਦ ਕਰ ਦੇਣਾ ਵੀ ਸ਼ਾਮਲ ਸਨ। ਉਹ ਐਨੇ ਜ਼ਿੱਦੀ ਸੀ ਕਿ ਸਵੇਰੇ ਜਦ ਪਰੇਡ ਵਾਸਤੇ ਬੁਲਾਇਆ ਜਾਂਦਾ ਸੀ ਤਾਂ ਉਹ ਉਠਦੇ ਹੀ ਨਹੀਂ ਸੀ।ਨਤੀਜੇ ਵਜੋਂ ਉਨ੍ਹਾਂ ਨੂੰ ਦਿਨ ਵੇਲੇ ਹੀ ਮੰਜੇ ਨਾਲ ਹੱਥਕੜੀ ਲਾਉਣ ਦੀ ਸਜ਼ਾ ਮਿਲਦੀ ਰਹਿੰਦੀ ਸੀ।

ਇਸ ਸਾਰੇ ਨਾਲ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਉਨ੍ਹਾਂ ਨਾਲ ਹਮਦਰਦੀ ਵਜੋਂ 29 ਹੋਰ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ | ਇਨ੍ਹਾਂ ਭੁੱਖ ਹੜਤਾਲੀਆਂ ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ, ਸੋਹਨ ਸਿੰਘ ਭਕਨਾ, ਨਿਧਾਨ ਸਿੰਘ ਚੁੱਘਾ ਤੇ ਰੂੜ੍ਹ ਸਿੰਘ ਚੂਹੜਚੱਕ ਵੀ ਸ਼ਾਮਲ ਸਨ। ਅਖ਼ੀਰ ਦੇਸ਼ ਭਗਤ ਬਾਬਾ ਭਾਨ ਸਿੰਘ ਸਨੇਤ ਜੇਲ੍ਹ ਵਿੱਚ ਤਸੀਹਿਆਂ ਅਤੇ ਮਾੜੀ ਖੁਰਾਕ ਕਾਰਨ 2 ਮਾਰਚ,1918 ਉਨ੍ਹਾਂ ਦਾ ਦੇਹਾਂਤ ਹੋ ਗਿਆ।

Share This Article
Leave a Comment