ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ

TeamGlobalPunjab
4 Min Read

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਦੀ ਤਰਫੋਂ ਦਿੱਤੀ ਸ਼ਰਧਾਂਜਲੀ

ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪੈ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਜਲਦ ਦੇਣ ਦਾ ਐਲਾਨ

ਸਪੀਕਰ ਲੋਕ ਸਭਾ, ਰਾਜਪਾਲ ਪੰਜਾਬ ਤੇ ਉਪ ਮੁੱਖ ਮੰਤਰੀ ਸੋਨੀ ਵਲੋਂ ਵੀ ਸ਼ਰਧਾ ਦੇ ਫੁੱਲ ਭੇਂਟ

ਕਪੂਰਥਲਾ-ਭੁਲੱਥ : ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਾਨਾ ਤਲਵੰਡੀ ਵਿਖੇ ਪੂਰੇ ਮਿਲਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਹੋਇਆ। ਸ਼ਹੀਦ ਦੀ ਚਿਖਾ ਨੂੰ ਅਗਨੀ ਸ਼ਹੀਦ ਦੇ 13 ਸਾਲਾ ਪੁੱਤਰ ਵਿਕਰਮਜੀਤ ਸਿੰਘ ਨੇ ਦਿੱਤੀ।

- Advertisement -

ਸ਼ਹੀਦ ਜਸਵਿੰਦਰ ਸਿੰਘ ਜੋ ਕਿ ਬਹਾਦੁਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਸੀ, ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਖੇ ਘਾਤ ਲਗਾਕੇ ਕੀਤੇ ਇਕ ਅੱਤਵਾਦੀ ਹਮਲੇ ਵਿਚ ਸ਼ਹਾਦਤ ਪਾ ਗਏ ਸਨ।

 

 

 

- Advertisement -

ਅੱਜ ਸਵੇਰੇ ਭਾਰਤੀ ਫੌਜ ਵਲੋਂ ਉੁਨ੍ਹਾਂ ਦੀ ਮ੍ਰਿਤਕ ਦੇਹ ਪੂਰੇ ਫੌਜੀ ਸਨਮਾਨਾਂ ਨਾਲ ਪਿੰਡ ਮਾਨਾ ਤਲਵੰਡੀ ਵਿਖੇ ਲਿਆਂਦੀ ਗਈ, ਜਿਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਪ੍ਰਸ਼ਾਸਕੀ , ਪੁਲਿਸ ਅਤੇ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਹੀਦ ਜਸਵਿੰਦਰ ਸਿੰਘ ਦੀ ਸ਼ਹਾਦਤ ਨੂੰ ਨਮਨ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਰਫੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਪੀਕਰ ਲੋਕ ਸਭਾ ਓਮ ਬਿਰਲਾ ਦੀ ਤਰਫੋਂ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਦੀ ਤਰਫੋਂ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ,ਪੰਜਾਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਜਿਨ੍ਹਾਂ ਕੋਲ ਡਿਫੈਂਸ ਸਰਵਿਸਸ ਦਾ ਵੀ ਚਾਰਜ਼ ਹੈ, ਦੀ ਤਰਫੋਂ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕਰਨਲ ਦਲਵਿੰਦਰ ਸਿੰਘ ਨੇ ਸ਼ਹੀਦ ਜਸਵਿੰਦਰ ਸਿੰਘ ਨੂੰ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

 

 

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭੇਜਿਆ ਸ਼ੋਕ ਸੁਨੇਹਾ ਉਨ੍ਹਾਂ ਦੀ ਪਤਨੀ ਨੂੰ ਸੌਂਪਿਆ।

 

 

ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ‘ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਅਨੁਸਾਰ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਸਾਰੀ ਪ੍ਰਸ਼ਾਸ਼ਕੀ ਕਾਰਵਾਈ ਬਹੁਤ ਜਲਦ ਮੁਕੰਮਲ ਕਰ ਲਈ ਜਾਵੇਗੀ।

ਉਨ੍ਹਾਂ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਜਸਵਿੰਦਰ ਸਿੰਘ ਨੂੰ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾ ਕਰਾਰ ਦਿੰਦਿਆਂ ਕਿਹਾ ਕਿ ‘ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸੁਰੱਖਿਆ ਲਈ ਕੁਰਬਾਨ ਹੋਣ ਦੀ ਗੁੜ੍ਹਤੀ ਵਿਰਾਸਤ ਵਿਚੋਂ ਮਿਲੀ ਹੈ ਅਤੇ ਪੰਜਾਬ ਦੇ ਸੂਰਬੀਰਾਂ ਨੇ ਹਮੇਸ਼ਾ ਮੋਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਨ।

ਇਸ ਮੌਕੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕੱਲਣ,ਐਸ.ਡੀ.ਐਮ ਡਾ. ਜੈ ਇੰਦਰ ਸਿੰਘ,ਐਸ.ਪੀ ਸਮੀਰ ਕੌਸ਼ਿਕ ਤੋਂ ਇਲਾਵਾ 4 ਮੈਕ ਇੰਨਫੈਂਟਰੀ (ਫਸਟ ਸਿਖ) ਜੋ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਰਜਿਮੈਂਟ ਸੀ, ਦੇ ਅਧਿਕਾਰੀਆਂ, ਡਿਫੈਂਸ ਸਰਵਿਸਸ,ਪੰਜਾਬ ਸਰਕਾਰ ਦੇ ਅਧਿਕਾਰੀਆਂ,ਭਾਰਤੀ ਫੌਜ ਦੇ ਅਧਿਕਾਰੀਆਂ, ਸਾਬਕਾ ਸੈਨਿਕਾਂ , ਸ਼ਹੀਦ ਜਸਵਿੰਦਰ ਸਿੰਘ ਦੀ ਧੀ, ਪੁੱਤਰ ਨੇ ਵੀ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਭਾਰਤੀ ਫੌਜ ਦੇ ਜਵਾਨਾਂ ਵਲੋਂ ਹਵਾਈ ਫਾਇਰ ਕਰਕੇ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਵਰਦੀ ਅਤੇ ਤਿਰੰਗਾ ਸ਼ਹੀਦ ਜਸਵਿੰਦਰ ਦੇ ਪਰਿਵਾਰ ਨੂੰ ਸੌਂਪਿਆ ਗਿਆ।

ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਪ੍ਰਸ਼ਾਸ਼ਕੀ ਅਧਿਕਾਰੀ, ਧਾਰਮਿਕ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Share this Article
Leave a comment